ਪੰਨਾ:First Love and Punin and Babúrin.djvu/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

89

ਜਿਉਂ ਹੀ ਸੂਰਜ ਚੜ੍ਹਿਆ, ਲਿਸ਼ਕਣਾ ਘੱਟ ਗਿਆ; ਲਿਸ਼ਕਾਰਿਆਂ ਵਿੱਚ ਵਕਫ਼ੇ ਵੱਡੇ ਹੋਰ ਵੱਡੇ ਹੁੰਦੇ ਗਏ, ਅਤੇ ਫਿਰ ਪੂਰੇ ਦਿਨ ਦੀ ਰੋਸ਼ਨੀ ਦੇ ਹੜ੍ਹ ਵਿੱਚ ਪੂਰੀ ਤਰ੍ਹਾਂ ਗਾਇਬ ਹੋ ਗਏ। ਮੇਰੀ ਛਾਤੀ ਦੇ ਅੰਦਰਲੇ ਲਿਸ਼ਕਾਰੇ ਵੀ ਬੰਦ ਹੋ ਗਏ। ਭਾਰੀ ਥਕਾਵਟ ਅਤੇ ਬੜੀ ਸ਼ਾਂਤੀ ਮਹਿਸੂਸ ਹੋਈ; ਪਰ ਜ਼ਿਨੈਦਾ ਦੀ ਤਸਵੀਰ ਮੇਰੀ ਰੂਹ ਤੇ ਛਾਈ ਰਹੀ। ਪਰ ਇਹ ਤਸਵੀਰ ਹੋਰ ਵੀ ਵੱਧ ਸ਼ਾਂਤ ਸੀ। ਜਿਵੇਂ ਹੰਸ ਦਲਦਲ ਦੀ ਜੰਗਲੀ ਬੂਟੀ ਤੋਂ ਦੂਰ ਉੱਡਦਾ ਜਾਂਦਾ ਹੈ, ਉਸੇ ਤਰ੍ਹਾਂ ਉਸ ਦੀ ਤਸਵੀਰ ਆਪਣੇ ਆਲੇ ਦੁਆਲੇ ਦੇ ਰੁੱਖੇ ਨਿੱਕਸੁੱਕ ਤੋਂ ਨਿਰੋਲ ਅੱਡ ਹੋ ਗਈ ਸੀ ਅਤੇ ਜਦੋਂ ਮੈਂ ਸੌਣ ਲੱਗਿਆ ਤਾਂ ਮੈਂ ਉਸ ਨੂੰ ਯਕੀਨ ਅਤੇ ਪ੍ਰਸ਼ੰਸਾ ਦੇ ਲਹਿਜੇ ਵਿੱਚ ਅਲਵਿਦਾ ਕਹਿਣ ਲਈ ਉਸ ਵੱਲ ਹੋਇਆ।

ਹੇ, ਕੋਮਲ ਭਾਵਨਾਵੋ ਅਤੇ ਸੋਹਲ ਧੁਨੀਓ, ਪੰਘਰੇ ਹੋਏ ਦਿਲ ਦੀ ਤਰਲਤਾ ਅਤੇ ਸੰਤੁਸ਼ਟੀ, ਪਿਆਰ ਦੇ ਪਹਿਲੇ ਵਲਵਲਿਆਂ ਦਾ ਗੁਪਤ ਆਨੰਦ, ਤੁਸੀਂ ਹੁਣ ਕਿੱਥੇ ਹੋ, ਤੁਸੀਂ ਕਿੱਥੇ ਹੋ?


VIII

ਅਗਲੀ ਸਵੇਰ ਨਾਸ਼ਤੇ ਵੇਲੇ ਮੇਰੀ ਮਾਂ ਨੇ ਮੈਨੂੰ ਝਿੜਕਿਆ - ਓਨਾ ਜਿਆਦਾ ਨਹੀਂ, ਇਹ ਸੱਚ ਹੈ, ਜਿੰਨਾ ਮੈਨੂੰ ਡਰ ਸੀ - ਅਤੇ ਮੈਥੋਂ ਸਭ ਪੁੱਛ ਗਿਆ ਕਿ ਮੈਂ ਪਿਛਲੇ ਸ਼ਾਮ ਕਿਵੇਂ ਬਿਤਾਈ ਸੀ। ਮੈਂ ਸੰਖੇਪ ਵਿੱਚ ਜਵਾਬ ਦਿੱਤਾ, ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਛੱਡ ਦਿੱਤਾ, ਅਤੇ ਮਨੋਰੰਜਨ ਨੂੰ ਹਾਨੀਰਹਿਤ ਰੰਗ ਦੇਣ ਲਈ ਮੇਰੀ ਪੂਰੀ ਕੋਸ਼ਿਸ਼ ਕੀਤੀ।

"ਕੁਝ ਵੀ ਹੋਵੇ," ਮੇਰੀ ਮਾਂ ਨੇ ਕਿਹਾ, "ਉਹ ਵਧੀਆ ਲੋਕ ਨਹੀਂ ਹਨ, ਅਤੇ ਤੇਰੇ ਲਈ ਬਹੁਤ ਚੰਗਾ ਹੈ ਕਿ ਤੂੰ ਉਨ੍ਹਾਂ ਮਗਰ ਭੱਜਣ ਦੀ ਬਜਾਏ ਪੜ੍ਹਾਈ ਕਰੇਂ ਅਤੇ ਆਪਣੇ ਇਮਤਿਹਾਨ ਦੀ ਤਿਆਰੀ ਕਰੇਂ।"