ਪੰਨਾ:Mumu and the Diary of a Superfluous Man.djvu/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

118

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਸੇਵਾਦਾਰ ਨੇ ਚਰਚ ਨੂੰ ਸੰਵਾਰਨਾ ਸ਼ੁਰੂ ਕਰ ਦਿੱਤਾ। ਉਸ ਦਾ ਉਸ ਵੱਲ ਧਿਆਨ ਨਹੀਂ ਗਿਆ। ਆਖ਼ਿਰਕਾਰ, ਨੌਕਰ ਉਸ ਕੋਲ ਆਇਆ ਅਤੇ ਉਸ ਦੇ ਕੰਨ ਵਿਚ ਕੁਝ ਕਿਹਾ। ਉਸ ਨੇ ਆਲੇ-ਦੁਆਲੇ ਦੇਖਿਆ, ਆਪਣੇ ਮੱਥੇ 'ਤੇ ਉਸ ਦਾ ਹੱਥ ਫੇਰਿਆ ਅਤੇ ਚਰਚ ਵਿਚੋਂ ਚਲੀ ਗਈ ਜਦੋਂ ਤਕ ਉਹ ਘਰ ਵਿਚ ਦਾਖ਼ਲ ਨਹੀਂ ਹੋ ਗਈ। ਮੈਂ ਉਸ ਤੋਂ ਥੋੜ੍ਹੇ ਜਿਹੇ ਫ਼ਾਸਲੇ 'ਤੇ ਰਹਿੰਦੇ ਉਸ ਦੇ ਮਗਰ ਮਗਰ ਜਾਂਦਾ ਰਿਹਾ। ਮੈਂ ਜਿਵੇਂ ਹੀ ਆਪਣੇ ਕਮਰੇ ਵਿਚ ਦਾਖ਼ਲ ਹੋਇਆ ਤਾਂ ਅਚਾਨਕ ਮੇਰੇ ਮੂੰਹੋਂ ਨਿਕਲ ਗਿਆ, "ਉਹ ਹਾਰ ਗਈ ਹੈ!"

ਰੱਬ ਦੀ ਸਹੁੰ, ਉਸ ਸਮੇਂ ਮੈਂ ਉੱਕਾ ਨਹੀਂ ਜਾਣ ਸਕਦਾ ਸੀ ਕਿ ਉਸ ਵੇਲੇ ਮੇਰੀ ਭਾਵਨਾ ਕਿਸ ਤਰ੍ਹਾਂ ਦੀ ਸੀ। ਮੈਨੂੰ ਸਿਰਫ਼ ਇਹ ਯਾਦ ਹੈ ਕਿ ਮੈਂ ਸੋਫ਼ੇ 'ਤੇ ਢੇਰੀ ਹੋ ਗਿਆ ਸੀ ਅਤੇ ਮੇਰੀਆਂ ਅੱਖਾਂ ਫਰਸ਼ 'ਤੇ ਜੰਮ ਗਈਆਂ ਸਨ। ਕਈ ਘੰਟਿਆਂ ਤਕ ਮੈਂ ਇਸੇ ਸਥਿਤੀ ਵਿਚ ਰਿਹਾ। ਅਤਿਅੰਤ ਜ਼ਿੱਲਤ ਦੀਆਂ ਭਾਵਨਾਵਾਂ ਦੇ ਵਿਚਕਾਰ ਘਿਰਿਆ ਮੈਂ ਕੁਝ ਸੰਤੁਸ਼ਟੀ ਮਹਿਸੂਸ ਕਰ ਰਿਹਾ ਸਾਂ। ਮੈਂ ਇਹ ਇਕਬਾਲ ਨਹੀਂ ਸੀ ਕਰਦਾ ਜੇਕਰ ਮੈਂ ਇਹ ਆਪਣੇ ਖ਼ੁਦ ਦੇ ਲਈ ਨਾ ਲਿਖ ਰਿਹਾ ਹੁੰਦਾ। ਇਕ ਬਹੁਤ ਹੀ ਉਦਾਸ ਖਦਸ਼ੇ ਨੇ ਮੇਰੇ ਦਿਲ ਨੂੰ ਦਬੋਚ ਲਿਆ ਅਤੇ ਕੌਣ ਜਾਣਦਾ ਹੈ, ਕਿ ਅਗਰ ਇਹ ਉਦਾਸ ਖ਼ਦਸ਼ਾ ਸਵਾਰ ਨਾ ਹੁੰਦਾ ਤਾਂ ਮੈਂ ਸ਼ਾਇਦ ਘੋਰ ਨਿਰਾਸ਼ਾ ਵਿਚ ਗਰਕ ਹੋਇਆ ਮਹਿਸੂਸ ਕਰਦਾ। "ਇਹੋ ਜਿਹਾ ਹੁੰਦਾ ਹੈ ਦਿਲ!" ਆਪਣੀ ਮੁੱਠੀ ਨੂੰ ਹਵਾ ਵਿਚ ਉਛਾਲ ਕੇ ਅਤੇ ਮੋਟੀ ਉਂਗਲੀ 'ਤੇ ਇਕ ਕਾਰਨੇਲੀਅਨ ਅੰਗੂਠੀ ਵਿਖਾਉਂਦੇ ਹੋਏ ਇਕ ਰੂਸੀ ਸਕੂਲ ਅਧਿਆਪਕ ਕਹਿੰਦਾ ਪਰ ਮੈਨੂੰ ਸਕੂਲ-ਅਧਿਆਪਕਾਂ ਦੀ ਕਾਰਨੇਲੀਅਨ ਅੰਗੂਠੀ ਨਾਲ ਭਲਾ ਕੀ ਮਤਲਬ?

ਪਰ, ਮੇਰੇ ਖਦਸ਼ੇ ਸਹੀ ਸਾਬਤ ਹੋਏ। ਸ਼ਹਿਰ ਵਿਚ ਅਫ਼ਵਾਹ ਫੈਲੀ ਹੋਈ ਸੀ ਕਿ ਪ੍ਰਿੰਸ ਸੇਂਟ ਪੀਟਰਸਬਰਗ ਲਈ ਰਵਾਨਾ ਹੋ ਗਿਆ ਸੀ। ਉਸ ਨੇ ਲੀਜ਼ਾ ਦਾ ਹੱਥ ਨਹੀਂ ਮੰਗਿਆ ਸੀ ਅਤੇ ਵਿਚਾਰੀ ਲੜਕੀ ਉਸ ਦੇ ਵਿਸ਼ਵਾਸਘਾਤ ਦੇ ਕਾਰਨ ਸਾਰੀ ਉਮਰ ਰੋਣ ਜੋਗੀ ਰਹਿ ਗਈ ਸੀ। ਉਸ ਨੇ ਜਾਣਾ ਅਚਾਨਕ ਸੀ (ਉਹ ਕਹਿੰਦੇ ਸਨ ਕਿ ਉਸ ਨੂੰ ਰਾਜਧਾਨੀ ਤੋਂ ਚਿੱਠੀ ਮਿਲ ਗਈ ਸੀ) ਸ਼ਾਮ ਪਹਿਲਾਂ, ਉਸ ਦੇ ਅਰਦਲੀ ਤਕ ਨੂੰ ਇਹ ਨਹੀਂ ਪਤਾ ਸੀ ਕਿ ਉਸ ਨੇ ਜਾਣਾ ਸੀ - ਮੇਰੇ ਨੌਕਰ ਨੇ ਮੈਨੂੰ ਇਹ ਗੱਲ ਦੱਸੀ ਸੀ। ਇਹ ਅਫ਼ਵਾਹ ਸੁਣ ਕੇ ਮੇਰੇ ਪਸੀਨੇ ਛੁੱਟ ਗਏ। ਮੈਂ ਤੁਰੰਤ ਕੱਪੜੇ ਪਾ ਕੇ ਓਜੋਗਿਨਾਂ ਵੱਲ ਨੂੰ ਚੱਲ ਪਿਆ ਪਰ ਜਾਂਦਿਆਂ-ਜਾਂਦਿਆਂ ਮੈਂ ਆਪਣੇ ਮਨ ਵਿਚ ਸੋਚਿਆ ਕਿ ਚੰਗਾ ਹੋਵੇ ਜੇ ਮੈਂ ਅਗਲੇ ਦਿਨ ਤਕ ਆਪਣੀ ਫੇਰੀ ਮੁਲਤਵੀ ਕਰ ਦੇਵਾਂ। ਇਸ ਦੇਰੀ ਨਾਲ ਮੇਰਾ ਕੁਝ ਵੀ ਨਹੀਂ ਗਵਾਚਣਾ ਸੀ। ਉਸੇ ਦਿਨ ਸ਼ਾਮ ਨੂੰ