ਪੰਨਾ:Macbeth Shakespeare in Punjabi by HS Gill.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਮੈਕਬੈਥ:ਜੋ ਮਸ਼ੱਕਤ ਖੁਸ਼ੀਆਂ ਬਖਸ਼ੋ,ਆਪ ਬਣੇ ਤਕਲੀਫ਼ ਦੀ ਦਾਰੂ।
ਆਹ ਰਿਹਾ ਦਰਵਾਜ਼ਾ।
ਮੈਕਡਫ:ਗੁਸਤਾਖੀ ਕਰਦਾਂ,ਆਵਾਜ਼ ਦੇ ਰਿਹਾਂ। ਬੱਸ ਏਨੀ ਸੀ ਸੇਵਾ ਲੱਗੀ।
{ਪ੍ਰਸਥਾਨ ਮੈਕਡਫ}

ਲੈਨੌਕਸ:ਮੁੜ ਜਾਣੈਂ ਅੱਜ ਸ਼ਾਹ ਨੇ?
ਮੈਕਬੈਥ:ਹਾਂ,ਏਹੋ ਸੀ ਹੁਕਮ ਉਨ੍ਹਾਂ ਦਾ।
ਲੈਨੌਕਸ:ਰਾਤ ਬੜੀ 'ਆਵਾਰਾ' ਬੀਤੀ,ਬੜਾ ਸੀ ਝੱਖੜ,ਤੂਫਾਨ ਬੜਾ ਸੀ
ਜਿਹੜੇ ਕਮਰੇ ਅਸੀਂ ਸੀ ਸੁੱਤੇ,ਚਿਮਨੀਆਂ ਹੀ ਉੱਡ ਗਈਆਂ ਓਥੇ:
ਜਿਵੇਂ ਕਹਿੰਦੇ ਨੇ:ਵਾ' ਵਿਰਲਾਪੀ ਲਗ ਰਹੀ ਸੀ:
ਵੈਣ,ਕੀਰਨੇ ਪੈਂਦੇ ਜਿੱਦਾਂ,ਮਰਗ ਕਿਸੇ ਤੇ:-
ਖੌਫ਼ਨਾਕ ਅੰਦਾਜ਼ 'ਚ ਜਿੱਦਾਂ,ਭਵਿੱਖਬਾਣੀ ਸੀ ਕੋਈ ਹੁੰਦੀ:
ਅਫਰਾਤਫਰੀ,ਖਾਨਾ-ਜੰਗੀ,ਅੱਗਾਂ ਨਾਲ ਤਬਾਹੀ ਵਾਲੀ:
ਤਾਜ਼ਾਂ ਰਚੀਆਂ ਸਾਜ਼ਸ਼ਾਂ ਵਾਲੀ,ਬਦਬਖਤ, ਉਦਾਸ ਜ਼ਮਾਨੇ ਵਾਲੀ:
ਬੂਦਮ ਬਦਨਾਮ ਨ੍ਹੇਰ ਦਾ ਪੰਛੀ,ਸਾਰੀ ਰਾਤ ਰਿਹਾ ਹੂਕਦਾ:
ਕਈ ਤਾਂ ਕਹਿੰਦੇ ਧੂਆਂ ਸ਼ਿਵ ਦਾ ਜਾਗ ਪਿਆ ਸੀ:
ਧਰਤ ਬੇਚਾਰੀ ਨਾਲ ਤਪਸ਼ ਦੇ ਕੰਬ ਰਹੀ ਸੀ-।
ਮੈਕਬੈਥ:ਬੜੀ ਤੂਫਾਨੀ ਰਾਤ ਸੀ ਇਹੇ।
ਲੈਨੌਕਸ:ਨਿੱਕੀ ਆਯੂ ਵਿੱਚ ਮੈਂ ਆਪਣੀ,ਸਾਨੀ ਰਾਤ ਨਾਂ ਇਹਦੀ ਵੇਖੀ।
{ਮੈਕਡਫ ਦਾ ਮੁੜ ਪ੍ਰਵੇਸ਼}


ਮੈਕਡਫ:ਓ ਭਿਆਨਕ,ਕਹਿਰ ਭਿਆਨਕ!-
ਦਿਲ,ਜ਼ੁਬਾਂ ਤਾਂ ਚਿਤਵ ਨਹੀਂ ਸਕਦੇ, ਨਾਂ ਹੀ ਤੈਨੂੰ ਨਾਂਅ ਦੇ ਸਕਦੇ!
ਮੈਕਬੈਥ/ਲੈਨੌਕਸ:ਕੀ ਹੋ ਗਿਆ? ਕਿ ਹੋ ਗਿਆ?
ਮੈਕਡਫ:ਅਫਰਾਤਫਰੀ, ਘਬਰਾਹਟ ਨੇ ਹੁਣ,ਆਪਣਾ ਹੀ ਸ਼ਾਹਕਾਰ ਬਣਾਇਐ
ਮਹਾਂ ਨਾਪਾਕ ਕਤਲ ਨੇ ਢਾਹ ਕੇ ਢੇਰੀ ਕੀਤੈ,
ਪਰਮ ਪਿਤਾ ਦਾ ਅਭੀਸ਼ੇਕਤ ਮੰਦਰ,ਨਾਲੇ ਚੋਰੀ ਕਰ ਲੈਗਿਆ,
ਇਮਾਰਤ ਵਾਲੀ ਜਿੰਦ-ਜਾਨ ਨੂੰ।
ਮੈਕਬੈਥ:ਕੀ ਆਖਦੈਂ?--ਜਿੰਦ?
ਲੈਨੌਕਸ:ਮਹਾਰਾਜ ਅਧਿਰਾਜ-ਮਤਲਬ ਹੈ ਤੇਰਾ?
ਮੈਕਡਫ:ਕਮਰੇ ਅੰਦਰ ਜਾ ਕੇ ਵੇਖੋ,
ਘੋਰ ਭਿਆਨਕ ਨਾਗਕੇਸ਼ੀ ਨਵੀਂ ਖੜੀ ਹੈ, ਦਰਸ ਕਰੋ:
ਨਜ਼ਰ ਗੁਆਓ,ਅੰਨ੍ਹੇ ਹੋ ਜਾਓ,ਨੈਣੀਂ ਜ਼ਹਿਰ ਚੁਆਓ।

37