ਪੰਨਾ:Khapatvaad ate Vatavaran Da Nuksan.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਣ ਵਾਲੀ ਕੁੱਲ ਰਬੜ ਦਾ ਅੱਧਾ ਹਿੱਸਾ, ਕੁੱਲ ਸ਼ੀਸ਼ੇ ਦਾ ਚੌਥਾ ਹਿੱਸਾ ਅਤੇ ਕੁੱਲ ਸਟੀਲ ਦਾ 15 ਫੀਸਦੀ ਹਿੱਸਾ ਕਾਰਾਂ ਦੇ ਉਤਪਾਦਨ ਲਈ ਵਰਤਿਆ ਗਿਆ ਹੈ। ਇਸ ਦੇ ਨਾਲ ਨਾਲ ਇਕੱਲੀਆਂ ਪੈਸੰਜਰ ਕਾਰਾਂ ਹੀ ਹਰ ਸਾਲ ਦੁਨੀਆ ਵਿੱਚ ਵਰਤੀ ਜਾਂਦੀ ਕੁੱਲ ਊਰਜਾ (ਐਨਰਜੀ) ਦਾ 15 ਫੀਸਦੀ ਹਿੱਸਾ ਵਰਤਦੀਆਂ ਹਨ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕਾਰਾਂ ਲਈ ਸੜਕਾਂ ਬਣਾਉਣ ਅਤੇ ਸੜਕਾਂ ਦੀ ਦੇਖਭਾਲ ਉੱਪਰ ਖਰਚ ਆਉਣ ਵਾਲੀ ਊਰਜਾ ਇਸ 15 ਫੀਸਦੀ ਵਿੱਚ ਜਮ੍ਹਾਂ ਨਹੀਂ ਕੀਤੀ ਗਈ।[1]

ਇਹ ਗੱਲ ਵੀ ਅਸੀਂ ਸਾਰੇ ਜਾਣਦੇ ਹਾਂ ਕਿ ਤੇਲ-ਪੈਟਰੌਲ ਆਦਿ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਾਤਾਵਰਨ ਵਿੱਚ ਗਰੀਨਹਾਊਸਾਂ ਗੈਸਾਂ ਫੈਲਾਉਣ ਵਿੱਚ ਅਹਿਮ ਭੂਮਿਕਾ ਹੈ। ਇਸ ਸਮੇਂ ਦੁਨੀਆ ਵਿੱਚ ਊਰਜਾ ਦੀ ਵਰਤੋਂ ਕਾਰਨ ਵਾਤਾਵਰਨ ਵਿੱਚ ਫੈਲਣ ਵਾਲੀ ਕਾਰਬਨਡਾਇਔਕਸਾਈਡ ਦਾ ਤਕਰੀਬਨ ਪੰਜਵਾਂ ਹਿੱਸਾ ਮੋਟਰ-ਕਾਰਾਂ ਦੀ ਵਰਤੋਂ ਕਾਰਨ ਪੈਦਾ ਹੁੰਦਾ ਹੈ।[2] ਇਕ ਕਾਰ ਵਲੋਂ ਸਾਲ ਵਿੱਚ ਔਸਤਨ ਕਿੰਨੀ ਕੁ ਕਾਰਬਨਡਾਇਔਕਸਾਈਡ ਛੱਡੀ ਜਾਂਦੀ ਹੈ? ਇਹ ਦਰ ਹਾਲਤਾਂ ਦੇ ਵੱਖਰੇਵਿਆਂ ਕਾਰਨ ਵੱਖ ਵੱਖ ਦੇਸ਼ਾਂ ਵਿੱਚ ਵੱਖਰੀ ਹੈ। ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਅਮਰੀਕਾ ਵਿੱਚ ਸਾਲ ਵਿੱਚ ਇਕ ਕਾਰ ਔਸਤਨ 500 ਗੈਲਨ ਤੇਲ ਖਾਂਦੀ ਹੈ ਅਤੇ ਗੱਡੀ ਵਿੱਚ ਬਲੇ ਪੈਟਰੋਲ ਦੀ ਇਕ ਗੈਲਨ ਵਾਤਾਵਰਨ ਵਿੱਚ 8.8 ਕਿਲੋਗ੍ਰਾਮ ਜਾਂ 19.4 ਪੌਂਡ ਕਾਰਬਨਡਾਇਔਕਸਾਈਡ ਫੈਲਾਉਂਦੀ ਹੈ ਅਤੇ ਡੀਜ਼ਲ ਦੀ ਇਕ ਗੈਲਨ ਵਾਤਾਵਰਨ ਵਿੱਚ 10.1 ਕਿਲੋਗ੍ਰਾਮ ਜਾਂ 22.2 ਪੌਂਡ ਕਾਰਬਨਡਾਇਔਕਸਾਈਡ ਫੈਲਾਉਂਦੀ ਹੈ।[3] ਇਸ ਸਮੇਂ ਇਕੱਲੇ ਅਮਰੀਕਾ ਵਿੱਚ ਕਾਰਾਂ ਦੀ ਗਿਣਤੀ 25 ਕ੍ਰੋੜ (250 ਮਿਲੀਅਨ) ਦੇ ਕਰੀਬ ਦੱਸੀ ਜਾਂਦੀ ਹੈ।[4] ਇਹ ਕਾਰਾਂ ਸਾਲ ਵਿੱਚ ਕਿੰਨੀ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਫੈਲਾਉਂਦੀਆਂ ਹੋਣਗੀਆਂ ਉਸ ਦਾ ਹਿਸਾਬ ਤੁਸੀਂ ਆਪ ਲਾ ਸਕਦੇ ਹੋ।

20

  1. Dauvergne, Peter (2008). (p. 57).
  2. Dauvergne, Peter (2008). (p. 57).
  3. EPA (February 2005). Emission Facts: Average Carbon Dioxide Emissions Resulting from Gasoline and Diesel Fuel (EPA420-F-05001). Downloaded July 9/2010 from: http://www.epa.gov/oms/climate/420f05001.pdf
  4. Blanco Sebastian (January 4, 2010). Report: Number of cars in US dropped by four million in 2009 - is America's love affair ending?. Downloaded on May 27, 2011 from: http://green.autoblog.com/2010/01/04/report-number-of-cars-in-theu-s-dropped-by-four-million-in-20/