ਮੂਮੂ
ਮਾਸਕੋ ਦੇ ਬਾਹਰਵਾਰ ਸੜਕ ਦੇ ਕਿਨਾਰੇ ਇਕ ਪੁਰਾਣੀ ਸਲੇਟੀ ਰੰਗ ਦੀ ਹਵੇਲੀ ਸੀ ਜਿਸ ਦੇ ਥਮਲੇ ਚਿੱਟੇ ਰੰਗ ਦੇ ਸਨ ਅਤੇ ਇਕ ਖੁੱਲ੍ਹੀ-ਡੁੱਲ੍ਹੀ ਬਾਲਕੋਨੀ ਸੀ। ਹਵੇਲੀ ਦੇ ਆਲੇ-ਦੁਆਲੇ ਬੇਸ਼ੁਮਾਰ ਭੌਂ-ਗ਼ੁਲਾਮਾਂ ਦੇ ਘਰ ਸਨ। ਇਸ ਹਵੇਲੀ ਦੀ ਮਾਲਕਣ ਇਕ ਵਿਧਵਾ ਔਰਤ ਇੱਥੇ ਰਹਿੰਦੀ ਸੀ। ਉਸ ਦੇ ਪੁੱਤਰ ਪੀਟਰਸਬਰਗ ਵਿਚ ਸਰਕਾਰੀ ਨੌਕਰੀ ਕਰਦੇ ਸਨ। ਉਸ ਦੀਆਂ ਧੀਆਂ ਦਾ ਵਿਆਹ ਹੋ ਚੁੱਕਾ ਸੀ। ਉਹ ਬਹੁਤ ਹੀ ਘੱਟ ਕਦੇ ਬਾਹਰ ਜਾਇਆ ਕਰਦੀ ਸੀ ਅਤੇ ਆਪਣੇ ਦੁਖੀ ਤੇ ਖੁਸ਼ਕ ਬੁਢਾਪੇ ਦੇ ਆਖ਼ਰੀ ਸਾਲ ਇਕਾਂਤ ਵਿਚ ਨਹਾਇਤ ਕੰਜੂਸੀ ਨਾਲ ਬਤੀਤ ਕਰ ਰਹੀ ਸੀ। ਉਸ ਦਾ ਖੁਸ਼ਕ ਅਤੇ ਉਦਾਸ ਜੀਵਨ ਕਦੋਂ ਦਾ ਬੀਤ ਗਿਆ ਸੀ ਪਰ ਉਸ ਦੀ ਜ਼ਿੰਦਗੀ ਦੀ ਸ਼ਾਮ ਰਾਤ ਨਾਲੋਂ ਵੀ ਵਧੇਰੇ ਹਨੇਰੀ ਸੀ।
ਉਸ ਦੇ ਸਾਰੇ ਨੌਕਰਾਂ ਵਿਚੋਂ, ਸਭ ਤੋਂ ਅਨੋਖੀ ਹਸਤੀ ਗਰਾਸੀਮ ਨਾਮ ਦਾ ਇਕ ਆਦਮੀ ਸੀ। ਉਸ ਦਾ ਕੱਦ ਆਮ ਨਾਲੋਂ ਪੂਰੇ ਬਾਰਾਂ ਇੰਚ ਵੱਧ ਸੀ ਜੋ ਬੜੇ ਦਰਸ਼ਨੀ ਡੀਲ-ਡੌਲ ਵਾਲਾ ਪਰ ਜਨਮ ਤੋਂ ਹੀ ਗੂੰਗਾ ਅਤੇ ਬੋਲਾ ਸੀ। ਉਸ ਦੀ ਮਾਲਕਣ ਉਸ ਨੂੰ ਪਿੰਡ ਤੋਂ ਲਿਆਈ ਸੀ ਜਿੱਥੇ ਉਹ ਆਪਣੇ ਭਰਾਵਾਂ ਤੋਂ ਅਲਹਿਦਾ ਇਕ ਛੋਟੀ ਜਿਹੀ ਝੌਂਪੜੀ ਵਿਚ ਇਕੱਲਾ ਰਹਿੰਦਾ ਸੀ। ਉਸ ਨੂੰ ਮਾਲਕਣ ਦੇ ਸਾਰੇ ਨੌਕਰਾਂ ਵਿਚੋਂ ਵੱਧ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਸਮਝਿਆ ਜਾਂਦਾ ਸੀ। ਉਹ ਅਸਚਰਜ ਤਾਕਤ ਦਾ ਮਾਲਕ ਸੀ ਤੇ ਉਹ ਚਾਰ ਆਦਮੀਆਂ ਦਾ ਕੰਮ ਇਕੱਲਾ ਹੀ ਕਰ ਲਿਆ ਕਰਦਾ ਸੀ।
ਕੰਮ ਉਸ ਦੇ ਹੱਥਾਂ ਵਿਚ ਉੱਡਦਾ ਸੀ ਜਦੋਂ ਉਹ ਖੇਤਾਂ ਵਿਚ ਹਲ ਵਾਹ ਰਿਹਾ ਹੁੰਦਾ ਤਾਂ ਉਸ ਨੂੰ ਦੇਖਣਾ ਇਕ ਸੁਹਾਵਣਾ ਨਜ਼ਾਰਾ ਹੁੰਦਾ ਸੀ। ਉਹ ਆਪਣੇ ਵੱਡੇ-ਵੱਡੇ ਹੱਥਾਂ ਨਾਲ ਹਲ ਦੀ ਹੱਥੀ ਉੱਤੇ ਦਬਾਅ ਪਾ ਕੇ ਹਲ ਚਲਾਉਂਦਾ ਤਾਂ ਮਹਿਸੂਸ ਹੁੰਦਾ ਸੀ, ਜਿਵੇਂ ਉਹ ਆਪਣੇ ਮਰੀਅਲ ਘੋੜੇ ਦੇ ਬਗੈਰ ਹੀ ਜ਼ਮੀਨ ਦੀ ਹਿੱਕ ਤੇ ਡੂੰਘੇ ਸਿਆੜ ਪਾਉਂਦਾ ਜਾ ਰਿਹਾ ਹੋਵੇ।