ਪੰਨਾ:Johar khalsa.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੌਹਰ ਖਾਲਸਾ

(੧੩)

ਪਿਛੇ ਹੋਈ ਜਿਹੜੀ ਸੋ ਤਾਂ ਪੜ੍ਹ ਚੁਕੇ ਕਰੋ ਅਗਲੀ ਵਲ ਧਿਆਨ ਭਾਈ
ਅਗੇ ਦਿੱਲੀ ਲਾਹੌਰ ਸਨ ਤਾਕਤਾਂ ਦੋ ਤਿੰਨ ਰਲ ਗਈਆਂ ਹੁਣ ਆਨ ਭਾਈ
ਅੜੇ ਵਿਚ ਆ ਕਾਬਲੀ ਬਾਦਸ਼ਾਹ ਭੀ ਕਰਨ ਖਾਲਸੇ ਨਾਲ ਘਮਸਾਨ ਭਾਈ
ਗੁਰੂ ਆਸਰੇ ਜ਼ੋਰ ਇਤਫਾਕ ਦੇ ਜੀ ਤੇਗਾਂ ਮਾਰ ਕੇ ਵਿਚ ਮੈਦਾਨ ਭਾਈ
ਤਿੰਨੇ ਤਾਕਤਾਂ ਸਿੰਘਾਂ ਨੇ ਤੋੜੀਆਂ ਜਿਉਂ ਲਾਹੇ ਵੈਰੀਆਂ ਦੇ ਭਾਰੇ ਘਾਨ ਭਾਈ
ਲਈ ਮੱਲ ਪੰਜਾਬ ਦੀ ਬਾਦਸ਼ਾਹੀ ਦਿੱਲੀ ਵਿਚ ਭੀ ਝੰਡਾ ਝੁਲਾਨ ਭਾਈ
ਏਸ ਹਿੱਸੇ ਦੇ ਵਿਚ ਪ੍ਰਸੰਗ ਸਾਰੇ ਕਰਾਂ ਨਾਲ ਵਿਸਥਾਰ ਬਿਆਨ ਭਾਈ
ਪੂਰੀ ਘਾਲ ਹੋ ਜਾਇ ਕਰਤਾਰ ਸਿੰਘਾ ਕਦਰ ਪਾਉਣ ਪੜ੍ਹਕੇ ਕਦਰਦਾਨ ਭਾਈ

ਸਦਾ ਕੋਈ ਕਾਇਮ ਨਹੀਂ ਰਿਹਾ


ਸਦਾ ਬਾਦਸ਼ਾਹੀ ਘਰ ਰੱਬ ਦੇ ਹੈ ਹੋਰ ਕੂੜਾ ਪਸਾਰ ਪਸਾਰ ਗਏ
ਸਿਰਜਣਹਾਰ ਨੂੰ ਭੁਲ ਗੁਮਰਾਹ ਹੋਏ ਹੋ ਜੱਗ ਤੋਂ ਅੰਤ ਖਵਾਰ ਗਏ
ਇਕ ਰੰਗ ਨਾ ਕਿਸੇ ਦਾ ਸਦਾ ਰਿਹਾ ਹੋ ਵਲੀ ਤੇ ਪੀਰ ਅਵਤਾਰ ਗਏ
ਸਫਾ ਹਸਤੀ ਤੋਂ ਬੇਇਨਸਾਫ ਹੋਏ ਕਾਲ ਜਾਲ ਤੋਂ ਹੋਇ ਲਾਚਾਰ ਗਏ
ਮੌਤ ਸਫਾਂ ਲਪੇਟੀਆਂ ਉਨ੍ਹਾਂ ਦੀਆਂ ਤੀਰ ਰੱਬ ਵੱਲੇ ਜਿਹੜੇ ਮਾਰ ਗਏ
ਨੇਕ ਖੱਟ ਕੇ ਨੇਕੀਆਂ ਨਾਲ ਲੈ ਗਏ ਬਦ ਬਦੀਆਂ ਪਿਛੇ ਖਿਲਾਰ ਗਏ
ਬੀਰ ਬਿਕ੍ਰਮਾਜੀਤ ਜਹੇ ਰਹੇ ਜਿਊਂਦੇ ਜਿਹੜੇ ਜੱਗ ਤੇ ਕਰ ਉਪਕਾਰ ਗਏ
ਕਾਰੂੰ ਜੈਸਿਆਂ ਖੱਟੀਆਂ ਲਾਹਨਤਾਂ ਹੀ ਜ਼ੁਲਮ ਕਰ ਹੋ ਕੇ ਗੁਨ੍ਹਾਗਾਰ ਗਏ
ਭਲੇ ਬੁਰੇ ਏਥੋਂ ਸਾਰੇ ਰਵਾਂ ਹੋਏ ਖਾਲੀ ਛੱਡ ਕੇ ਮਹਿਲ ਮੁਨਾਰ ਗਏ
ਜਿਹੜੇ ਰਸਤੇ ਮਰ ਗਰੀਬ ਗਏ ਓਸੇ ਰਾਹ ਰੋਂਦੇ ਸ਼ਾਹੂਕਾਰ ਗਏ
ਖਾਲੀ ਹੱਥ ਚਲਾਯਾ ਕਾਲ ਸਭ ਨੂੰ ਜੋੜ ਦੌਲਤਾਂ ਲਾ ਅੰਬਾਰ ਗਏ
ਅੰਤ ਬਿਸਤਰਾ ਸਭ ਦਾ ਖਾਕ ਹੋਇਆ ਜਿਹੜੇ ਪਹਿਨਦੇ ਫੁੱਲਾਂ ਦੇ ਹਾਰ ਗਏ
ਘਾਸ ਖੋਤਣੇ ਵਾਲੇ ਨਾ ਰਹੇ ਜੇਕਰ ਮਰ ਤਾਜ਼ੀਆਂ ਦੇ ਅਸਵਾਰ ਗਏ
ਜਿਹੜੇ ਰਾਹ ਗੁਲਾਮ ਗਰੀਬ ਗਏ ਓਸੇ ਰਾਹ ਹੀ ਮਰ ਸਰਦਾਰ ਗਏ
ਮੁੱਦਾ ਗੱਲ ਕੀ ਰਿਹਾ ਹਮੇਸ਼ ਕੋਈ ਨਾ ਜਾਂਦੀ ਵਾਰ ਸਾਰੇ ਹੱਥ ਝਾੜ ਗਏ
ਜਾਲਮ ਜ਼ੁਲਮ ਦੇ ਸਣੇ ਕਰਤਾਰ ਸਿੰਘਾ ਵਾਜੇ ਕੂੜ ਵਜਾ ਦਿਨ ਚਾਰ ਗਏ

ਸਿੰਘ ਇਤਫਾਕ ਤੇ ਤਲਵਾਰ ਦੇ ਜ਼ੋਰ ਬਚ ਗਏ


ਜਿਹਨੂੰ ਰੱਬ ਰੱਖੇ ਓਹਨੂੰ ਕੌਣ ਮਾਰੇ ਸਿੰਘ ਸੂਬਿਆਂ ਤੋਂ ਹੁਸ਼ਿਆਰ ਬਚ ਗਏ