ਪੰਨਾ:First Love and Punin and Babúrin.djvu/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

103

ਘੱਟੋ ਘੱਟ ਡਾਕਟਰ ਲੂਸ਼ਿਨ ਨੇ ਮੈਨੂੰ ਛੇਤੀ ਹੀ ਮੈਨੂੰ ਲੱਭ ਲਿਆ। ਉਹ ਵੀ ਪਿੱਛੇ ਜਿਹੇ ਤੋਂ ਬਦਲ ਗਿਆ ਸੀ। ਉਹ ਪਤਲਾ ਹੋ ਗਿਆ ਸੀ। ਉਹ ਅਕਸਰ ਪਹਿਲਾਂ ਵਾਂਗ ਹੀ ਹੱਸਦਾ ਸੀ, ਲੇਕਿਨ ਉਸ ਦਾ ਹਾਸਾ, ਕਹਿ ਲਓ ਰੁੱਖਾ, ਡੂੰਘੇਰਾ, ਅਤੇ ਵਧੇਰੇ ਵਿਅੰਗਮਈ ਹੋ ਗਿਆ ਸੀ। ਅਤੇ ਆਪਮੁਹਾਰੀ ਘਾਬਰੀ ਉਤੇਜਨਾ ਨੇ ਉਸ ਦੇ ਪਹਿਲਾਂ ਵਾਲੇ ਹਲਕੇ ਵਿਅੰਗ ਅਤੇ ਸਨਕੀਪੁਣੇ ਦੀ ਜਗ੍ਹਾ ਲੈ ਲਈ ਸੀ।

ਇਕ ਦਿਨ ਜਦੋਂ ਅਸੀਂ ਜ਼ੈਸੇਕਿਨਾਂ ਦੇ ਡਰਾਇੰਗ ਰੂਮ ਵਿੱਚ ਇਕੱਲੇ ਰਹਿ ਗਏ ਤਾਂ ਉਸ ਨੇ ਕਿਹਾ, "ਜਵਾਨ, ਤੂੰ ਹਮੇਸ਼ਾ ਇਥੇ ਕਿਉਂ ਗੇੜੇ ਮਾਰਦਾ ਰਹਿੰਦਾ ਹੈਂ?" (ਜ਼ਿਨੈਦਾ ਹਾਲੇ ਤੱਕ ਸੈਰ ਤੋਂ ਵਾਪਸ ਨਹੀਂ ਆਈ ਸੀ, ਅਤੇ ਉਪਰ ਨੌਕਰਾਣੀ ਨਾਲ ਝਗੜ ਰਹੀ ਰਾਜਕੁਮਾਰੀ ਦੀ ਤਿੱਖੀ ਆਵਾਜ਼ ਸੁਣ ਸਕਦੇ ਸਾਂ) "ਤੈਨੂੰ ਪੜ੍ਹਨਾ ਚਾਹੀਦਾ ਹੈ, ਕੰਮ ਕਰਨਾ ਚਾਹੀਦਾ ਹੈ - ਹਾਲਾਂ ਤੂੰ ਜਵਾਨ ਹੈਂ। ਭਲਾ, ਇੱਥੇ ਤੂੰ ਕੀ ਕਰਦਾ ਹੈਂ?"

"ਤੁਸੀਂ ਨਹੀਂ ਜਾਣਦੇ ਕਿ ਮੈਂ ਘਰ ਕੰਮ ਨਹੀਂ ਕਰਦਾ," ਮੈਂ ਜਵਾਬ ਦਿੱਤਾ। ਮੇਰੇ ਲਹਿਜੇ ਵਿੱਚ ਥੋੜ੍ਹਾ ਜਿਹਾ ਹੰਕਾਰ ਅਤੇ ਥੋੜ੍ਹੀ ਸ਼ਰਮ ਵੀ ਸੀ।

"ਘਰ ਕੰਮ ਕਰ, ਠੀਕ! ਤੂੰ ਕਦੀ ਕੰਮ ਬਾਰੇ ਕਿਉਂ ਨਹੀਂ ਸੋਚਦਾ? ਪਰ, ਮੈਂ ਤੇਰੇ ਨਾਲ ਝਗੜਾ ਨਹੀਂ ਕਰਾਂਗਾ। ਤੇਰੀ ਉਮਰ ਵਿਚ ਇਹ ਐਨ ਕੁਦਰਤੀ ਹੈ। ਪਰ ਤੇਰੀ ਪਸੰਦ ਬਿਲਕੁਲ ਗਲਤ ਹੈ। ਕੀ ਤੈਨੂੰ ਨਜ਼ਰ ਨਹੀਂ ਆਉਂਦਾ ਕਿ ਇਹ ਕਿਸ ਕਿਸਮ ਦਾ ਘਰ ਹੈ?"

"ਮੈਨੂੰ ਤੁਹਾਡੀ ਗੱਲ ਸਮਝ ਨਹੀਂ ਪਈ," ਮੈਂ ਕਿਹਾ।

"ਸਮਝ ਨਹੀਂ ਪਈ? ਫਿਰ ਤੇਰੇ ਲਈ ਹੋਰ ਵੀ ਮਾੜੀ ਗੱਲ ਹੈ। ਮੈਂ ਸਮਝਦਾ ਹਾਂ ਕਿ ਇਹ ਮੇਰਾ ਫਰਜ਼ ਹੈ ਕਿ ਤੈਨੂੰ ਖ਼ਬਰਦਾਰ ਕਰ ਦੇਵਾਂ। ਸਾਡੇ ਵਰਗੇ ਖੁੰਢ ਸੜੇ ਇੱਥੇ ਆ ਸਕਦੇ ਹਨ; ਕਿਉਂ ਨਹੀਂ? ਅਸੀਂ ਹੰਢੇ ਹੋਏ ਹਾਂ, ਸਾਨੂੰ ਲੋੜ ਨਹੀਂ ਕਿ ਕੋਈ ਸਾਡਾ ਖ਼ਿਆਲ ਰੱਖੇ। ਪਰ ਤੇਰੀ ਜਵਾਨ ਚਮੜੀ ਸੰਵੇਦਨਸ਼ੀਲ ਹੈ। ਤੇਰੇ ਲਈ ਇਹ ਖਰਾਬ ਮਾਹੌਲ ਹੈ। ਮੇਰੇ ਤੇ ਵਿਸ਼ਵਾਸ ਕਰ, ਤੈਨੂੰ ਲਾਗ ਲੱਗ ਸਕਦੀ ਹੈ।"

"ਉਹ ਕਿਵੇਂ?"