ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

10

ਜਾਣ-ਪਛਾਣ

ਆਪ ਕਹਿੰਦਾ ਹੈ:[1] "ਮੈਂ ਕਦੇ ਵੀ 'ਬਿੰਬ ਬਣਾਉਣ' ਦੀ ਕੋਸ਼ਿਸ਼ ਨਹੀਂ ਕਰਦਾ। ਅਗਰ ਮੇਰੇ ਕੋਲ ਕੋਈ ਸ਼ੁਰੂਆਤੀ ਬਿੰਦੂ ਨਾ ਹੋਵੇ, ਕੋਈ ਵਿਚਾਰ ਜਾਂ ਜੀਵੰਤ ਵਿਸ਼ਾ ਨਾ ਹੋਵੇ ਜਿਸ ਨਾਲ ਮੈਂ ਹੌਲੀ-ਹੌਲੀ ਹੋਰ ਤੱਤਾਂ ਨੂੰ ਜੋੜ ਅਤੇ ਮਿਲਾ ਸਕਦਾ ਹੋਵਾਂ। ਜਿਵੇਂ ਕਿ ਮੇਰੇ ਕੋਲ ਬਹੁਤ ਜ਼ਿਆਦਾ ਮੁਕਤ ਕਾਢਕਾਰੀ ਸ਼ਕਤੀ ਨਹੀਂ ਹੈ। ਮੈਨੂੰ ਹਮੇਸ਼ਾ ਕੁਝ ਜ਼ਮੀਨ ਦੀ ਜ਼ਰੂਰਤ ਰਹਿੰਦੀ ਸੀ ਜਿਸ ਉੱਤੇ ਮੈਂ ਮਜ਼ਬੂਤੀ ਨਾਲ ਖੜ੍ਹਾ ਹੋ ਸਕਦਾ ਹੋਵਾਂ।" ਅਜਿਹਾ ਲੱਗਦਾ ਹੈ ਕਿ ਉਹ ਨਿਹਲਵਾਦੀ ਨੂੰ ਸਮਝਦਾ ਨਹੀਂ ਸੀ ਅਤੇ ਨਾ ਹੀ ਉਸ ਨਾਲ ਉਸ ਦੀ ਆਖ਼ਿਰ ਤਕ ਕੋਈ ਵੱਡੀ ਹਮਦਰਦੀ ਸੀ।

ਸਿੱਟੇ ਵਜੋਂ ਮੈਂ ਕੇ. ਪੇਤਰੋਵ ਦੇ ਲਿਖੇ "ਰੂਸੀ ਸਾਹਿਤ ਦਾ ਇਤਿਹਾਸ" (ਸੇਂਟ ਪੀਟਰਜ਼ਬਰਗ, 1871) ਵਿਚੋਂ ਹਵਾਲਾ ਦੇਵਾਂਗਾ। ਇਸ ਪੈਰ੍ਹੇ ਵਿਚ ਉਸ ਨੇ ਰੂਸੀ ਸਾਹਿਤ ਵਿਚ ਤੁਰਗਨੇਵ ਦੀ ਮਹੱਤਤਾ ਨੂੰ ਭਲੀਭਾਂਤ ਦਰਸਾਇਆ ਹੈ:

"ਤੁਰਗਨੇਵ ਨੂੰ ਉਸ ਮਨੋਬਲ ਅਤੇ ਉਸ ਫ਼ਲਸਫ਼ੇ ਦਾ ਪ੍ਰਮੁੱਖ ਪ੍ਰਤੀਨਿਧੀ ਅਤੇ ਕਵੀ ਕਿਹਾ ਜਾ ਸਕਦਾ ਹੈ ਜੋ ਪਿਛਲੇ ਵੀਹ ਸਾਲਾਂ ਤੋਂ ਸਾਡੇ ਪੜ੍ਹੇ-ਲਿਖੇ ਸਮਾਜ ਵਿਚ ਛਾਇਆ ਰਿਹਾ ਹੈ। ਉਸ ਨੇ ਜਲਦੀ ਹੀ ਨਵੀਆਂ ਲੋੜਾਂ ਅਤੇ ਨਵੇਂ ਵਿਚਾਰਾਂ ਨੂੰ ਮਹਿਸੂਸ ਕੀਤਾ ਜੋ ਸਾਡੇ ਸਮਾਜਿਕ ਮਾਹੌਲ ਵਿਚ ਪਨਪ ਰਹੇ ਸਨ ਅਤੇ ਆਪਣੀਆਂ ਲਿਖਤਾਂ ਵਿਚ ਉਸ ਨੇ ਹਮੇਸ਼ਾਂ ਹਾਲਤਾਂ ਦੀਆਂ ਸੀਮਾਵਾਂ ਦੇ ਅੰਦਰੋਂ-ਅੰਦਰ ਸੰਭਵ ਹੱਦ ਤਕ ਸਪੱਸ਼ਟਤਾ ਤੇ ਦਲੇਰੀ ਨਾਲ ਉਨ੍ਹਾਂ ਸਮਿਆਂ ਦੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਅਤੇ ਇਕ ਧੁੰਦਲੇ ਜਿਹੇ ਧੁੜਕੂ ਵਜੋਂ ਸਮਾਜ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਚੁੱਕੇ ਮੁੱਦੇ ਨੂੰ ਉਠਾਇਆ। ਸਮਾਜ ਦੇ ਬਿਹਤਰ ਵਰਗਾਂ ਦੀ ਮਾਨਤਾ ਲਈ ਅਜੇ ਹੁਣੇ-ਹੁਣੇ ਦਾਅਵਾ ਕਰਨ ਲੱਗੇ ਹਰ ਸਤਿਕਾਰਯੋਗ ਖ਼ਿਆਲ ਅਤੇ ਈਮਾਨਦਾਰ ਭਾਵਨਾ ਨੂੰ ਤੁਰੰਤ ਮੁਖ਼ਾਤਿਬ ਹੋਣ ਦੀ ਸਫ਼ਲਤਾ ਦਾ ਸਿਹਰਾ ਤੁਰਗਨੇਵ ਨੂੰ ਜਾਣਾ ਚਾਹੀਦਾ ਹੈ। ਇਹ ਗੁਣ ਹਮੇਸ਼ਾ ਹੀ ਤੁਰਗਨੇਵ ਦੀਆਂ ਲਿਖਤਾਂ ਦਾ ਅਨਿੱਖੜ ਅੰਗ ਰਿਹਾ ਹੈ। ਨਿਸ਼ਚਿਤ ਤੌਰ 'ਤੇ ਇਸ ਖ਼ਾਤਰ ਪ੍ਰਤਿਭਾ ਦੀ ਵੀ ਲੋੜ ਸੀ ਪਰ ਪ੍ਰਤਿਭਾ ਮੁੱਖ ਗੱਲ ਨਹੀਂ ਸੀ। ਤੁਰਗਨੇਵ ਦੀ ਪ੍ਰਤਿਭਾ ਏਨੀ ਵੱਡ-ਅਕਾਰੀ ਨਹੀਂ ਸੀ ਜਿਹੜੀ ਕਾਵਿਕ ਵੇਗ ਦੀ ਇਕੋ-ਇਕ ਸ਼ਕਤੀ ਨਾਲ ਤੁਹਾਨੂੰ ਪ੍ਰਭਾਵਿਤ ਕਰ ਲੈਂਦੀ ਅਤੇ ਆਪਣੇ ਵੱਸ ਵਿਚ ਕਰ ਲੈਂਦੀ ਅਤੇ ਤੁਹਾਨੂੰ ਕਿਸੇ ਖ਼ਾਸ ਪ੍ਰਗਟਾਵੇ ਜਾਂ ਵਿਚਾਰ ਨਾਲ ਹਮਦਰਦੀ ਕਰਨ ਲਈ ਧੂਹ ਪਾਉਂਦੀ। ਇਹ ਪ੍ਰੇਸ਼ਾਨਕੁਨ ਅਤੇ ਸ਼ਕਤੀਸ਼ਾਲੀ ਅਪੀਲ ਨਹੀਂ,

  1. ਮਾਸਕੋ ਦੇ ਸੁਲੇਫ਼ ਬ੍ਰਦਰਜ਼ ਦੁਆਰਾ ਪ੍ਰਕਾਸ਼ਿਤ, ਇਵਾਨ ਤੁਰਗਨੇਵ ਦੇ "ਪਿਤਾ ਅਤੇ ਪੁੱਤਰ" ਦੇ ਵਿਸ਼ੇ ਬਾਰੇ, ਜਿਲਦ-I