ਜੌਹਰ ਖਾਲਸਾ
(੬੩)
ਖਾਨਦਾਨ ਓਸੇ ਵਿਚ ਇਕ *ਅਹਿਮਦ ਪੈਦਾਵਾਰ ਹੋਯਾ ਹੈਸੀ ਆਇ ਭਾਈ
ਛੋਟੇ ਹੁੰਦੇ ਦਾ ਮਰਗਿਆ ਬਾਪ ਸਿਰ ਤੋਂ ਲਿਆ ਦੁਖਾਂ ਨੇ ਆਣਦਬਾਇ ਭਾਈ
ਮਾਂ ਕਰ ਮਜ਼ਦੂਰੀਆਂ ਦਿਨ ਕੱਟੇ ਵੇਲਾ ਵਖਤਾਂ ਨਾਲ ਲੰਘਾਇ ਭਾਈ
ਸਾਬਰ ਸ਼ਾਹ ਫਕੀਰ ਸੀ ਇਕ ਓਧਰ ਅਹਿਮਦ ਓਸਦੇ ਪਾਸ ਰਹਾਇ ਭਾਈ
ਓਹ ਖੁਸ਼ ਹੋ ਕੇ ਏਸੇ ਅਹਿਮਦੇ ਨੂੰ 'ਮੇਰਾ ਅਹਿਮਦ ਸ਼ਾਹ' ਬੁਲਾਇ ਭਾਈ
ਇਕ ਦਿਨ ਫਕੀਰ ਉਹ ਵਿਚ ਜੰਗਲ ਅਹਿਮਦਸ਼ਾਹ ਦੇ ਤਈਂ ਬੈਠਾਇ ਭਾਈ
ਵੱਡੇ ਨਾਲ ਪਰੇਮ ਦੇ ਲੈ ਪੱਤੇ +ਚੌਰ ਓਸ ਦੇ ਸਿਰ ਢੁਰਾਇ ਭਾਈ
ਏਨੇ ਚਿਰ ਤਾਈਂ ਨਾਦਰ ਆਇ ਗਿਆ ਸਾਬਰਸ਼ਾਹ ਦੇ ਤਈਂ ਪੁਛਾਇ ਭਾਈ
ਇਹਕੀਹ ਆਪ ਕਰਦੇ,ਦੱਸੋ ਮੌਜਕੀਏ,ਸਾਬਰ ਆਖਯਾ ਸਹਿਜ ਸੁਭਾਇ ਭਾਈ
ਮੈਂ ਆਪਣੇ ਅਹਿਮਦ ਸ਼ਾਹ ਦੇ ਸਿਰ ਸ਼ਾਹੀ ਚੌਰ ਹਾਂ ਰਿਹਾ ਫਿਰਾਇ ਭਾਈ
ਬਾਦਸ਼ਾਹ ਮੈਂ ਇਹਨੂੰ ਬਨਾਵਣਾ ਏਂ ਅਰਜ਼ ਕਰ ਕੇ ਪਾਸ ਖੁਦਾਇ ਭਾਈ
ਇਹਨੂੰ ਆਪਣੇ ਪਾਸ ਕਰਤਾਰ ਸਿੰਘਾ ਤੂੰ ਦੇਇ ਕੋਈ ਥਾਂ ਰਖਾਇ ਭਾਈ
ਅਹਿਮਦ ਸ਼ਾਹ ਦਾ ਬਾਦਸ਼ਾਹ ਬਣਨਾ
ਓਸੇ ਦਿਨ ਹੀ ਨਾਦਰ ਸ਼ਾਹ ਨੇ ਲੈ ਅਹਿਮਦ ਸ਼ਾਹ ਸਰਦਾਰ ਬਣਾਯਾ ਸੀ
ਕੀਤਾ ਨਾਦਰ ਨੇ ਧਾਵਾ ਹਿੰਦ ਉਤੇ ਨਾਲ ਅਹਿਮਦ ਸ਼ਾਹ ਭੀ ਆਯਾ ਸੀ
ਵੇਖ ਗਿਆ ਉਹ ਦੇਸ ਦਾ ਹਾਲ ਸਾਰਾ ਭੇਦ ਸ਼ਾਹੀ ਕਮਜ਼ੋਰੀ ਦਾ ਪਾਯਾ ਸੀ
ਨਾਦਰ ਗਿਆ ਹਿਰਾਤ ਦੇ ਵਿਚ ਜਦੋਂ ਪਾਸਾ ਆਣਕੇ ਰੱਬ ਪਲਟਾਯਾ ਸੀ
ਸਮਰ ਖਾਂ ਸਾਲਾ ਨਾਦਰਸ਼ਾਹ ਦਾ ਜੋ ਅਹਿਮਦਸ਼ਾਹ ਨਾਲ ਵੈਰ ਵਧਾਯਾ ਸੀ
ਨਾਵੇਂ ਕੱਟ ਦਿਤੇ ਇਹਦੇ ਸਾਥੀਆਂ ਦੇ ਗੁੱਸਾ ਓਹਨਾਂ ਨੇ ਬੜਾ ਮਨਾਯਾ ਸੀ
ਰਾਤ ਸਮਰ ਖਾਂ ਦੇ ਉਤੇ ਕਰ ਧਾਵਾ ਫੜ ਓਸ ਨੂੰ ਮਾਰਨਾ ਚਾਹਯਾ ਸੀ
ਨਾਦਰਸ਼ਾਹ ਦੇ ਤੰਬੂ ਵਿਚ ਜਾਇ ਵੜਿਆ ਉਨ੍ਹਾਂ ਉਥੇ ਹੀ ਜਾਇ ਘਿਰਾਯਾ ਸੀ
ਨਾਦਰਸ਼ਾਹ ਸਣੇ ਸਾਰੇ ++ਕਤਲ ਕੀਤੇ ਅਹਿਮਦਸ਼ਾਹ ਨੂੰ ()ਤਖਤ ਬੈਠਾਯਾ ਸੀ
ਮੱਲ ਕਾਬਲ ਕੰਧਾਰ ਕਰਤਾਰ ਸਿੰਘਾ ਅਹਿਮਦ ਸ਼ਾਹ ਨੇ ਜ਼ੋਰ ਵਧਾਯਾ ਸੀ
*ਅਹਿਮਦ ਸ਼ਾਹ ਜ਼ਮਾਨ ਸ਼ਾਹ ਦਾ ਪੁਤ੍ਰ ਤੇ ਦੌਲਤ ਖਾਂ ਦਾ ਪੋਤਾ ਸੀ । ਇਸਦੇ ਵਡੇ ਮੁਲਤਾਨ ਦੇ ਵਸਨੀਕ ਸਨ ਪਰ ੧੧੨੯ ਹਿਜਰੀ ਮੁਤਾਬਕ ੧੭੨੦ ਈ: ਨੂੰ ਅਬਦੁਲ ਖਾਂ (ਜੋ ਅਹਿਮਦ ਸ਼ਾਹ ਦਾ ਵਡਾ ਸੀ) ਹਿਰਾਤ ਦੇ ਇਲਾਕੇ ਵਿਚ ਜਾ ਵੱਸਿਆ ॥
+ਅਬਦੁਲ ਕਰੀਮ ਉਲਵੀ ਅਹਿਮਦ ਸ਼ਾਹ ਦਾ ਆਪਣਾ ਇਤਿਹਾਸਕਾਰ ।
++ਜੂਨ ੧੭੪੭ ਈਸਵੀ ਨੂੰ। ()੧੭੪੭ ਈ: ਨੂੰ ੨੩ ਸਾਲ ਦੀ ਉਮਰ ਵਿਚ ।