ਪੰਨਾ:Macbeth Shakespeare in Punjabi by HS Gill.pdf/80

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਮੈਕਡਫ:ਹੱਮ--! ਅੰਦਾਜ਼ਾ ਜਿਹਾ ਤਾਂ ਲੱਗੀਂ ਜਾਂਦੈ।
ਰੌਸ:ਅਚਾਨਕ ਕਿਲੇ ਤੇ ਕਰਕੇ ਹਮਲਾ, ਬੀਵੀ ਬੱਚੇ ਮਾਰ ਮੁਕਾਏ,
ਵਹਿਸ਼ੀ ਕਰਨ ਜ਼ਿਬ੍ਹਾ ਜਿਸ ਤਰਾਂ, ਕੱਟ ਸੁੱਟੇ ਇਉਂ ਪੋਰੀ ਪੋਰੀ:
ਪੁੱਛੇ ਜਾਣ ਤੇ ਇਹ ਸਭ ਦੱਸਣਾ, ਕਿੱਦਾਂ ਕੀਤੇ ਕਤਲ ਪਿਆਰੇ,
ਮੌਤ ਤੇਰੀ ਨੂੰ ਕਤਲਾਂ ਅੰਦਰ, ਸ਼ਾਮਲ ਕਰਨ ਤੋਂ ਘੱਟ ਨਹੀਂ ਹੈ।
ਮੈਲਕੌਲਮ:ਦੁਹਾਈ ਓ ਮਾਲਿਕ ! ਰਹਿਮ ਓ ਅੰਬਰ!
ਇਹ ਕੀ, ਬੰਦਿਆ! ਇਉਂ ਟੋਪੀ ਨਾਂ ਖਿੱਚ ਭਵਾਂ ਤੇ:
ਸੋਗ ਨੂੰ ਆਪਣੇ ਮਰਦਾਂ ਵਾਂਗੂੰ, ਰੂਪ ਦੇਹ ਤੂੰ ਸ਼ਬਦਾਂ ਵਾਲਾ:
ਰੰਜ ਜੋ ਬੱਸ ਗੱਲਾਂ ਕਰਦਾ, ਲਬਾਲਬ ਭਰੇ ਰਿਦੇ ਨਾਲ ਹੀ,
ਹੱਥੀਂ ਉਹਨੂੰ ਤੋੜ ਹੀ ਬਹਿੰਦਾ।
ਮੈਕਡਫ:ਬੱਚੇ ਵੀ ਉਸ ਮਾਰਤੇ ਮੇਰੇ?
ਰੌਸ:ਬੀਵੀ, ਬੱਚੇ, ਨੌਕਰ, ਚਾਕਰ, ਜੋ ਮਿਲੇ ਸੋ ਮਾਰਤੇ ਸਾਰੇ।
ਮੈਕਡਫ:ਤੇ ਮੈਂ ਆਪ ਨਹੀਂ ਸਾਂ ਉਥੇ !- ਬੇਗਮ ਵੀ ਮੇਰੀ ਮਾਰ ਹੀ ਛੱਡੀ?
ਰੌਸ:ਦੱਸ ਚੁੱਕਿਆਂ ਮੈਂ ਇਹ ਤੁਹਾਨੂੰ।
ਮੈਲਕੌਲਮ:ਕਰੋ ਹੌਸਲਾ, ਰੱਖੋ ਪੱਥਰ ਛਾਤੀ ਉੱਤੇ; ਬਦਲਾ ਮਹਾਨ ਜੋ ਲੈਣਾ ਆਪਾਂ,
ਚਾਰਾ ਸਮਝ ਦਰਦ ਦਾ ਉਹਨੂੰ, ਮਾਰੂ ਰੋਗ ਦਾ 'ਦਰਮਾਂ' ਕਰੀਏ।
ਮੈਕਡਫ:ਪੁੱਤਰ ਧੀ ਨਹੀਂ ਕੋਈ ਉਹਦੇ।- ਨਿੱਕੇ ਨੰਨ੍ਹੇ ਮੇਰੇ ਸਾਰੇ,-
ਕੀ ਕਿਹੈ ਤੁਸੀਂ?- ਸਾਰੇ ਦੇ ਸਾਰੇ-
ਓ, ਯਮਰਾਜ ਦੇ ਨਰਕੀ ਸ਼ਿਕਰੇ!- ਚੁੱਕ ਲੇ ਸਾਰੇ?
ਨੰਨ੍ਹੇ ਮੁੰਨ੍ਹੇ, ਬਾਲ ਇਯਾਣੇ, ਨਾਲੇ ਮਾਂ ਪਿਆਰੀ ,
ਮਾਰ ਝਪੱਟਾ ਇੱਕੋ ਵਾਰੀ , ਚੁੱਕ ਲੇ ਸਾਰੇ !
ਮੈਲਕੌਲਮ:ਮਰਦਾਂ ਵਾਂਗੂੰ ਨਿੱਬੜ ਹੁਣ ਤਾਂ, ਰੋਣ ਧੋਣ ਦਾ ਕੰਮ ਨਹੀਂ ਹੈ ।
ਮੈਕਡਫ:ਇਹ ਤਾਂ ਮੈਂ ਹੁਣ ਪੱਕਾ ਕਰਨੈ;
ਐਪਰ ਬੰਦਿਆਂ ਵਾਂਗੂੰ ਰੰਜ ਆਪਣਾ, ਮਹਿਸੂਸ ਵੀ ਕਰਨੈ:
ਰਹਿ ਨਹੀਂ ਸਕਦਾ ਯਾਦ ਕਰਨ ਤੋਂ, ਸ਼ੈਆਂ ਜੋ ਸਨ ਰਿਦੇ ਦੇ ਨੇੜੇ,
ਅਤਿ ਨਾਯਾਬ, ਅਤਿ ਅਨਮੋਲ , ਮੁੜ ਮੁੜ ਆਵਣ ਨਜ਼ਰਾਂ ਸਾਹਵੇਂ।
ਵੇਖਿਆ ਰੱਬ ਨੇ ਕੁੱਲ ਨਜ਼ਾਰਾ, ਫਿਰ ਵੀ ਤਰਸ ਨਾਂ ਆਇਆ ਉਹਨੂੰ,
ਮਜ਼ਲੂਮਾਂ ਦਾ ਹੱਥ ਨਾਂ ਫੜਿਆ!
ਹਾਏ ਓ, ਪਾਪੀ ਮੈਕਡਫ ਬੰਦਿਆ, ਤੇਰੀ ਕੀਤੀ ਗਏ ਸਭ ਵੱਢੇ !
ਆਪਣੇ ਔਗੁਣ, ਆਪਣੇ ਦੋਸ਼ੀਂ ਨਹੀਂ ਮਰੇ ਉਹ,
ਔਗੁਣਹਾਰਾ, ਗੁਣ ਨਹੀਂ ਕੋਈ, ਮੇਰੇ ਦੋਸ਼ੀਂ ਗਏ ਉਹ ਹੱਤੇ:
ਅੰਬਰ ਬਖਸ਼ਣ ਚੈਨ, ਸ਼ਾਂਤੀ , ਹੱਤੀਆਂ ਉਨ ਰੂਹਾਂ ਨੂੰ !
ਮੈਲਕੌਲਮ:ਬੱਸ ਏਸੇ ਨੂੰ 'ਸਾਣ' ਬਣਾ ਲੈ, ਤਲਵਾਰ ਆਪਣੀ ਦੀ ਧਾਰ ਲਗਾ ਲੈ;

79