ਸਮੱਗਰੀ 'ਤੇ ਜਾਓ

ਪੰਨਾ:First Love and Punin and Babúrin.djvu/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

60

ਪਹਿਲਾ ਪਿਆਰ

ਪੇਤਰੋਵਿਚ ਦ੍ਰਿੜ ਸੀ। ਇਕ ਪੰਦਰਵਾੜੇ ਵਿੱਚ ਉਹ ਫਿਰ ਮਿਲੇ, ਅਤੇ ਉਸਨੇ ਆਪਣਾ ਬਚਨ ਪੁਗਾਇਆ। ਖਰੜੇ ਵਿੱਚ ਹੇਠ ਲਿਖੀ ਇਬਾਰਤ ਸੀ:

I

ਮੈਂ ਉਸ ਵੇਲੇ 16 ਸਾਲ ਦਾ ਸੀ। ਮੇਰੀ ਕਹਾਣੀ ਦੀਆਂ ਘਟਨਾਵਾਂ ਸਾਲ 1833 ਦੀਆਂ ਗਰਮੀਆਂ ਵਿਚ ਵਾਪਰੀਆਂ ਸਨ। ਮੈਂ ਮਾਸਕੋ ਵਿਚ ਆਪਣੇ ਮਾਪਿਆਂ ਨਾਲ ਰਹਿੰਦਾ ਸੀ; ਉਹਨਾਂ ਨੇ ਨੇਸਕੁਚਨਾਇਆ* ਦੇ ਸਾਹਮਣੇ ਕਲੋਗਾ ਗੇਟ ਦੇ ਨੇੜੇ ਇਕ ਘਰ ਕਿਰਾਏ ਤੇ ਲਿਆ ਹੋਇਆ ਸੀ। ਮੈਂ ਯੂਨੀਵਰਸਿਟੀ ਦੀ ਤਿਆਰੀ ਕਰ ਰਿਹਾ ਸੀ; ਪਰ ਮੈਂ ਬਹੁਤ ਸੁਸਤ ਸੀ, ਅਤੇ ਬਹੁਤ ਘੱਟ ਕੰਮ ਕਰਦਾ ਸੀ।

ਮੇਰੀ ਆਜ਼ਾਦੀ ਬੇ-ਲਗਾਮ ਸੀ। ਮੈਂ ਉਹੀ ਕਰਦਾ ਜੋ ਮੈਨੂੰ ਚੰਗਾ ਲੱਗਦਾ ਸੀ। ਮੈਂ ਖੁਸ਼ ਹੋਇਆ, ਖ਼ਾਸ ਤੌਰ ਤੇ ਜਦੋਂ ਤੋਂ ਆਪਣੇ ਆਖ਼ਰੀ ਫਰਾਂਸੀਸੀ ਟਿਊਟਰ ਤੋਂ ਮੇਰਾ ਖਹਿੜਾ ਛੁੱਟਿਆ ਸੀ, ਜੋ ਇਸ ਵਿਚਾਰ ਦਾ ਆਦੀ ਨਹੀਂ ਹੋ ਸਕਿਆ ਸੀ ਕਿ ਉਹ "ਬੰਬ ਵਾਂਗ" (comme une bombe) ਰੂਸ ਤੇ ਡਿੱਗਿਆ ਸੀ ਅਤੇ ਉਸਦੇ ਚਿਹਰੇ ਤੇ ਤਲਖ਼ੀ ਦੇ ਹਾਵਭਾਵਾਂ ਨਾਲ ਕਈ ਕਈ ਦਿਨ ਮੰਜੇ ਤੇ ਪਿਆ ਰਹਿੰਦਾ ਸੀ। ਮੇਰਾ ਪਿਤਾ ਮੇਰੀ ਪਰਵਾਹ ਨਹੀਂ ਕਰਦਾ ਸੀ, ਭਾਵੇਂ ਮੇਰੇ ਨਾਲ ਰਹਿਮਦਿਲੀ ਦਾ ਸਲੂਕ ਕਰਦਾ ਸੀ। ਮਾਂ ਮੇਰੇ ਵੱਲ ਲਗਪਗ ਕੋਈ ਧਿਆਨ ਨਹੀਂ ਦਿੰਦੀ ਸੀ, ਭਾਵੇਂ ਮੇਰੇ ਤੋਂ ਇਲਾਵਾ ਉਸਦਾ ਕੋਈ ਹੋਰ ਬੱਚਾ ਨਹੀਂ ਸੀ: ਉਹ ਹੋਰ ਚਿੰਤਾਵਾਂ ਵਿੱਚ ਲੀਨ ਰਹਿੰਦੀ ਸੀ। ਮੇਰਾ ਪਿਤਾ ਉਦੋਂ ਨੌਜਵਾਨ ਅਤੇ ਬਹੁਤ ਹੀ ਸੁੰਦਰ ਸੀ ਜਦੋਂ ਉਸਨੇ ਵਿਆਹ ਕਰਵਾਇਆ। ਮਾਂ ਉਸ ਨਾਲੋਂ ਦਸ ਸਾਲ ਵੱਡੀ ਸੀ। ਮੇਰੀ ਮਾਂ ਦਾ ਜੀਵਨ ਉਦਾਸ ਸੀ: ਉਸਨੂੰ ਉਤੇਜਨਾ, ਈਰਖਾ ਅਤੇ ਗੁੱਸੇ ਦੇ ਦੌਰੇ ਪੈਂਦੇ - ਪਰ ਮੇਰੇ ਪਿਤਾ ਦੀ ਮੌਜੂਦਗੀ ਵਿੱਚ ਨਹੀਂ; ਪਿਤਾ ਦਾ ਰਵੱਈਆ ਸਖ਼ਤ ਅਤੇ ਰੁੱਖਾ ਸੀ ਅਤੇ ਆਪਣੇ ਆਪ ਵਿੱਚ ਹੀ ਮਸਤ ਰਹਿੰਦਾ ਸੀ। ਮੈਂ ਕੋਈ ਬੰਦਾ ਇੰਨਾ ਵਧੇਰੇ ਸ਼ਾਂਤ, ਸਵੈ-ਵਿਸ਼ਵਾਸੀ ਅਤੇ ਸਵੈ-ਨਿਰਭਰ ਨਹੀਂ ਦੇਖਿਆ।


*ਕਾਉਂਟ ਓਰਲੋਵ ਵਲੋਂ ਸ਼ਾਹੀ ਪਰਿਵਾਰ ਨੂੰ ਭੇਂਟ ਕੀਤੀ ਗਈ ਇੱਕ ਹਵੇਲੀ