ਪੰਨਾ:Hanju.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੁੱਪ-ਛਾਂ

************

ਲਗਭਗ ਤਿੰਨ ਸੌ ਵਰੇ ਪਹਿਲਾਂ ਦੀ ਗਲ ਹੈ, ਜਦ ਮੁਗਲ ਰਾਜ ਜੋਬਨ ਉਤੇ ਸੀ। ਭਾਰਤ, ਮੁਗਲ ਬਾਦਸ਼ਾਹਾਂ ਦਾ ਵਤਨ ਬਣ ਚੁੱਕਿਆ ਸੀ। ਹਿੰਦੂ ਮੁਸਲਮਾਨ ਦੁਧ ਖੰਡ ਦੀ ਤਰਾਂ ਘੁਲ ਮਿਲ ਗਏ ਸਨ। ਦੁਧ ਘਿਓ ਦਾ ਘਾਟਾ ਨਹੀਂ ਸੀ। ਅੰਨ ਸਸਤਾ ਸੀ ਕਪੜੇ ਲਤੇ ਦੇ ਭੰਡਾਰ ਭਰੇ ਸਨ। ਭੁੱਖੇ ਮਰਨਾ ਕੋਈ ਨਹੀਂ ਜਾਣਦਾ ਸੀ।

ਇਹ ਸੰਨ ੧੬੧੭ ਈਸਵੀ ਦੀ ਗਲ ਹੈ, ਜਦ ਬੀਜਾ ਪੁਰ ਦਾ ਮੁਖ-ਮੰਤ੍ਰੀ ਮਲਕ ਅਮੀਰ ਮੁਗ਼ਲ ਬਾਦਸ਼ਾਹ ਦੇ ਵਿਰੁਧ ਉਠ ਖੜੋਤਾ ਸੀ। ਉਸ ਨੂੰ ਦਬਾਣ ਲਈ ਰਾਜ-ਪੁਤਰ ਸ਼ਾਹ ਜਹਾਂਨ ਫ਼ੌਜਾਂ ਸਮੇਤ ਦਖਣੀ ਭਾਰਤ ਵਿਚ ਮੌਜੂਦ ਸੀ। ਦੋਹਾਂ ਪਾਸਿਓਂ ਘਮਸਾਨ ਯੁਧ ਮਚ ਰਿਹਾ ਸੀ। ਬਾਦਸ਼ਾਹ ਜਹਾਂਗੀਰ ਉਸ ਸਮੇਂ ਇਕ ਭਾਰੀ ਸੈਨਾ ਦੇ ਨਾਲ ਮਾਧੋ-ਗੜ੍ਹ ਵਿਚ ਛਾਵਣੀ ਪਾ ਕੇ ਠਹਿਰਿਆ ਹੋਇਆ ਸੀ। ਉਹ ਪਲ ਪਲ ਵਿਚ ਉਡੀਕ ਕਰ ਰਿਹਾ ਸੀ ਕਿ ਰਾਜ-ਪੁੱਤਰ ਵਲੋਂ ਜਦ ਕੁਮਕ ਮੰਗੀ ਜਾਵੇ, ਤਾਂ ਇਥੋਂ ਤੁਰਤ ਭੇਜ ਦਿਤੀ ਜਾਵੇਗੀ।