ਪੰਨਾ:Mumu and the Diary of a Superfluous Man.djvu/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

128

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਸਭ ਪਾਸੇ ਪਸਰ ਜਾਂਦੀ ਹੈ। ਸੂਰਜ, ਇਸ ਤਰ੍ਹਾਂ ਕਹਿ ਲਵੋ, ਆਪਣੀਆਂ ਕਿਰਨਾਂ ਦੇ ਵਾਰ ਕਰਦਾ ਹੈ। ਮੈਂ ਠੀਕ ਨਹੀਂ ਹਾਂ। ਮੈਂ ਘੁਲ ਰਿਹਾ ਹਾਂ।

ਮੈਂ ਇਕ ਡਾਇਰੀ ਲਿਖਣ ਦਾ ਇਰਾਦਾ ਕੀਤਾ ਸੀ ਅਤੇ ਉਸ ਦੀ ਬਜਾਏ ਮੈਂ ਕੀਤਾ ਕੀ ਹੈ? ਮੈਂ ਆਪਣੀ ਜ਼ਿੰਦਗੀ ਦੀ ਇਕ ਘਟਨਾ ਦਾ ਵਰਣਨ ਕੀਤਾ ਹੈ। ਗੱਲਾਂ ਕਰਨ ਲੱਗਾ ਤਾਂ ਮੈਂ ਏਨਾ ਗਰਮਜੋਸ਼ੀ ਵਿਚ ਆ ਗਿਆ ਹਾਂ ਕਿ ਮੇਰੇ ਅੰਦਰ ਅਤੀਤ ਦੀਆਂ ਯਾਦਾਂ ਜਾਗ ਪਈਆਂ ਅਤੇ ਮੇਰਾ ਸਾਰਾ ਮਨ ਵਹਿਣ ਵਿਚ ਵਗ ਤੁਰਿਆ ਹੈ। ਇਸ ਤਰ੍ਹਾਂ ਲੜੀਵਾਰ ਮੈਂ ਸਭ ਕੁਝ ਸਾਵਧਾਨੀਪੂਰਵਕ ਨਿੱਕੇ-ਨਿੱਕੇ ਵੇਰਵਿਆਂ ਨਾਲ ਬਿਆਨ ਕੀਤਾ ਹੈ, ਜਿਵੇਂ ਕਿ ਮੇਰੇ ਕੋਲ ਅਜੇ ਪੂਰੀ ਉਮਰ ਬਾਕੀ ਹੋਵੇ। ਹੁਣ ਮੇਰੇ ਕੋਲ ਲਿਖਣ ਲਈ ਹੋਰ ਸਮਾਂ ਨਹੀਂ ਹੈ। ਮੌਤ ਆ ਰਹੀ ਹੈ। ਇਸ ਦੀ ਮੈਂ ਪਹਿਲਾਂ ਹੀ ਭਿਆਨਕ ਤੇਜ਼ ਹੁੰਦੀ ਜਾ ਰਹੀ ਆਵਾਜ਼ ਸੁਣ ਰਿਹਾ ਹਾਂ; "ਸਮਾਂ ਆ ਗਿਆ ਹੈ! ਸਮਾਂ ਆ ਗਿਆ ਹੈ!" ਠੀਕ ਹੈ ਅਤੇ ਕੀ ਬੁਰਾਈ ਹੈ? ਜੇਕਰ ਮੈਂ ਕੁਝ ਹੋਰ ਵੀ ਲਿਖਿਆ ਹੁੰਦਾ ਤਾਂ ਕੀ ਕੋਈ ਫ਼ਰਕ ਪੈ ਜਾਣਾ ਸੀ? ਮੌਤ ਦੇ ਨਜ਼ਰੀਏ ਤੋਂ ਸਾਰੇ ਸੰਸਾਰਿਕ ਭੇਦ-ਭਾਵ ਗਾਇਬ ਹੋ ਜਾਂਦੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਪਹਿਲਾਂ ਨਾਲੋਂ ਵਧੇਰੇ ਸ਼ਾਂਤ, ਸਰਲ ਅਤੇ ਵਧੇਰੇ ਸਪੱਸ਼ਟ ਹੋ ਗਿਆ ਹਾਂ। ਮੈਨੂੰ ਬਹੁਤ ਦੇਰ ਨਾਲ ਅਕਲ ਆਈ ਹੈ।

ਕਿੰਨੀ ਅਜੀਬ ਗੱਲ ਹੈ! ਮੈਂ ਸ਼ਾਂਤ ਹੋ ਰਿਹਾ ਹਾਂ ਅਤੇ ਫਿਰ ਵੀ ਮੈਂ ਡਰਿਆ-ਡਰਿਆ ਮਹਿਸੂਸ ਕਰਦਾ ਹਾਂ! ਹਾਂ, ਮੈਂ ਡਰਿਆ ਹੋਇਆ ਹਾਂ। ਸੁੰਨ-ਮਸੁੰਨੇ, ਮੂੰਹ ਟੱਡੀ ਖੜ੍ਹੇ ਰਸਾਤਲ ਦੀ ਦੰਦੀ 'ਤੇ ਲਮਕ ਰਿਹਾ ਮੈਂ ਕੰਬ ਰਿਹਾ ਹਾਂ, ਇਸ ਤੋਂ ਦੂਰ ਜਾ ਰਿਹਾ ਹਾਂ ਅਤੇ ਜਗਿਆਸਾ ਨਾਲ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਤਕ ਰਿਹਾ ਹਾਂ। ਹਰ ਵਸਤੂ ਮੈਨੂੰ ਦੁੱਗਣੀ ਪਿਆਰੀ ਲੱਗਦੀ ਹੈ। ਮੈਂ ਆਪਣੇ ਗ਼ਰੀਬ, ਦੁਖੀ ਨਿਵਾਸ ਨੂੰ ਹੁਣ ਬਹੁਤਾ ਨਹੀਂ ਵੇਖ ਸਕਦਾ। ਮੈਂ ਕੰਧਾਂ ਦੇ ਚੱਪੇ-ਚੱਪੇ ਨੂੰ ਅਲਵਿਦਾ ਕਹਿ ਰਿਹਾ ਹਾਂ। ਮੇਰੇ ਪਿਆਰੇ ਦੀਦਿਓ ਅੰਤਿਮ ਸਮੇਂ ਦਾ ਰੱਜ ਕੇ ਅਨੰਦ ਮਾਣੋ, ਤੁਸੀਂ ਛੇਤੀ ਹੀ ਬੰਦ ਹੋ ਜਾਣ ਵਾਲੇ ਹੋ! ਜ਼ਿੰਦਗੀ ਦੀ ਲਾਟ ਮੱਧਮ ਹੁੰਦੀ ਜਾ ਰਹੀ ਹੈ। ਇਹ ਚੁੱਪ-ਚਾਪ ਅਤੇ ਹੌਲੀ-ਹੌਲੀ ਮੇਰੇ ਕੋਲੋਂ ਦੂਰ ਜਾ ਰਹੀ ਹੈ, ਜਿਵੇਂ ਕਿ ਇਕ ਮਲਾਹ ਦਾ ਜਹਾਜ਼ ਸਮੁੰਦਰ ਤੱਟ ਤੋਂ ਜਾ ਰਿਹਾ ਹੁੰਦਾ ਹੈ। ਮੇਰੀ ਨਰਸ ਦਾ ਵਡੇਰਾ ਪੀਲਾ ਚਿਹਰਾ, ਗੰਦੇ ਰੁਮਾਲ ਨਾਲ ਬੰਨ੍ਹਿਆ ਹੋਇਆ, ਮੇਜ 'ਤੇ ਭਾਫ਼ਾਂ ਛੱਡਦੀ ਚਾਹ ਦੀ ਕੇਤਲੀ, ਖਿੜਕੀ 'ਤੇ ਜਰੇਨੀਅਮ ਦੇ ਫੁੱਲ, ਮੇਰਾ ਕੁੱਤਾ ਟਰੇਸੋਰ, ਕਲਮ ਜਿਸ ਨਾਲ ਮੈਂ ਲਿਖ ਰਿਹਾ ਹਾਂ, ਮੇਰੀ ਆਪਣੀ ਪਤਲੀ ਮਲੂਕ ਜਿਹੀ ਬਾਂਹ - ਮੈਂ ਤੁਹਾਨੂੰ ਸਾਰਿਆਂ ਨੂੰ ਵੇਖਦਾ ਹਾਂ! ਇੱਥੇ ਤੁਸੀਂ ਸਾਰੇ ਹੋ, ਇੱਥੇ। ਸ਼ਾਇਦ ਅੱਜ ਹੀ ਮੈਂ ਹਮੇਸ਼ਾ ਲਈ ਤੁਹਾਨੂੰ ਦੇਖਣਾ ਬੰਦ ਕਰ ਦੇਵਾਂ? ਕਿਸੇ ਪ੍ਰਾਣੀ ਦਾ ਜੀਵਨ ਤੋਂ ਜੁਦਾ ਹੋ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ! ਤੂੰ ਮੇਰੇ ਆਲੇ-ਦੁਆਲੇ ਟੱਪਦਾ ਕਿਉਂ ਫਿਰਦਾ ਹੈਂ,