20
ਮੂਮੂ
ਗੁੰਮ ਹੀ ਹੋ ਚੱਲੀ ਸੀ। ਭੀਂ-ਭੀਂ ਜਿਹੀ ਆਵਾਜ਼ ਨਾਲ ਹੱਸਦੇ ਹੋਏ ਉਸ ਨੇ ਤਾਤੀਆਨਾ ਨੂੰ ਹਨੀ ਕੇਕ ਪੇਸ਼ ਕੀਤਾ ਜਿਸ ਦੀ ਸ਼ਕਲ ਸੁਨਹਿਰੀ ਕਲਗੀ ਵਾਲੇ ਕੁੱਕੜ ਵਰਗੀ ਸੀ। ਉਹ ਇਸ ਨੂੰ ਲੈਣਾ ਨਹੀਂ ਚਾਹੁੰਦੀ ਸੀ ਪਰ ਉਸ ਨੇ ਇਹ ਉਸ ਦੇ ਹੱਥ ਵਿਚ ਮੱਲੋ-ਮੱਲੀ ਥਮਾ ਦਿੱਤਾ ਅਤੇ ਤੁਰ ਗਿਆ। ਕਈ ਵਾਰ ਮੁੜ-ਮੁੜ ਕੇ ਦੇਖਦਾ ਰਿਹਾ ਅਤੇ ਆਪਣੀ ਅਜੀਬ ਆਵਾਜ਼ ਕੱਢਦਾ ਰਿਹਾ ਜੋ ਸ਼ਾਇਦ ਕੁਝ ਬਹੁਤ ਹੀ ਪਿਆਰ ਭਰੇ ਸ਼ੁਕਰਾਨੇ ਦਾ ਪ੍ਰਗਟਾਵਾ ਸੀ।
ਉਸ ਸਮੇਂ ਤੋਂ ਵਿਚਾਰੀ ਤਾਤਿਆਨਾ ਦਾ ਉਸ ਤੋਂ ਖਹਿੜਾ ਨਹੀਂ ਸੀ ਛੁੱਟ ਰਿਹਾ। ਉਹ ਜਿੱਥੇ ਵੀ ਜਾਂਦੀ, ਉਹ ਉਸ ਦੇ ਕੋਲ ਹੁੰਦਾ। ਉਹ ਅਕਸਰ ਉਸ ਨੂੰ ਰਸਤੇ ਵਿੱਚ ਮਿਲਦਾ, ਮੁਸਕਰਾਉਂਦਾ ਅਤੇ ਪਿਆਰ ਜਤਾਉਂਦਾ। ਉਹ ਆਪਣੀ ਫਤੂਹੀ ਵਿੱਚੋਂ ਫੀਤੇ ਦੀ ਇਕ ਲੜੀ ਖਿੱਚ ਲੈਂਦਾ ਅਤੇ ਇਸ ਨੂੰ ਮੱਲੋ-ਮੱਲੀ ਉਸ ਦੇ ਹੱਥ ਫੜ੍ਹਾ ਦਿੰਦਾ ਸੀ। ਕਦੀ-ਕਦੀ ਉਹ ਅੱਗੇ-ਅੱਗੇ ਝਾੜੂ ਨਾਲ ਰਾਹ ਸੰਵਰਦਾ ਜਾਂਦਾ। ਵਿਚਾਰੀ ਤਾਤੀਆਨਾ ਨੂੰ ਪਤਾ ਨਹੀਂ ਲੱਗਦਾ ਸੀ ਕਿ ੳੇਹ ਉਸ ਨਾਲ ਕੀ ਅਤੇ ਕਿਸ ਤਰ੍ਹਾਂ ਦਾ ਵਿਵਹਾਰ ਕਰੇ। ਬਹੁਤ ਹੀ ਛੇਤੀ ਘਰ ਦੇ ਸਾਰੇ ਲੋਕਾਂ ਨੂੰ ਗੂੰਗੇ-ਬਹਿਰੇ ਨੌਕਰ ਦੀਆਂ ਚਾਲਾਂ ਬਾਰੇ ਕੁੜੀ ਵੱਲ ਮੁਸਕਰਾਹਟਾਂ, ਇਸ਼ਾਰਿਆਂ ਅਤੇ ਸ਼ਰਾਰਤੀ ਮਜ਼ਾਕਾਂ ਬਾਰੇ ਪਤਾ ਚੱਲ ਗਿਆ ਸੀ ਪਰ ਕੋਈ ਵੀ ਗਾਰਸੀਮ ਨੂੰ ਕੁਛ ਕਹਿਣ ਦੀ ਹਿੰਮਤ ਨਹੀਂ ਕਰਦਾ ਸੀ। ਉਸ ਨੂੰ ਮਜ਼ਾਕ ਪਸੰਦ ਨਹੀਂ ਸੀ। ਉਸ ਦੀ ਹਾਜ਼ਰੀ ਵਿਚ ਕੋਈ ਉਹ ਤਾਤਿਆਨਾ ਨੂੰ ਟਿੱਚਰ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ।
ਇਸ ਤਰ੍ਹਾਂ ਚਾਹੇ ਉਸ ਨੂੰ ਪਸੰਦ ਸੀ ਜਾਂ ਨਾ ਕੁੜੀ ਆਪਣੇ ਆਪ ਨੂੰ ਉਸ ਦੀ ਰਾਖੀ ਵਿੱਚ ਸੁਰੱਖਿਅਤ ਮਹਿਸੂਸ ਕਰਦੀ ਸੀ। ਸਾਰੇ ਬਹਿਰੇ ਲੋਕਾਂ ਦੀ ਤਰ੍ਹਾਂ ਗਰਾਸੀਮ ਵੀ ਬੜਾ ਚਲਾਕ ਸੀ ਅਤੇ ਜਦੋਂ ਉਸ ਦਾ ਜਾਂ ਉਸ ਦੀ ਪ੍ਰੇਮਿਕਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੁੰਦਾ ਤਾਂ ਉਸ ਨੂੰ ਝੱਟ ਸਮਝ ਪੈ ਜਾਂਦੀ ਸੀ। ਇਕ ਵਾਰ ਰਾਤ ਦੇ ਖਾਣੇ ਦੀ ਮੇਜ਼ 'ਤੇ ਨੌਕਰਾਣੀਆਂ ਦੀ ਮੁਖੀਆ ਨੇ ਤਾਤਿਆਨਾ ਦੇ ਖਿਲਾਫ਼ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਉਹ ਏਨੀ ਦੁਖੀ ਹੋ ਗਈ ਕਿ ਲਗਪਗ ਰੋ ਹੀ ਪਈ। ਗਰਾਸੀਮ ਨੇ ਇਹ ਦੇਖਿਆ ਉਹ ਅਚਾਨਕ ਆਪਣੀ ਸੀਟ ਤੋਂ ਉੱਠਿਆ। ਮੇਜ਼ ਉੱਤੇ ਆਪਣੀ ਮਜਬੂਤ ਬਾਂਹ ਪਸਾਰੀ ਅਤੇ ਆਪਣਾ ਹੱਥ ਮੁਖੀਆ ਦੇ ਸਿਰ 'ਤੇ ਰੱਖ ਕੇ ਦਬਾਇਆ ਤੇ ਉਸ ਵੱਲ ਇਸ ਤਰ੍ਹਾਂ ਗੁੱਸੇ ਨਾਲ ਝਾਕਿਆ ਕਿ ਉਸ ਦੇ ਹੋਸ਼ ਉੱਡ ਗਏ। ਮੇਜ਼ 'ਤੇ ਖਾਣਾ ਖਾਂਦੇ ਸਾਰੇ ਲੋਕ ਡਰ ਗਏ ਸਨ।
"ਓ, ਸ਼ੈਤਾਨ! ਜੰਗਲੀ ਦੁਸ਼ਟ ਸ਼ੈਤਾਨ!"