ਕਹਾਣੀ
ਜੂਲੀਅਸ ਸੀਜ਼ਰ, ਪਰਾਚੀਨ ਰੋਮਨ ਸਾਮਰਾਜ ਦਾ ਮਹਾਨ ਯੋਧਾ, ਸੀਜ਼ਰ ਖਾਨਦਾਨ ਦਾ ਸਿਰਮੌਰ ਹਸਤਾਖਰ ਪਹਿਲੀ ਸਦੀ ਈਸਾ ਪੂਰਬ ਵਿੱਚ ਆਪਣੇ ਸ਼ਾਨਦਾਰ ਜੀਵਨ ਦੇ ਸਿਖਰ ਤੇ ਸੀ। ਉਹ ਹੁਣੇ ਹੁਣੇ ਸਪੇਨ ਮੁਲਕ ਨੂੰ ਅਧੀਨ ਕਰ, ਲੁੱਟ ਦੇ ਮਾਲ ਨਾਲ ਮਾਲਾਮਾਲ, ਜਿੱਤ ਦੇ ਨਸ਼ੇ ਚ ਮਖਮੂਰ ਸੁਦੇਸ਼ ਵਾਪਸ ਪਰਤਿਆ ਹੈ। ਜਸ਼ਨ ਮਨਾਏ ਜਾ ਰਹੇ ਹਨ; ਦੋਸਤ ਨਿਹਾਇਤ ਖੁਸ਼ ਹਨ; ਹਾਸਦ ਸੜ ਬਲ਼ ਕੋਇਲਾ ਹੋ ਰਹੇ ਹਨ। ਕੁੱਝ ਲੋਕਾਂ ਨੂੰ ਇਹ ਵੀ ਡਰ ਹੈ ਮਤੇ ਸੀਜ਼ਰ ਚਾਪਲੂਸਾਂ ਪਿੱਛੇ ਲੱਗ, ਸ਼ਹਿਨਸ਼ਾਹ ਨਾ ਬਣ ਬੈਠੇ। ਕੈਸੀਅਸ ਵਰਗੇ ਜਿੱਥੇ ਆਜ਼ਾਦੀ ਦੇ ਮਤਵਾਲੇ ਵੀ ਹਨ ਉਥੇ ਹਾਸਦ ਅਤੇ ਮੱਕਾਰ ਵੀ ਹਨ। ਕਾਸਕਾ ਵਰਗੇ ਹੱਥਛੁੱਟ ਮੂਰਖਾਂ ਨੂੰ
ਪਿੱਛੇ ਲਾਉਣਾ ਮੁਸ਼ਕਲ ਨਹੀਂ ਤੇ ਬਰੂਟਸ ਵਰਗੇ ਸੁਤੰਤਰਤਾ ਪਰੇਮੀ ਦੇਸ਼ ਭਗਤਾਂ ਨੂੰ ਉਨ੍ਹਾਂ ਦੀ ਆਪਣੀ ਕੁਲੀਨਤਾ, ਮਹਾਨਤਾ ਅਤੇ ਪ੍ਰਤਿਸ਼ਠਾ ਦਾ ਵਾਸਤਾ ਦੇ ਕੇ ਸਾਜ਼ਸ਼ 'ਚ ਭਾਈਵਾਲ ਬਨਾਉਣਾ ਕੈਸੀਅਸ ਦੇ ਖੱਬੇ ਹੱਥ ਦਾ ਕੰਮ ਹੈ। ਭਰੀ ਸੰਸਦ ਵਿੱਚ ਬਹਾਨਾ ਲੈਕੇ ਸੀਜ਼ਰ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਡਿੱਗਦਾ ਸੀਜ਼ਰ, ਬਰੂਟਸ ਵਰਗੇ ਮਿੱਤਰ ਦਾ ਲਹੂ ਭਿੱਜਾ ਖੰਜਰ ਵੇਖ ਹੈਰਾਨੀ ਵਿੱਚ ਬੁੜਬੁੜਾਂਦਾਂ ਹੈ: "ਬਰੂਟਸ! ਤੂੰ ਵੀ!" ਮਾਰਕ ਐਨਟਨੀ ਨਿਹਾਇਤ ਦੂਰ ਦਰਸ਼ੀ, ਚਾਲਾਕ ਅਤੇ ਵੀਰ ਯੋਧਾ ਹੈ। ਉਹ ਆਪਣੇ ਆਪ ਨੂੰ ਰੋਮ ਦਾ ਭਵਿੱਖ ਮੰਨਦਾ ਹੈ; ਅਤੇ ਸੀਜ਼ਰ ਦੇ ਜਨਾਜ਼ੇ ਤੇ ਦਿੱਤੀ ਆਪਣੀ ਜਜ਼ਬਾਤੀ ਤਕਰੀਰ ਦੁਆਰਾ ਜਨਸਮੂਹ ਨੂੰ ਭਾਵੁਕ ਕਰ ਬਗਾਵਤ ਤੇ ਆਮਾਦਾ ਕਰ ਸਾਜ਼ਸ਼ੀਆਂ ਦੇ ਘਰਾਂ ਨੂੰ ਸੜਵਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਰੋਮ ਛੱਡਣ ਤੇ ਮਜਬੂਰ ਕਰ ਦਿੰਦਾ ਹੈ। ਫਿਲਪੀ ਦੇ ਮੈਦਾਨ ਵਿੱਚ ਮਾਰਕ ਐਨਟਨੀ ਤੇ ਔਕਟੇਵੀਅਸ ਸੀਜ਼ਰ (ਜੂਲੀਅਸ ਸੀਜ਼ਰ ਦਾ ਭਤੀਜਾ) ਅਤੇ ਬਰੂਟਸ ਤੇ ਕੈਸੀਅਸ ਦੀਆਂ ਫੋਜਾਂ ਦੀ ਭਿੜੰਤ ਹੁੰਦੀ ਹੈ। ਸਾਜ਼ਸ਼ੀਆਂ ਨੂੰ ਹਾਰ ਹੋਣ ਉਪ੍ਰੰਤ ਕੈਸੀਅਸ ਤੇ ਬਰੂਟਸ ਖੁਦਕਸ਼ੀ ਕਰ ਲੈਂਦੇ ਹਨ; ਅਤੇ ਮਾਰਕ ਐਨਟਨੀ, ਔੋਕਟੇਵੀਅਸ ਤੇ ਲੈਪੀਡਸ ਦੇ ਤ੍ਰਿਤੰਤਰ ਦਾ ਸ਼ਾਸਨ ਸਥਾਪਤ ਹੋ ਜਾਂਦਾ ਹੈ। ਐਨਟਨੀ ਮਿਰਤ ਬਰੂਟਸ ਨੂੰ ਸੱਚੇ ਦੇਸ਼ਭਗਤ ਸ਼ੂਰਵੀਰ ਦੀ ਉਪਾਧੀ ਦੇ ਕੇ ਰਾਜਕੀਆ ਸਨਮਾਨ ਸਹਿਤ ਉਸ ਦਾ ਕਫਨ ਦਫਨ ਕਰਵਾ ਦਿੰਦਾ ਹੈ।
14