ਜੌਹਰ ਖਾਲਸਾ
(੨੭)
ਹੋਣਾ ਪਏਗਾ ਹੁਣ ਸ਼ਹੀਦ ਸਾਨੂੰ ਉਤੇ ਜਿਸਮ ਦੇ ਦੁਖ ਸਹਾਰ ਕਰਕੇ
ਸਿੱਖੀ ਸਿਦਕ ਰੱਖੀਂ ਬੱਚਾ ਦਿਲ ਅੰਦਰ ਪੂਰਾ ਉੱਤਰੀਂ ਸੀਸ ਨੂੰ ਵਾਰ ਕਰਕੇ
ਹੱਸ ਮੌਤ ਦੇ ਤਈਂ ਕਬੂਲ ਕਰ ਲਈਂ ਸਤਿਗੁਰਾਂ ਦਾ ਆਸਰਾ ਧਾਰ ਕਰਕੇ
ਕਿਸੇ ਦੁਖ ਤੋਂ ਡੋਲ ਨ ਮੂਲ ਜਾਵੀਂ ਰਹੀਂ ਤਕੜਾ ਮਨ ਨੂੰ ਮਾਰ ਕਰਕੇ
ਦਸਵਾਂ ਪਾਤਸ਼ਾਹ ਤੈਨੂੰ ਕਰਤਾਰ ਸਿੰਘਾ ਲਏ ਗੋਦੀ ਦੇ ਵਿਚ ਪਿਆਰ ਕਰਕੇ
ਸ਼ਾਹਬਾਜ਼ ਸਿੰਘ
ਮਿਹਰ ਕਰੇ ਸਤਿਗੁਰੂ ਤੇ ਸਿਦਕ ਬਖਸ਼ੇ ਓਹੋ ਹੈ ਬੇੜਾ ਬੰਨੇ ਲਾਉਣ ਵਾਲਾ
ਮੇਰੇ ਵਸਨ ਪਿਤਾ ਜੀ ਕੁਝ ਭੀ ਏ ਸੱਚਾ ਪਾਤਿਸ਼ਾਹ ਆਪ ਬਚਾਉਣ ਵਾਲਾ
ਬਖਸ਼ੇ ਹਠ ਮੈਨੂੰ ਤਾਰੂ ਸਿੰਘ ਵਾਲਾ ਬਣਾਂ ਸਿਖ ਪ੍ਰੇਮ ਨਿਭਾਉਣ ਵਾਲਾ
ਮੇਰੇ ਲਈ ਤੁਸੀਂ ਅਰਦਾਸ ਸੋਧੋ ਹੋਵਾਂ ਦੁਖ ਵਿਚ ਸੁਖ ਮਨਾਉਣ ਵਾਲਾ
ਗੁਰੂ ਮਿਹਰ ਕਰੇ ਪਾਸ ਹੋ ਜਾਵਾਂ ਪਾਜ਼ੀ ਬਣਾਂ ਨੂੰ ਦਿਲ ਡੁਲਾਉਣ ਵਾਲਾ
ਬੇੜਾ ਸ਼ਹੁ ਦੇ ਵਿਚ ਕਰਤਾਰ ਸਿੰਘਾ ਸਤਿਗੁਰੂ ਹੈ ਪਾਰ ਲੰਘਾਉਣ ਵਾਲਾ
ਵਾਕ ਕਵੀ
ਪੁਤ੍ਰ ਤਾਈਂ ਕੁਰਬਾਨ ਹੋ ਜਾਣ ਉਤੇ ਸਿੰਘ ਤਿਆਰ ਬਰ ਤਿਆਰ ਕਰਵਾਇ ਗਿਆ
ਸੋਨਾ ਅਗੇ ਹੀ ਸ਼ੁਧ ਸਾਫ ਹੈਸੀ ਉਤੇ ਹੋਰ ਸੁਹਾਗਾ ਫਿਰਾਇ ਗਿਆ
ਮੋਤੀ ਪਹਿਲਾਂ ਹੀ ਉਹ ਅਨਮੁੱਲੜਾ ਸੀ ਆਬ ਚਾੜ੍ਹਕੇ ਚਮਕ ਵਧਾਇ ਗਿਆ
ਦੁਧ ਕੜ੍ਹਿਆ ਸੀ ਅਗੇ ਸਾਫ ਸੋਹਣਾ ਜਾਗ ਲਾਕੇ ਤੁਰਤ ਜਮਾਇ ਗਿਆ
ਖਬਰਦਾਰ ਸ਼ਾਹਬਾਜ਼ ਸਿੰਘ ਹੋ ਬੈਠਾ ਸਿੰਘ ਠੋਕਰ ਚਿਤ ਨੂੰ ਲਾਇ ਗਿਆ
ਬੱਚੇ ਹੰਸ ਦੇ ਤਾਈਂ ਕਰਤਾਰ ਸਿੰਘਾ ਹੰਸ ਮਿਲ ਕੇ ਮੋਤੀ ਚੁਗਾਇ ਗਿਆ
ਪੇਸ਼ੀ
ਦਿਨ ਦੂਸਰੇ ਵਿਚ ਕਚਹਿਰੀ ਦੇ ਜੀ ਸੂਬੇ ਪਿਉ ਪੁਤਰ ਬੁਲਵਾਇ ਦੋਵੇਂ
ਪੈਰੀਂ ਬੇੜੀਆਂ ਹੱਥ ਹਥੌੜੀਆਂ ਪਾ ਖੜੇ ਵਿਚ ਦਰਬਾਰ ਕਰਵਾਇ ਦੋਵੇਂ
ਜਿਥੇ ਕੁਰਸੀਆਂ ਦੇ ਉਤੇ ਬੈਠਦੇ ਸਨ ਅੱਜ ਕੈਦੀਆਂ ਵਾਂਗ ਠਹਿਰਾਇ ਦੋਵੇਂ
ਕੀਤਾ ਕੁਝ ਕਸੂਰ ਨਾ ਕਿਸੇ ਦਾ ਭੀ ਭਾਰੇ ਮੁਰਜਮਾਂ ਵਾਂਗ ਬਨ੍ਹਾਇ ਦੋਵੇਂ
ਉੱਚੀ ਗੱਜ ਕੇ ਫਤਹ ਗਜਾਈਓ ਨੇ ਜਦੋਂ ਸਾਹਮਣੇ ਸੂਬੇ ਦੇ ਆਇ ਦੋਵੇਂ
ਫਟੀ ਸੂਬੇ ਦੀ ਛਾਤੀ ਕਰਤਾਰ ਸਿੰਘਾ ਕਾਰੀ ਜ਼ਖਮ ਕਲੇਜੇ ਤੇ ਲਾਇ ਦੋਵੇਂ
ਸੂਬਾ
ਸੂਬਾ ਆਖਦਾ ਦਸ ਸੁਬੇਗ ਸਿੰਘਾ ਕੀਹ ਫੈਸਲਾ ਰਾਤ ਕਰਵਾਯਾ ਤੂੰ