ਪੰਨਾ:Hanju.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)

ਮੁਜਰਮ। ਮੇਰੀ ਮਜਬੂਰੀ ਮੇਰੇ ਗੁਨਾਹ ਉਤੇ ਪੜਦਾ ਨਹੀਂ ਪਾਵੇਗੀ। ਆਹ! ਮੈਂ ਸਭ ਕੁਝ ਛੱਡ ਸਕਦਾ ਹਾਂ ਪਰ ਇਸ ਨਿਰ-ਅਪਰਾਧ ਸਤਵੰਤੀ ਨੂੰ ਅਰਮਾਨਾਂ ਦਾ ਦਾਗ਼ ਦੇਣਾ ਮੇਰੀ ਤਾਕਤ ਤੋਂ ਬਾਹਰ ਹੈ। ਇਹ ਮੇਰੇ ਵਿਆਹ ਦੀ ਰਾਤ ਸੀ। ਮੇਰੀਆਂ ਅੱਖਾਂ ਉਸ ਨੂੰ ਢੂੰਢ ਰਹੀਆਂ ਸਨ, ਜੇਹੜੀ ਇਸ ਰੌਲੇ ਗੌਲੇ ਵਿਚ ਨਹੀਂ ਸੀ। ਮੇਰਾ ਦਿਲ ਰੋ ਰਿਹਾ ਸੀ, ਮੇਰੀ ਰੂਹ ਤੜਪ ਰਹੀ ਸੀ, ਮੈਨੂੰ ਖੁਸ਼ੀ ਨਹੀਂ ਸੀ, ਗ਼ਮ ਸੀ। ਮੈਨੂੰ ਆਸ ਨਹੀਂ ਸੀ ਨਿਰਾਸਤਾ ਸੀ। ਮੇਰੇ ਵਾਸਤੇ ਇਹ ਸ਼ਾਦੀ-ਖਾਨਾ ਨਹੀਂ ਸੀ, ਮੇਰੀਆਂ ਉਮੰਗਾਂ ਦਾ ਹਵਨ-ਕੁੰਡ ਸੀ।

ਇਸ ਗਲ ਨੂੰ ਚਿਰ ਹੋ ਗਿਆ, ਗਰੀਬਾਂ ਬੀਮਾਰ ਹੋਈ ਅਰ ਸਖਤ ਬਮਾਰ ਹੋਈ। ਉਸ ਨੂੰ ਮੁਹਰਕਾ ਤਪ ਹੋਇਆ ਜਿਸ ਨਾਲ ਉਹ ਜਾਨੋਂ ਤਾਂ ਬਚ ਗਈ ਪਰ ਹਮੇਸ਼ ਦੇ ਲਈ ਕੰਨੋਂ ਝਰੀ ਹੋ ਗਈ।

ਮੁਸੀਬਤ ਤੇ ਮੁਸੀਬਤ! ਦੂਜੇ ਸਾਲ ਉਸ ਨੂੰ ਚੀਚਕ ਨੇ ਆਣ ਦਬਾਇਆ, ਅਰ ਵਿਚਾਰੀ ਅੱਖਾਂ ਵੀ ਖੋ ਬੈਠੀ। ਗਰੀਬੀ ਤੇ ਤੰਗੀ, ਫਿਰ ਮਜਬੂਰੀ ਤੇ ਲਾਚਾਰੀ, ਉਹ ਅਪਣੇ ਘਰ ਦੇ ਵਾਸਤੇ ਦੁਖਾਂ ਦਾ ਬੋਝਾ ਹੋ ਗਈ। ਮਾਣ ਬਾਪ ਦੇ ਦਿਲ ਦਾ ਟੁਕੜਾ ਸੀ, ਪਰ ਇਧਰ ਇਸ ਦੇ ਟਿਕਾਣੇ ਲਗਣ ਦੀ ਆਸ ਭੀ ਜਾਂਦੀ ਰਹੀ। ਉਧਰ ਇਸ ਦੁਨੀਆਂ-ਪੂਜ ਇਸ ਦੇ ਮਾਂ ਬਾਪ ਦੇ ਦੀਦੇ ਬਦਲ ਗਏ | ਓਹ ਚੱਕੀ ਪੀਂਹਦੀ ਅਰ ਰੋਟੀ ਖਾਂਦੀ।