(੯੨)
ਜੌਹਰ ਖਾਲਸਾ
ਨਾ ਦੁਰਾਨੀਆਂ ਨੂੰ ਪਵੇ ਹੌਂਸਲਾ ਆ ਉਹ ਭੀ ਤੋਪਾਂ ਦੀ ਮਾਰ ਡਰਾ ਛੱਡੇ
ਹੋਣਾ ਕੋਟ ਲਾਹੌਰ ਦਾ ਫਤਹ ਔਖਾ ਬਾਦਸ਼ਾਹ ਨੇ ਹੌਂਸਲੇ ਢਾ ਛੱਡੇ
+ਕਈ ਮਾਹ ਲੜਾਈ ਨ ਹੋਈ ਕੋਈ ਬੈਠ ਖਾ ਜ਼ਖੀਰੇ ਮੁਕਾ ਛੱਡੇ
ਬੇਹੌਸਲੇ ਹੋ ਕਰਤਾਰ ਸਿੰਘਾ ਝੇੜੇ ਦੋਹਾਂ ਨੇ ਲੰਮੇ ਵਧਾ ਛੱਡੇ
ਸਿੰਘਾਂ ਦੀ ਸ਼ਹਿਰੀਆਂ ਨਾਲ ਲੜਾਈ
ਬਾਹਰ ਮੋਰਚਾ ਯੱਕੀ ਦਰਵਾਜ਼ਿਓਂ ਸੀ ਸਿੰਘ ਬੈਠੇ ਹੈਸਨ ਡੇਰੇ ਪਾ ਭਾਈ
ਓਧਰ ਜ਼ੋਰ ਦੁਰਾਨੀਆਂ ਪਾਇਆ ਨਾ ਡਰ ਸਿੰਘਾਂ ਦੀ ਤੇਗ ਦਾ ਖਾ ਭਾਈ
ਵਿਹਲਾ ਮੋਰਚਾ ਸਿੰਘ ਭੀ ਰਹਿਣ ਫਿਰਦੇ ਲੰਮਾ ਫਿਕਰ ਨ ਰਖਿਆ ਕਾ ਭਾਈ
ਇਕ ਦਿਨ ਗਏ ਸਿੰਘ ਸ਼ਹਿਰ ਅੰਦਰ ਅਗੇ ਦੇਖਦੇ ਨਜ਼ਰ ਉਠਾ ਭਾਈ
ਮੁਸਲਮਾਨ ਕਰਦੇ ਗਊਆਂ ਜ਼ਿਬਾ ਡਿੱਠੇ ਰਹੇ ਓਹਨਾਂ ਤਾਈਂ ਸਮਝਾ ਭਾਈ
ਉਹ ਨਾ ਸਮਝੇ ਹੋ ਕੁਪੱਤ ਪਿਆ ਸਿੰਘਾਂ ਦਸ ਕੁ ਲਏ ਝਟਕਾ ਭਾਈ
ਮੁਸਲਮਾਨ ਸ਼ਹਿਰੀ ਹੋਰ ਉਠ ਪਏ ਗਿਰਦ ਹੋਇ ਸਿੰਘਾ ਸਾਰੇ ਆ ਭਾਈ
ਓਧਰ ਸਿੰਘਾਂ ਭੀ ਸੁਣਿਆਂ ਹਾਲ ਸਾਰਾ ਕੁੱਦ ਪਏ ਓਹ ਫਤਹ ਗਜਾ ਭਾਈ
ਕੌੜੇ ਮੱਲ ਦੀਵਾਨ ਨੂੰ ਖਬਰ ਹੋ ਗਈ ਪਹੁੰਚ ਗਿਆ ਓਹ ਘੋੜਾ ਦੁੜਾ ਭਾਈ
ਵਿਚ ਆਣ ਦਾਨਾ ਕਰਤਾਰ ਸਿੰਘਾ ਦੇਵੇ ਝੱਟ ਫਸਾਦ ਮਿਟਾ ਭਾਈ
ਦੁਰਾਨੀਆਂ ਨੇ ਦੇਸ ਬਰਬਾਦ ਕਰਨਾ
ਗਿਰਦ ਸ਼ਹਿਰ ਦੇ ਫੌਜ ਦੁਰਾਨੀਆਂ ਦੀ ਲੁੱਟ ਉਨਾਂ ਨੇ ਹੈਸੀ ਮਚਾਈ ਭਾਰੀ
ਦਸਾਂ ਦਸਾਂ ਕੋਹਾਂ ਤਕ ਫਿਰਨ ਗਿਲਜੇ ਪਰਜਾ ਮਾਰ ਬਰਬਾਦ ਕਰਾਈ ਭਾਰੀ
ਦਾਣਾ ਪਾਸ ਪੱਠਾ ਕਿਤੇ ਛੱਡਦੇ ਨਾ ਪਾਈ ਦੇਸ ਦੇ ਵਿਚ ਤਬਾਹੀ ਭਾਰੀ
ਇਰਦ ਗਿਰਦ ਦੇ ਪਿੰਡ ਬਰਬਾਦ ਕੀਤੇ ਲੁੱਟ ਪੁੱਟ ਕੇ ਤੰਗੀ ਪੁਚਾਈ ਭਾਰੀ
ਰੰਨ ਕੁੜੀ ਮੁੰਡੇ ਜਬਰੀ ਖੋਹ ਲੈਂਦੇ ਖਾਕ ਦੇਸ ਦੀ ਮਾਰ ਉਡਾਈ ਭਾਰੀ
ਦੁਧ ਘਿਉ ਮਿਠਾ ਕਿਤੇ ਛਡਿਆ ਨਾ ਗਊ ਭੈਂਸ ਦੀ ਕੀਤੀ ਸਫਾਈ ਭਾਰੀ
ਲੋਕ ਪਿੰਡ ਨੂੰ ਛੱਡਕੇ ਨੱਠ ਗਏ ਸ਼ਾਮਤ ਦੇਸ ਦੇ ਸਿਰ ਤੇ ਆਈ ਭਾਰੀ
ਹੋ ਗਿਆ ਬਰਬਾਦ ਕਰਤਾਰ ਸਿੰਘਾ ਘਟਾ ਕਹਿਰ ਦੀ ਦੇਸ ਤੇ ਛਾਈ ਭਾਰੀ
ਸ਼ਹਿਰ ਵਿਚੋਂ ਰਸਦ ਮੁਕ ਜਾਣੀ
ਕਹਿੰਦੇ ਖਾਂਦਿਆਂ ਖੂਹ ਨਿਖੁੱਟ ਜਾਂਦੇ ਥੁੜਨ ਹੌਲੀ ਹੌਲੀ ਆ ਸਮਾਨ ਲੱਗੇ
ਫੌਜਾਂ ਲੁੱਟ ਖਾਧਾ ਅੰਦਰ ਸ਼ਹਿਰ ਤਾਈਂ ਲੋਕ ਹੋ ਕੰਗਾਲ ਕੁਰਲਾਨ ਲੱਗੇ
+ਸ਼ਹਿਰ ਦਾ ਘੇਰਾ ਚਾਰ ਮਹੀਨੇ ਦੇ ਕਰੀਬ ਰਿਹਾ ।