ਪੰਨਾ:First Love and Punin and Babúrin.djvu/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

151

ਮੈਨੂੰ ਛੋਟਾ ਅਤੇ ਬਚਗਾਨਾ ਜਾਪਿਆ ਜਦੋਂ ਮੈਂ ਇਸਦੀ ਤੁਲਨਾ ਉਸ ਦੂਸਰੇ ਕਿਸੇ ਅਗਿਆਤ ਪਿਆਰ ਨਾਲ ਕੀਤੀ, ਜਿਸਦੀ ਮੈਂ ਮਸਾਂ ਕਲਪਨਾ ਕਰ ਸਕਦਾ ਸੀ, ਜਿਸਨੇ ਮੈਨੂੰ ਅਜੀਬ, ਸੁੰਦਰ, ਪਰ ਭਿਆਨਕ ਚਿਹਰੇ ਵਾਂਗ ਡਰਾ ਦਿੱਤਾ, ਜਿਸ ਨੂੰ ਤੁਸੀਂ ਘੁਸਮੁਸੇ ਵਿੱਚ ਨਿਰੂਪਣ ਦੀ ਵਿਅਰਥ ਕੋਸ਼ਿਸ਼ ਕਰਦੇ ਹੋ।

ਉਸੇ ਰਾਤ ਮੈਂ ਇਕ ਭਿਆਨਕ ਸੁਪਨਾ ਵੇਖਿਆ। ਮੈਨੂੰ ਲੱਗਿਆ ਮੈਂ ਇਕ ਨੀਵੇਂ ਹਨੇਰੇ ਕਮਰੇ ਵਿੱਚ ਦਾਖਲ ਹੋਇਆ ਸੀ। ਮੇਰਾ ਪਿਤਾ ਹੱਥ ਵਿੱਚ ਛਾਂਟਾ ਲਈ ਖੜ੍ਹਾ ਸੀ ਅਤੇ ਆਪਣੇ ਪੈਰ ਜ਼ੋਰ-ਜ਼ੋਰ ਨਾਲ ਪਟਕ ਰਿਹਾ ਸੀ; ਇੱਕ ਕੋਨੇ ਵਿੱਚ ਜ਼ਿਨੈਦਾ ਦੁਬਕੀ ਖੜ੍ਹੀ ਸੀ ਅਤੇ ਉਸ ਦੇ ਹੱਥ ਉੱਤੇ ਨਹੀਂ, ਬਲਕਿ ਉਸਦੇ ਮੱਥੇ ਉੱਤੇ ਲਾਲ ਨਿਸ਼ਾਨ ਸੀ; ਅਤੇ ਉਨ੍ਹਾਂ ਦੋਵਾਂ ਦੇ ਪਿੱਛੇ ਖ਼ੂਨ ਨਾਲ ਲਥਪਥ ਬੇਲੋਵਜ਼ਰੋਵ ਨਮੂਦਾਰ ਹੋਇਆ, ਉਸਦੇ ਪੀਲੇ ਫੱਕ ਬੁੱਲ੍ਹ ਖੁੱਲ੍ਹੇ ਸਨ, ਅਤੇ ਉਸਨੇ ਗੁੱਸੇ ਨਾਲ ਮੇਰੇ ਪਿਤਾ ਨੂੰ ਧਮਕਾਇਆ।

ਦੋ ਮਹੀਨਿਆਂ ਬਾਅਦ ਮੈਂ ਯੂਨੀਵਰਸਿਟੀ ਚਲਾ ਗਿਆ, ਅਤੇ ਅੱਧੇ ਕੁ ਸਾਲ ਬਾਅਦ ਪੀਟਰਸਬਰਗ ਵਿਖੇ, (ਜਿੱਥੇ ਉਹ ਹੁਣੇ ਮੇਰੀ ਮਾਂ ਅਤੇ ਮੇਰੇ ਨਾਲ ਰਹਿਣ ਲੱਗਾ ਸੀ) ਮੇਰੇ ਪਿਤਾ ਦੀ ਦਿਮਾਗ਼ ਦੀ ਨਾੜੀ ਫਟਣ ਨਾਲ ਮੌਤ ਹੋ ਗਈ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਉਸਨੂੰ ਮਾਸਕੋ ਤੋਂ ਇੱਕ ਪੱਤਰ ਮਿਲਿਆ ਜਿਸਨੇ ਉਸਨੂੰ ਬਹੁਤ ਪ੍ਰੇਸ਼ਾਨ ਕੀਤਾ। ਉਹ ਮੇਰੀ ਮਾਂ ਕੋਲ ਗਿਆ, ਅਤੇ ਉਸ ਕੋਲੋਂ ਮਿੰਨਤ ਨਾਲ ਕੁਝ ਮੰਗਿਆ, ਅਤੇ ਕਹਿੰਦੇ ਹਨ ਕਿ ਉਹ ਰੋਇਆ ਵੀ - ਉਹ, ਮੇਰਾ ਪਿਤਾ ਰੋਇਆ! ਜਿਸ ਦਿਨ ਉਸਦੀ ਦਿਮਾਗ਼ ਦੀ ਨਾੜੀ ਫਟੀ ਸੀ, ਉਸੇ ਦਿਨ ਸਵੇਰ ਵਕਤ ਉਸ ਨੇ ਫ੍ਰੈਂਚ ਵਿਚ ਮੈਨੂੰ ਇਕ ਚਿੱਠੀ ਲਿਖਣੀ ਸ਼ੁਰੂ ਕੀਤੀ: “ਮੇਰੇ ਬੇਟੇ,” ਉਸਨੇ ਲਿਖਿਆ, “ਔਰਤ ਦੇ ਪਿਆਰ ਤੋਂ ਬਚੋ, ਉਸ ਅਨੰਦ ਤੋਂ, ਉਸ ਜ਼ਹਿਰ ਤੋਂ ਬਚੋ.....” ਉਸ ਦੀ ਮੌਤ ਤੋਂ ਬਾਅਦ, ਮੇਰੇ ਮਾਂ ਨੇ ਮਾਸਕੋ ਕਾਫ਼ੀ ਪੈਸਾ ਭੇਜਿਆ।