ਪੰਨਾ:Hakk paraia.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਰਦਾ ਤੁਰਦਾ ਉਹ ਰੁਕ ਗਿਆ । ਉਹ ਕਿਧਰ ਜਾ ਰਿਹਾ ਸੀ । ਉਹਦੀ ਹਵੇਲੀ ਤਾਂ ਬਹੁਤ ਪਿਛੇ ਰਹਿ ਚੁਕੀ ਸੀ । ਪਿਪਲ ਵਾਲੇ ਮੋੜ ਤੋਂ ਉਹ ਸੱਜੇ ਹੱਥ ਮੁੜਨ ਦੀ ਬਜਾਏ ਖੱਬੇ ਹਥ ਮੁੜ ਆਇਆ ਸੀ।

ਦੂਰ ਕਿਤੇ ਉਲੂ ਦੇ ਬੋਲਣ ਦੀ ਆਵਾਜ਼ ਸੁਣਾਈ ਦਿਤੀ । ਮਲਕ ਦਾ ਮਨ ਫੇਰ ਸੋਚ ਦੀ ਉਂਗਲੀ ਫੜ ਤੁਰਿਆ: “ਇਹ ਪਠਾਣ ਹਾਕਮ ਵੀ ਉਲੂ ਹੀ ਨੇ । ਇਹਨਾਂ ਦਾ ਦਿਮਾਗ ਜ਼ਰਾ ਕੰਮ ਨਹੀਂ ਕਰਦਾ । ਨਾ ਇਹਨਾਂ ਦਾ ਕੋਈ ਦੀਨ ਈਮਾਨ ਏ । ਉਂਝ ਹਿੰਦੂ ਨੂੰ ਕਾਫ਼ਰ ਕਹਿੰਦੇ ਨੇ ਪਰ ਲੋੜ ਵੇਲੇ ਹਿੰਦੂ ਤੇ ਈਮਾਨ ਲੈ ਆਉਂਦੇ ਨੇ । ਕਿਵੇਂ ਅਜ ਦੀਵਾਨਾ ਹੋਇਆ ਫਿਰਦਾ ਸੀ ਨਾਨਕ ਅੱਗੇ । ਰੱਬ ਤੋਂ ਉਰ੍ਹੇ, ਉਹਨੂੰ ਨਾਨਕ ਹੀ ਨਜ਼ਰ ਆਉਂਦਾ ਸੀ, ਜੋ ਜੋ ਵੀ ਨਾਨਕ ਆਖਦਾ ਗਿਐ ਉਹੀ ਹੀ ਮੰਨਦਾ ਗਿਆ । ਉਹਦੇ ਆਖੇ ਲਗ ਨਵਾਬ ਹੋ ਕੇ ਪਤਾ ਨਹੀਂ ਕਿਹਦੇ ਘਰੋਂ ਟੁਕਰ ਮੰਗ ਲਿਆਇਆ ਏ ।"

ਅਚਾਨਕ ਨੇਰ੍ਹੇ ਚੋਂ ਨਿਕਲ ਕਿਸੇ ਨੇ ਮਲਕ ਨੂੰ ਜੱਫਾ ਮਾਰ ਲਿਆ | ਘਬਰਾਕੇ ਮਲਕ ਨੇ ਆਪਣੇ ਗੱਲ ਆ ਪਏ ਬੰਦੇ ਵਲ ਵੇਖਿਆ । ਖਿਲਰੇ ਵਾਲ, ਅਲਫ਼ ਨੰਗਾ ਸਰੀਰ ਤੇ ਡਰਾਉਣੀਆਂ ਅੱਖਾਂ । ਉਹਦੇ ਹੱਥਾਂ ਦੇ ਨਹੁੰ ਬੜੇ ਤਿਖੇ ਸਨ । ਮਲਕ ਦੇ ਸਰੀਰ ਤੇ ਕਈ ਝਰੀਟਾਂ ਪੈ ਗਈਆਂ । ਉਹਦੀ ਸੋਚ ਸੁੰਨ ਹੋ ਗਈ। ਅੱਖਾਂ ਅੱਗੇ ਹਨੇਰਾ ਛਾ ਗਿਆ । ਉਸ ਉਚੀ ਉਚੀ ਚੀਖਣ ਦਾ ਯਤਨ ਕੀਤਾ ਪਰ ਉਹਦਾ ਸੰਘ ਜਿਵੇਂ ਮਿਲ ਗਿਆ, ਕੋਈ ਅਵਾਜ਼ ਉਹਦੇ ਬੋਲ 'ਚੋਂ ਬਾਹਰ ਨਹੀਂ ਨਿਕਲੀ । ਤੇ ਫੇਰ ਰਾਤ ਦੇ ਸ਼ਾਂਤ ਵਾਤਾਵਰਨ ਵਿਚ ਇਕ ਚੀਖ ਵਰਗੀ ਅਵਾਜ਼ ਗੂੰਜ ਉਠੀ, “ਤੂੰ ਮਲਕ ਏਂ...ਮੈਂ ਤੇਰਾ ਗਲਾ ਘਟ ਦਿਆਂਗਾ, ਤੂੰ ਮੇਰੇ ਬੱਚੇ ਦਾ ਕਾਤਲ ਏ, ਮੈਂ ਤੇਰਾ ਲਹੂ ਪੀ ਜਾਵਾਂਗਾ।

ਮਲਕ ਪਸੀਨੋ ਪਸੀਨਾ ਹੋ ਗਿਆ । ਉਹ ਬੁਰ੍ਹੀ ਤਰਾਂ ਕੰਬ ਰਿਹਾ ਸੀ । ਉਹਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਆਪਣੇ ਗੱਲ ਵਲ ਵਧਦੇ ਉਸ ਬੰਦੇ ਦੇ ਹੱਥਾਂ ਨੂੰ ਰੋਕ ਲਵੇ ।

ਜਿਉਂ ਜਿਉਂ ਉਹ ਹੱਥ ਉਹਦੇ ਗੱਲ ਦੇ ਨੇੜੇ ਜਾ ਰਹੇ ਸਨ ਉਸ ਦੀ ਕੰਬਣੀ ਤੇਜ਼ ਹੁੰਦੀ ਜਾ ਰਹੀ ਸੀ, ਕਿ ਅਚਾਨਕ ਉਹ ਬੰਦਾ ਖਿੜਖਿੜਾਕ ਹਸਦਾ ਹੋਇਆ ਬੋਲਿਆ: "ਤੂੰ ਮਲਕ ਨਹੀਂ..... ਬਸ ਮਰ ਗਿਆ

੧੧੮