ਪੰਨਾ:Hanju.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਕਿ ਰਾਤ ਨੂੰ ਜਾਵਾਂਗੀ, ਜਿਸ ਕਰਕੇ ਕੋਈ ਵੇਖ ਨ ਸਕੇ।

ਰਾਤ ਨੂੰ ਸੁਭਾਗੀ ਆਪਣੀ ਝੌਂਪੜੀ ਦੇ ਕੋਲ ਪਹੁੰਚੀ ਤਾਂ ਉਸ ਪਰ ਬਿਜਲੀ ਜਹੀ ਢਹਿ ਪਈ। ਉਥੇ ਹੁਣ ਝੌਂਪੜੀ ਨਹੀਂ ਸੀ, ਨਾਂ ਹੀ ਭੱਠੀ ਦਿਸਦੀ ਸੀ। ਜ਼ਮੀਨ ਪੁੱਟੀ ਹੋਈ ਸੀ ਤੇ ਛੋਟੀਆਂ ਛੋਟੀਆਂ ਕੰਧਾਂ ਭੀ ਉਸਰੀਆਂ ਹੋਈਆਂ ਸਨ। ਇਹ ਇਮਾਰਤ ਨਹੀਂ ਸੀ; ਸੁਭਾਗੀ ਦੇ ਸੁੱਖਾਂ ਦੀ ਸਮਾਧ ਸੀ। ਸੁਭਾਗੀ ਨੇ ਇਕ ਚੀਕ ਮਾਰੀ ਤੇ ਉਥੇ ਹੀ ਬਹਿ ਗਈ, ਉਹ ਕਿਨ੍ਹਾਂ ੨ ਆਸ਼ਿਆਂ ਨਾਲ ਆਈ ਹੋਵੇਗੀ? ਸਭ ਤੇ ਪਾਣੀ ਫਿਰ ਗਿਆ। ਉਸਨੂੰ ਅਜਿਹਾ ਮਲੂਮ ਹੋਇਆ ਮਾਨੋਂ ਚਾਂਦਨੀ ਚੌਂਕ ਦੀ ਸਾਰੀ ਰੌਸ਼ਨੀ ਬੁਝ ਗਈ ਅਰ ਅਸਮਾਨ ਦੇ ਸਭ ਤਾਰਿਆਂ ਨੇ ਅੰਨ੍ਹੇਰੇ ਦੀ ਚਾਦਰ ਵਿਚ ਆਪਣਾ ਮੂੰਹ ਛਿਪਾ ਲਿਆ। ਇਕ-ਇਕ ਉਸਨੂੰ ਖਿਆਲ ਆਇਆ-"ਮੇਰਾ ਪਤੀ ਮੈਨੂੰ ਲੈਣ ਆਵੇਗਾ ਤਾਂ ਕਿਥੇ ਢੂੰਢੇਗਾ?"

ਦੂਜੇ ਦਿਨ ਸਵੇਰੇ ਇਸ ਬਣ ਰਹੀ ਦੁਕਾਨ ਦੇ ਦਰਵਾਜੇ ਪੁਰ ਉਸਦਾ ਮੁਰਦਾ ਸਰੀਰ ਪਿਆ ਸੀ। ਉਸਦਾ ਤੇ ਉਸਦੇ ਪਤੀ ਦਾ ਬਚਨ ਝੂਠ ਨਹੀਂ ਨਿਕਲਿਆ। ਅਜ ਸੁਭਾਗੀ ਦੁਨੀਆਂ ਛਡਕੇ ਕਿਥੇ ਚਲੀ ਗਈ? ਕਿਹੜੇ ਦੇਸ਼ ਨੂੰ? ਉਥੇ, ਜਿਥੇ ਉਸਦਾ ਪਤੀ, ਉਸਦੀ ਝੌਂਪੜੀ ਤੇ ਉਸਦੀ ਭੱਠੀ ਜਾ ਚੁਕੇ ਸਨ।