ਪੰਨਾ:First Love and Punin and Babúrin.djvu/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

149

ਅਤੇ ਫਿਰ ਕੂਹਣੀ ਤੱਕ ਨੰਗੀ ਉਸ ਬਾਂਹ ਉੱਤੇ ਜ਼ੋਰ ਦੀ ਕੁਝ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਆਪਣੇ ਆਪ ਨੂੰ ਚੀਖ਼ਣ ਤੋਂ ਮਸਾਂ ਰੋਕਿਆ। ਜ਼ਿਨੈਦਾ ਤੜਫੀ, ਮੇਰੇ ਪਿਤਾ ਵੱਲ ਚੁੱਪਚਾਪ ਦੇਖਿਆ ਅਤੇ ਹੌਲੀ-ਹੌਲੀ ਆਪਣੀ ਬਾਂਹ ਆਪਣੇ ਬੁੱਲ੍ਹਾਂ ਨਾਲ ਛੁਹਾਈ ਅਤੇ, ਇਸ ਉੱਪਰ ਛਾਂਟੇ ਦੇ ਲਾਲ ਨਿਸ਼ਾਨ ਨੂੰ ਚੁੰਮਿਆ। ਮੇਰੇ ਪਿਤਾ ਨੇ ਆਪਣਾ ਛਾਂਟਾ ਇੱਕ ਪਾਸੇ ਸੁੱਟ ਦਿੱਤਾ, ਦੌੜ ਕੇ ਭੀੜੀ ਜਿਹੀ ਪੌੜੀ ਚੜ੍ਹ ਗਿਆ, ਅਤੇ ਘਰ ਅੰਦਰ ਜਾ ਵੜਿਆ। ਜ਼ਿਨੈਦਾ ਪਿੱਛੇ ਹਟੀ। ਉਸ ਨੇ ਅੰਗੜਾਈ ਲਈ, ਆਪਣਾ ਸਿਰ ਪਿੱਛੇ ਨੂੰ ਸੁੱਟ ਲਿਆ ਅਤੇ ਬਾਰੀ ਤੋਂ ਦੂਰ ਹੋ ਗਈ।

ਡਰ ਨਾਲ ਸੁੰਨ ਅਤੇ ਦਿਲ ਵਿੱਚ ਇੱਕ ਭਿਆਨਕ ਸੰਦੇਹ ਨਾਲ ਮੈਂ ਤੰਗ ਗਲੀ ਰਾਹੀਂ ਵਾਪਸ ਦੌੜਿਆ, ਬਿਜਲੀ ਵਿੱਚ ਲੱਗਦਾ ਲੱਗਦਾ ਮਸਾਂ ਬਚਿਆ ਅਤੇ ਦਰਿਆ ਦੇ ਕੰਢੇ ਉੱਪਰ ਚੜ੍ਹ ਗਿਆ। ਮੈਂ ਕੁਝ ਸਮਝ ਨਹੀਂ ਆਉਂਦਾ ਸੀ। ਮੈਂ ਜਾਣਦਾ ਸੀ ਕਿ ਮੇਰੇ ਠੰਡੇ ਅਤੇ ਸਵੈ-ਸੰਪੰਨ ਪਿਤਾ ਨੂੰ ਹਿੰਸਾ ਦੇ ਅਚਾਨਕ ਦੌਰੇ ਪੈ ਸਕਦੇ ਹਨ। ਪਰ ਜੋ ਕੁਝ ਮੈਂ ਵੇਖਿਆ ਸੀ ਉਹ ਸਭ ਮੈਨੂੰ ਸਮਝ ਨਹੀਂ ਆਇਆ। ਪਰ ਮੈਂ ਮਹਿਸੂਸ ਕੀਤਾ ਕਿ ਚਾਹੇ ਜਿੰਨਾ ਵੀ ਲੰਮਾ ਸਮਾਂ ਮੈਂ ਜ਼ਿੰਦਾ ਰਹਾਂ, ਮੈਂ ਜ਼ਿਨੈਦਾ ਦੀ ਉਸ ਅਦਾ, ਉਸ ਤੱਕਣੀ, ਉਸ ਮੁਸਕਰਾਹਟ ਨੂੰ ਕਦੇ ਨਹੀਂ ਭੁੱਲ ਸਕਦਾ। ਉਸ ਮੂਰਤੀ ਜਿਸ ਦੇ ਮੈਨੂੰ ਅਚਾਨਕ ਦਰਸ਼ਨ ਹੋਏ ਸੀ, ਮੇਰੀ ਯਾਦਾਸ਼ਤ ਵਿਚ ਸਦਾ ਸਦਾ ਲਈ ਖੁਣ ਗਈ ਸੀ। ਮੈਂ ਦਰਿਆ ਵੱਲ ਸਰਸਰੀ ਜਿਹੀ ਨਜ਼ਰ ਸੁੱਟੀ, ਅਤੇ ਇਸ ਗੱਲੋਂ ਬੇਧਿਆਨ ਸੀ ਕਿ ਮੈਂ ਰੋ ਰਿਹਾ ਸੀ।

"ਉਨ੍ਹਾਂ ਨੇ ਉਸਨੂੰ ਕੁੱਟਿਆ, ਉਸਨੂੰ ਕੁੱਟਿਆ!" ਮੈਂ ਸੋਚਿਆ।

"ਇਧਰ ਆ, ਤੂੰ ਕੀ ਕਰ ਰਿਹਾ ਹੈਂ?" ਮੇਰੇ ਪਿਤਾ ਨੇ ਪਿੱਛੇ ਤੋਂ ਆਉਂਦੇ ਹੋਏ ਮੈਨੂੰ ਕਿਹਾ, "ਮੈਨੂੰ ਮੇਰਾ ਘੋੜਾ ਦੇ!" ਮੈਂ ਮਸ਼ੀਨ ਵਾਂਗ ਵਾਗਾਂ ਉਸਦੇ ਹੱਥ ਫੜ੍ਹਾ ਦਿੱਤੀਆਂ। ਉਹ ਛਾਲ ਮਾਰ ਕੇ ਬਿਜਲੀ ਤੇ ਸਵਾਰ ਹੋ ਗਿਆ। ਕੰਬਦੇ ਘੋੜਾ ਪਿਛਲੀਆਂ ਲੱਤਾਂ ਤੇ ਖੜ੍ਹਾ ਹੋ ਗਿਆ ਅਤੇ ਦੋ ਤਿੰਨ ਕਰਮਾਂ ਅੱਗੇ ਨੂੰ ਕੁੱਦਿਆ, ਪਰ ਮੇਰੇ ਪਿਤਾ ਨੇ ਜਲਦ ਹੀ ਉਸਨੂੰ ਕਾਬੂ ਕਰ ਲਿਆ। ਉਸ ਨੇ ਅੱਡੀ ਲਾਈ ਅਤੇ ਉਸਦੀ ਗਰਦਨ ਤੇ ਇੱਕ ਘਸੁੰਨ ਜੜਿਆ।