ਪਹਿਲਾ ਪਿਆਰ
61
ਮੈਂ ਉਨ੍ਹਾਂ ਪਹਿਲੇ ਹਫ਼ਤਿਆਂ ਨੂੰ ਕਦੇ ਨਹੀਂ ਭੁੱਲਾਂਗਾ ਜੋ ਮੈਂ ਆਪਣੇ ਦਿਹਾਤੀ ਘਰ ਵਿੱਚ ਬਿਤਾਏ। ਅਸੀਂ 9 ਮਈ ਨੂੰ ਸ਼ਹਿਰ ਛੱਡ ਦਿੱਤਾ; ਮੌਸਮ ਸ਼ਾਨਦਾਰ ਸੀ। ਮੈਂ ਤੁਰਦਾ-ਫਿਰਦਾ ਰਹਿੰਦਾ ਸੀ, ਕਦੇ-ਕਦੇ ਸਾਡੇ ਬਾਗ਼ ਵਿਚ, ਨੇਸਕੁਤਚਨਾਇਆ ਵਿਚ, ਜਾਂ ਨਾਕਿਆਂ ਤੋਂ ਪਰੇ। ਮੈਂ ਇੱਕ ਕਿਤਾਬ ਆਪਣੇ ਨਾਲ ਲੈ ਲੈਂਦਾ, ਜਿਵੇਂ ਕੈਦਾਨੋਵ ਦਾ ਕੋਰਸ, ਪਰ ਮੈਂ ਇਸਨੂੰ ਘੱਟ ਹੀ ਕਦੇ ਖੋਲ੍ਹਦਾ; ਇਸ ਦੀ ਬਜਾਇ ਕਵਿਤਾਵਾਂ ਉਚਾਰਨ ਵਿੱਚ ਮਨ ਲਾਈ ਰੱਖਦਾ, ਜੋ ਮੈਨੂੰ ਵੱਡੀ ਗਿਣਤੀ ਵਿੱਚ ਜ਼ਬਾਨੀ ਯਾਦ ਸੀ। ਮੇਰੀਆਂ ਨਾੜੀਆਂ ਵਿੱਚ ਖ਼ੂਨ ਦਾ ਦੌਰਾ ਤੇਜ਼ ਹੁੰਦਾ ਲੱਗਦਾ ਸੀ, ਅਤੇ ਮੇਰਾ ਦਿਲ ਉਦਾਸ ਸੀ, ਮਿੱਠਾ ਮਿੱਠਾ ਅਤੇ ਸੁਖਾਵਾਂ ਜਿਹਾ ਉਦਾਸ! ਮੈਂ ਸਦਾ ਉਡੀਕ ਵਿੱਚ ਰਹਿੰਦਾ ਸੀ, ਕਿਸੇ ਚੀਜ਼ ਤੋਂ ਡਰ ਰਿਹਾ ਸੀ: ਮੈਂ ਹੈਰਾਨ ਪਰੇਸ਼ਾਨ ਸੀ ਅਤੇ ਹਰ ਚੀਜ਼ ਲਈ ਤਿਆਰ ਸੀ: ਮੇਰੀ ਕਲਪਨਾ ਬੜੀ ਗਰਦਿਸ਼ ਵਿੱਚ ਸੀ, ਅਤੇ ਇਹ ਇੱਕੋ ਹੀ ਬਿੰਦੂ ਦੇ ਦੁਆਲੇ ਚੱਕਰ ਲਾਉਂਦੀ ਰਹਿੰਦੀ ਸੀ, ਜਿਸ ਤਰ੍ਹਾਂ ਸਵੇਰੇ ਸਵੇਰੇ ਚਰਚ ਦੀ ਸ਼ਿਰੀ ਦੇ ਦੁਆਲੇ ਟਟੀਹਰੀਆਂ ਚੱਕਰ ਤੇ ਚੱਕਰ ਲਾਉਂਦੀਆਂ ਹਨ। ਮੈਂ ਗੰਭੀਰ ਅਤੇ ਉਦਾਸ ਸੀ, ਮੈਂ ਰੋਇਆ ਵੀ; ਪਰ, ਆਪਣੇ ਹੰਝੂਆਂ ਦੇ ਰਾਹੀਂ, ਆਪਣੀ ਉਦਾਸੀ ਦੇ ਜ਼ਰੀਏ, ਫਿਰ ਕਵਿਤਾ ਉਚਾਰਨ, ਉਪਰੋਂ ਇੱਕ ਸੁੰਦਰ ਸ਼ਾਮ ਇਹ ਸਭ ਮਿਲਕੇ ਬਸੰਤ ਵਿੱਚ ਚਾਮ੍ਹਲੇ ਘਾਹ ਦੀ ਤਰ੍ਹਾਂ ਜਵਾਨ ਠਾਠਾਂ ਮਾਰਦੇ ਜੀਵਨ ਦਾ ਅਹਿਸਾਸ ਝਾਤੀਆਂ ਮਾਰਦਾ ਲੱਗਦਾ ਸੀ।
ਮੇਰੇ ਕੋਲ ਇਕ ਘੋੜਾ ਸੀ, ਜਿਸ ਤੇ ਮੈਂ ਆਪ ਕਾਠੀ ਪਾਉਂਦਾ ਸੀ, ਅਤੇ ਜਿਸ ਉੱਤੇ ਮੈਂ ਜਿੱਥੇ ਕਿਤੇ ਵੀ ਜੀ ਕਰੇ, ਦੂਰ ਦੂਰ ਤੱਕ ਸਵਾਰੀ ਕਰਦਾ ਸੀ। ਘੋੜੇ ਨੂੰ ਸਰਪਟ ਦੌੜਾਉਂਦਾ ਮੈਂ ਆਪਣੇ ਆਪ ਨੂੰ ਟੂਰਨਾਮੈਂਟ ਵਿਚ ਇੱਕ ਨਾਈਟ ਸਮਝਦਾ ਸੀ। ਕਿੰਨੀ ਚਾਂਭਲੀ ਹਵਾ ਮੇਰੇ ਕੰਨਾਂ ਵਿਚ ਵੱਜਦੀ ਸੀ! ਜਾਂ ਮੈਂ ਆਪਣਾ ਮੂੰਹ ਅਕਾਸ਼ ਵੱਲ ਫੇਰਦਾ, ਮੈਂ ਉਸ ਦੀ ਚਮਕ ਅਤੇ ਨੀਲੱਤਣ ਨੂੰ ਆਪਣੀ ਖੁੱਲ੍ਹੀ ਰੂਹ ਵਿਚ ਜੀ ਆਇਆਂ ਕਹਿੰਦਾ। ਮੈਂ ਇਸ ਗੱਲ ਨੂੰ ਯਾਦ ਕਰਦਾ ਹਾਂ ਕਿ ਉਸ ਸਮੇਂ ਕਿਸੇ ਔਰਤ ਦੀ ਤਸਵੀਰ, ਔਰਤ ਦੇ ਪਿਆਰ ਦੀ ਕੋਈ ਦ੍ਰਿਸ਼ਟੀ ਕਿਸੇ ਵੀ ਵਿਲਖਣਤਾ ਨਾਲ ਮੇਰੇ ਮਨ ਵਿਚ ਪੈਦਾ ਨਹੀਂ ਹੋਈ ਸੀ। ਪਰ, ਜੋ ਸਭ ਕੁਝ ਮੈਂ ਸੋਚਿਆ, ਜੋ ਮੈਂ ਮਹਿਸੂਸ ਕੀਤਾ ਉਸ ਵਿਚ ਕੁਝ ਨਵੇਂ ਦੀ, ਕੁਝ ਅਕਹਿ ਤੌਰ ਤੇ ਮਿੱਠੇ ਅਤੇ ਨਾਰੀਤਵ ਦੀ ਅੱਧ-ਪਛਾਣੀ, ਸ਼ਰਮਾਕਲ ਜਿਹੀ ਚੀਜ਼ ਦੀ ਕਨਸੋਅ ਸੀ।