ਪੰਨਾ:Mumu and the Diary of a Superfluous Man.djvu/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
94
ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਵੀ ਅਜਿਹਾ ਰੂਪ ਧਾਰ ਲੈਂਦਾ, ਜਿਵੇਂ ਉਹ ਸਾਡੇ ਵਰਗਾ ਹੀ ਇਕ ਹੋਵੇ ਅਤੇ ਉਸ ਦਾ ਕੁਲੀਨ ਪਰਿਵਾਰ ਤੇ ਮਹਾਂਨਗਰ ਵਿਚ ਉਸ ਦੀ ਰਿਹਾਇਸ਼ ਮਹਿਜ਼ ਹਾਦਸੇ ਹੋਣ ਜਿਨ੍ਹਾਂ ਦੀ ਕੋਈ ਵੁੱਕਤ ਨਹੀਂ ਸੀ।

ਪਹਿਲੀ ਸ਼ਾਮ- ਓਹ! ਉਸ ਦੀ ਸੰਗਤ ਵਿਚ ਉਹ ਪਹਿਲੀ ਸ਼ਾਮ! ਮੈਨੂੰ ਇਕ ਵਾਰ ਦੀ ਯਾਦ ਹੈ। ਮੇਰੇ ਬਚਪਨ ਦੇ ਖੁਸ਼ੀਆਂ ਭਰੇ ਦਿਨਾਂ ਵਿਚ ਮੇਰੇ ਅਧਿਆਪਕ ਨੇ ਮਰਦਾਨਗੀ ਸਿਰੜ ਨੂੰ ਇਕ ਉਦਾਹਰਣ ਰਾਹੀਂ ਮੂਰਤੀਮਾਨ ਕਰਨ ਲਈ ਮੈਨੂੰ ਸਪਾਰਟਾ ਦੇ ਇਕ ਨੌਜਵਾਨ ਦੀ ਕਹਾਣੀ ਸੁਣਾਈ ਸੀ ਜਿਸ ਨੇ ਲੂੰਬੜੀ ਚੋਰੀ ਕਰ ਲਈ ਸੀ ਅਤੇ ਉਸ ਨੂੰ ਆਪਣੇ ਕੋਟ ਹੇਠ ਲੁਕਾ ਲਿਆ ਸੀ। ਲੂੰਬੜੀ ਜਦੋਂ ਉਸ ਨੌਜਵਾਨ ਦਾ ਢਿੱਡ ਪਾੜ ਰਹੀ ਸੀ ਤਾਂ ਵੀ ਉਸ ਨੇ ਉਫ਼ ਤਕ ਨਹੀਂ ਕੀਤੀ ਸੀ। ਇਸ ਤਰ੍ਹਾਂ ਉਸ ਨੇ ਲੋਕਾਂ ਵਿਚ ਬੇਇੱਜ਼ਤੀ ਨਾਲੋਂ ਅਤਿ ਦੀ ਦਰਦਨਾਕ ਮੌਤ ਨੂੰ ਤਰਜ਼ੀਹ ਦਿੱਤੀ। ਮੈਨੂੰ ਉਸ ਸ਼ਾਮ, ਜਦੋਂ ਮੈਂ ਪਹਿਲੀ ਵਾਰ ਪ੍ਰਿੰਸ ਨੂੰ ਲੀਜ਼ਾ ਦੇ ਨੇੜੇ ਵੇਖਿਆ ਸੀ। ਹੰਢਾਏ ਦੁੱਖਾਂ ਦੀ ਸ਼ਿੱਦਤ ਨੂੰ ਦਰਸਾਉਣ ਲਈ ਇਸ ਨਾਲੋਂ ਵਧੀਆ ਕੋਈ ਹੋਰ ਮਿਸਾਲ ਨਹੀਂ ਮਿਲ ਸਕਦੀ ਸੀ। ਮੇਰੇ ਚਿਹਰੇ 'ਤੇ ਫੋਕੀ ਮੁਸਕਰਾਹਟ ਟਿਕੀ ਹੋਈ। ਮੇਰੀਆਂ ਤਿੱਖੀਆਂ ਅਤੇ ਦਿਲਗੀਰ ਨਿਗਾਹਾਂ, ਮੇਰੀ ਮੂਰਖ਼ ਚੁੱਪੀ ਅਤੇ ਆਖ਼ਿਰ ਵਿਚ ਮੇਰੀ ਪਾਸੇ ਹੋ ਜਾਣ ਦੀ ਬੇਕਾਰ ਇੱਛਾ, ਇਸ ਸਭ ਨਾਲ ਉਸ ਸ਼ਾਮ ਮੈਂ ਜ਼ਰੂਰ ਇਕ ਅਜੀਬੋ-ਗ਼ਰੀਬ ਵਿਅਕਤੀ ਲੱਗਦਾ ਹੋਵਾਂਗਾ। ਸੱਚਮੁਚ, ਇਕ ਤੋਂ ਵੱਧ ਲੂੰਬੜੀਆਂ ਮੇਰੀਆਂ ਅੰਤੜੀਆਂ ਨੂੰ ਕੁਤਰ ਰਹੀਆਂ ਸਨ। ਈਰਖ਼ਾ, ਸਾੜਾ, ਬੇਬੱਸ ਕ੍ਰੋਧ ਅਤੇ ਆਪਣੇ ਖ਼ੁਦ ਦੇ ਕੁਝ ਨਾ ਹੋਣ ਦੀ ਹੀਣਭਾਵਨਾ। ਸਭ ਮੈਨੂੰ ਇਕੋ ਸਮੇਂ ਤਸੀਹੇ ਦੇ ਰਹੇ ਸਨ। ਮੈਂ ਇਹ ਸਵੀਕਾਰ ਕਰਨ ਤੋਂ ਨਹੀਂ ਰਹਿ ਸਕਦਾ ਸੀ ਕਿ ਪ੍ਰਿੰਸ ਇਕ ਬਹੁਤ ਹੀ ਮਨਭਾਉਂਦਾ ਨੌਜਵਾਨ ਸੀ। ਮੈਂ ਉਸ ਤੋਂ ਆਪਣੀਆਂ ਅੱਖਾਂ ਹਟਾ ਨਹੀਂ ਸਕਦਾ ਸੀ। ਅਸਲ ਵਿਚ ਮੈਂ ਸੋਚਦਾ ਹਾਂ ਕਿ ਮੇਰੀ ਆਦਤ ਦੇ ਬਾਵਜੂਦ ਉਸ ਸਾਰੀ ਸ਼ਾਮ ਮੈਂ ਇਕ ਵਾਰ ਵੀ ਅੱਖਾਂ ਨਹੀਂ ਝਪਕੀਆਂ। ਉਸ ਨੇ ਸਿਰਫ਼ ਲੀਜ਼ਾ ਨਾਲ ਹੀ ਨਹੀਂ, ਹਾਜ਼ਰ ਹਰ ਕਿਸੇ ਨਾਲ ਗੱਲਾਂ ਕੀਤੀਆਂ ਪਰ ਉਸ ਦੀ ਸਾਰੀਆਂ ਗੱਲਾਂ ਉਸ ਇਕੱਲੀ ਵਾਸਤੇ ਸਨ। ਮੇਰਾ ਖ਼ਿਆਲ ਹੈ ਕਿ ਉਸ ਸ਼ਾਮ ਉਹ ਮੇਰੇ ਨਾਲ ਬਹੁਤ ਨਰਾਜ਼ ਸੀ। ਸ਼ਾਇਦ ਉਸ ਨੇ ਤੁਰੰਤ ਸਮਝ ਲਿਆ ਸੀ ਕਿ ਮੇਰੇ ਰੂਪ ਵਿਚ ਉਸ ਦਾ ਹਾਰ ਚੁੱਕਾ ਰਕੀਬ ਸੀ ਅਤੇ ਮੇਰੇ 'ਤੇ ਤਰਸ ਖਾ ਕੇ ਤੇ ਇਹ ਜਾਣ ਕੇ ਮੈਂ ਕਿੰਨਾ ਨਿਰਦੋਸ਼ ਸਾਂ, ਉਸ ਨੇ ਮੈਨੂੰ ਬਹੁਤ ਹੀ ਮਿਹਰਬਾਨ ਸ਼ਬਦਾਂ ਨਾਲ ਸੰਬੋਧਿਤ ਕੀਤਾ। ਇਹ ਕਲਪਨਾ ਕਰਨਾ ਆਸਾਨ ਹੈ ਕਿ ਮੈਂ ਉਸ ਦੀ ਇਸ ਦਿਆਲਤਾ ਬਾਰੇ ਕਿਸ ਤਰ੍ਹਾਂ ਮਹਿਸੂਸ ਕੀਤਾ।

ਮੈਂ ਪੂਰੀ ਸ਼ਾਮ ਆਪਣੀ ਕੀਤੀ ਗ਼ਲਤੀ ਸੁਧਾਰਨ ਦੀ ਕੋਸ਼ਿਸ਼ ਕੀਤੀ,