ਪੰਨਾ:Hakk paraia.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਲਫ਼ਜ਼ ਨਹੀਂ ਸਨ ਸੁੱਝ ਰਹੇ ਅੱਗੇ ਕਹਿਣ ਨੂੰ ।

“ਮੈਂ ਤੁਹਾਡਾ ਦਿਲ ਦੁਖਾਇਆ ਏ, ਮੈਨੂੰ ਮਾਫ਼ ਕਰ ਦਿਉ । ਕਹਿੰਦੀ ਜਨਕ ਪਤੀ ਦੇ ਪੈਰਾਂ ਵਲ ਝੁੱਕ ਗਈ ।

"ਕਮਲੀ ਨ ਹੋਵੇ ਤੇ, ਤੂੰ ਕਾਹਦਾ ਦਿਲ ਦੁਖਾਇਆ ਏ ? ਦਿਲ ਦੁਖਾਣ ਵਾਲੇ ਨੂੰ ਸ਼ਾਇਦ ਕਦੇ ਇਹਦਾ ਅਹਿਸਾਸ ਹੀ ਨਹੀਂ ਹੋਇਆ। ਠੰਢਾ ਸਾਹ ਭਰਕੇ ਮਲਕ ਫੇਰ ਚੁਪ ਹੋ ਗਿਆ ।

ਕਿੰਨੀ ਦੇਰ ਉਹ ਖਾਮੋਸ਼ ਨਾਲ ਨਾਲ ਟਹਿਲਦੇ ਰਹੇ । ਜਨਕ ਨੇ ਕਈ ਵਾਰ ਨਜ਼ਰ ਬਚਾ ਚੋਰ-ਨਜ਼ਰੇ ਮੁਲਕ ਦੇ ਚਿਹਰੇ ਵਲ ਤਕਿਆ : ਨਿਰਾਸ਼ਾ ਦੇ ਰੰਗ ਵਿਚ ਡੁੱਬਾ ਚਿਹਰਾ ਉਦਾਸ ਮਝਾਇਆ ਜਿਹਿਆ । ਜਨਕ ਤੋਂ ਪਤੀ ਦੀ ਇਹ ਹਾਲਤ ਵੇਖੀ ਨਹੀਂ ਸੀ ਜਾਂਦੀ । ਪਰ ਮਲਕ ਨੂੰ ਕੁੱਝ ਕਹਿਣ ਦੀ ਹਿੰਮਤ ਉਸ ਵਿਚ ਨਹੀਂ ਸੀ । ਪਰ ਆਖ਼ਿਰ ਉਸ ਹਿੰਮਤ ਕਰ ਹੀ ਲਈ। ਮਲਕ ਦੇ ਗਲ ਬਾਹਵਾਂ ਪਾ ਉਸ ਬੜੇ ਪਿਆਰਮਈ ਅੰਦਾਜ਼ ਨਾਲ ਆਖਿਆ : ਸਵਾਮੀ ਤੁਸੀਂ ਏਨਾ ਮਾਯੂਸ ਕਿਉਂ ਹੁੰਦੇ ਹੋ ?

ਮਲਕ ਨੇ ਫੇਰ ਵੀ ਹੁੰਗਾਰਾ ਨਹੀਂ ਭਰਿਆ। ਸਗੋਂ ਉਹ ਸਖਣੀਆਂ ਨਜ਼ਰਾਂ ਨਾਲ ਸਖਣੇ ਅਕਾਸ਼ ਨੂੰ ਘੁਣ ਲਗ ਪਿਆ । ਤੇ ਫੇਰ ਕੁੱਝ ਦੇਰ ਬਾਅਦ ਉਸ ਨੂੰ ਜਿਵੇਂ ਕੁੱਝ ਯਾਦ ਆ ਗਿਆ ਹੋਵੇ, ਬੋਲਿਆ : ਜਨਕ......

‘ਜੀ’ ਜਨਕ ਨੇ ਉਤਾਵਲ ਨਾਲ ਹੁੰਗਾਰਾ ਭਰਿਆ।

"ਕਹਿੰਦੇ ਨੇ ਪੁਤਰ-ਹੀਨ ਮਨੁੱਖ ਨੂੰ ਸ੍ਵਰਗ ਨਸੀਬ ਨਹੀਂ ਹੁੰਦਾ, ਭਾਵੇਂ ਉਹ ਕਿੱਡਾ ਵੀ ਧਰਮਾਤਮਾ ਹੋਵੇ ।"

‘‘ਰਾਮ...ਰਾਮ... ਰਾਮ । ਕਿਹੋ ਜਿਹੀਆਂ ਗੱਲਾਂ ਕਰਦੇ ਹੋ। ਅਜੇ ਅਸੀਂ ਕਿਹੜਾ......

"ਨਹੀਂ ਭਾਗਵਾਨੇ ਤੂੰ...... ।" ਜਨਕ ਨੂੰ ਵਿਚੋਂ ਹੀ ਟੋਕ ਮਲਕ ਬੋਲਿਆ : ਪਰ ਆਪ ਵੀ ਉਹ ਗਲ ਅਧੂਰੀ ਹੀ ਛੱਡ ਚੁਪ ਹੋ ਗਿਆ।

ਫੇਰ ਕਿੰਨੀ ਦੇਰ ਚੁਪ ਛਾਈ ਰਹੀ। ਮਲਕ ਹੁਣ ਹੋਰ ਵੀ ਉਦਾਸ ਹੋ ਗਿਆ ਸੀ। ਹਾਰੇ ਹੋਏ ਜੁਆਰੀਏ ਵਾਂਗ ਨਿਰਾਸ ਤੇ ਬੇਆਸ ਹੋਇਆ ਉਹ ਅਤੀਤ ਵਿਚ ਗਵਾਚ ਚੁਕਾ ਸੀ ।

੫੬