ਪੰਨਾ:First Love and Punin and Babúrin.djvu/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

62

ਪਹਿਲਾ ਪਿਆਰ

ਇਹ ਕਨਸੋਅ, ਇਹ ਉਮੀਦ, ਮੇਰੇ ਪੂਰੇ ਵਜੂਦ ਵਿੱਚ ਸਮਾ ਗਈ। ਇਹ ਮੇਰੇ ਸਾਹਾਂ ਵਿੱਚ ਰਚ ਗਈ; ਇਹ ਲਹੂ ਦੀ ਹਰੇਕ ਬੂੰਦ ਨਾਲ ਮੇਰੀਆਂ ਰਗਾਂ ਵਿੱਚ ਦੌੜਦੀ। ਛੇਤੀ ਹੀ ਇਸ ਨੇ ਸਾਕਾਰ ਹੋ ਜਾਣਾ ਸੀ।

ਸਾਡੇ ਮਕਾਨ ਵਿਚ ਸਾਡਾ ਆਪਣਾ ਲੱਕੜ ਦਾ ਘਰ ਸੀ ਅਤੇ ਹੇਠਾਂ ਦੋ ਵਿੰਗ ਸਨ। ਖੱਬੇ ਵਿੰਗ ਵਿਚ ਸਸਤੇ ਪਰਦਿਆਂ ਦੀ ਇੱਕ ਛੋਟੀ ਜਿਹੀ ਫੈਕਟਰੀ ਸੀ। ਮੈਂ ਅਕਸਰ, ਉੱਥੇ ਜਾਂਦਾ ਸੀ, ਅਤੇ ਕੋਈ ਦਸ ਗ਼ਰੀਬ ਰੁੱਖੇ ਵਾਲਾਂ ਵਾਲੇ ਮੁੰਡੇ ਦੇਖਦਾ ਜਿਨ੍ਹਾਂ ਨੇ ਥਿੰਦੀਆਂ ਜਿਹੀਆਂ ਜੈਕਟਾਂ ਪਹਿਨੀਆ ਹੁੰਦੀਆਂ ਸਨ। ਪੀਲੇ ਚਿਹਰਿਆਂ ਵਾਲੇ ਇਹ ਮੁੰਡੇ ਲੱਕੜ ਦੇ ਹੋੜਿਆਂ ਉੱਤੇ ਕੁੱਦਦੇ ਜਿਸ ਨਾਲ ਪ੍ਰੈੱਸ ਦੇ ਚੌਰਸ ਠੱਪੇ ਉਨ੍ਹਾਂ ਦੇ ਸਰੀਰ ਦੇ ਭਾਰ ਨਾਲ ਚਾਦਰਾਂ ਉੱਤੇ ਵੱਖ-ਵੱਖ ਪੈਟਰਨ ਛਾਪ ਦਿੰਦੇ। ਸੱਜਾ ਵਿੰਗ ਖਾਲੀ ਸੀ ਅਤੇ ਕਿਰਾਏ ਤੇ ਨਹੀਂ ਸੀ ਚੜ੍ਹਿਆ। ਐਪਰ 9 ਮਈ ਤੋਂ ਲਗਪਗ ਤਿੰਨ ਹਫ਼ਤਿਆਂ ਬਾਅਦ ਇਕ ਦਿਨ ਸ਼ਟਰ ਖੁੱਲ੍ਹੇ ਸਨ ਅਤੇ ਖਿੜਕੀਆਂ ਵਿਚ ਔਰਤਾਂ ਦੇ ਚਿਹਰੇ ਦਿਖਾਈ ਦਿੱਤੇ। ਸਾਫ਼ ਸੀ ਕਿ ਕਿਸੇ ਪਰਿਵਾਰ ਨੇ ਇਹ ਵਿੰਗ ਕਿਰਾਏ ਤੇ ਲੈ ਲਿਆ ਸੀ। ਮੈਨੂੰ ਯਾਦ ਹੈ ਕਿ ਉਸੇ ਦਿਨ ਡਿਨਰ ਦੇ ਵਕਤ ਮੇਰੀ ਮਾਂ ਨੇ ਬਟਲਰ ਨੂੰ ਪੁੱਛਿਆ ਸੀ ਕਿ ਸਾਡੇ ਨਵੇਂ ਗੁਆਂਢੀ ਕੌਣ ਸਨ। ਇਹ ਸੁਣ ਕੇ ਕਿ ਉਹ ਰਾਜਕੁਮਾਰੀ ਜੈਸੈਕਿਨ ਅਤੇ ਉਸਦਾ ਪਰਿਵਾਰ ਸੀ, ਉਸਨੇ ਥੋੜਾ ਪ੍ਰਭਾਵਿਤ ਹੋ ਕਿਹਾ ਸੀ, "ਓਹ, ਰਾਜਕੁਮਾਰੀ!" ਅਤੇ ਫਿਰ ਉਸ ਨੇ ਅੱਗੇ ਕਿਹਾ ਸੀ, "ਉਹ ਠੀਕ ਨਹੀਂ ਹੋਣੀ।"

"ਉਹ ਤਿੰਨ ਤਾਂਗਿਆਂ ਵਿੱਚ ਆਏ ਸਨ," ਬਟਲਰ ਨੇ ਆਦਰਪੂਰਵਕ ਇਕ ਪਲੇਟ ਫੜਾਉਂਦੇ ਹੋਏ ਕਿਹਾ। "ਉਨ੍ਹਾਂ ਕੋਲ ਆਪਣੀ ਕੋਈ ਗੱਡੀ ਨਹੀਂ ਹੈ, ਅਤੇ ਉਨ੍ਹਾਂ ਦਾ ਫਰਨੀਚਰ ਬਹੁਤ ਸਾਦਾ ਹੈ।"

"ਅੱਛਾ," ਮੇਰੀ ਮਾਂ ਨੇ ਉੱਤਰ ਦਿੱਤਾ; "ਚਲੋ, ਸਗੋਂ ਇਹ ਬਿਹਤਰ ਹੀ ਹੈ।"

ਮੇਰੇ ਪਿਤਾ ਨੇ ਉਸ ਵੱਲ ਰੁੱਖਾ ਜਿਹਾ ਦੇਖਿਆ, ਅਤੇ ਉਹ ਅੱਗੇ ਕੁਝ ਨਹੀਂ ਬੋਲੀ। ਅਸਲ ਵਿੱਚ, ਰਾਜਕੁਮਾਰੀ ਜੈਸੈਕਿਨ ਅਮੀਰ ਔਰਤ ਨਹੀਂ ਹੋਣੀ। ਉਸ ਨੇ ਜਿਹੜਾ ਵਿੰਗ ਕਿਰਾਏ ਤੇ ਲਿਆ ਸੀ ਉਹ ਇੰਨਾ ਪੁਰਾਣਾ, ਅਤੇ ਛੋਟਾ ਅਤੇ ਨੀਵਾਂ ਸੀ, ਕਿ ਥੋੜਾ ਬਹੁਤ ਰੱਜੇ ਪੁੱਜੇ ਲੋਕ ਵੀ ਇਹ ਕਿਰਾਏ ਤੇ ਨਾ ਲੈਂਦੇ।