ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਮੰਦਭਾਗੇ ਜੀਵਨ ਦਾ ਭਵਿੱਖਤ ਸੰਕੇਤ ਦਿੰਦੀ ਹੈ। ਅਸਲ ਵਿਚ ਤਾਤਿਆਨਾ ਚੰਗੀ ਕਿਸਮਤ ਦੀ ਸ਼ੇਖੀ ਨਹੀਂ ਮਾਰ ਸਕਦੀ ਸੀ। ਬਚਪਨ ਤੋਂ ਹੀ ਉਹ ਦੂਸਰਿਆਂ ਦੇ ਅਧੀਨ ਰਹੀ ਸੀ। ਉਸ ਨੇ ਦੋ ਜਣਿਆ ਲਈ ਕੰਮ ਕੀਤਾ ਅਤੇ ਉਨ੍ਹਾਂ ਨੇ ਉਸ ਪ੍ਰਤੀ ਕਦੇ ਕੋਈ ਦਿਆਲਤਾ ਨਹੀਂ ਦਿਖਾਈ। ਉਸ ਦੇ ਕੱਪੜੇ ਖਸਤਾ ਹਾਲਤ ਵਾਲੇ ਹੁੰਦੇ ਅਤੇ ਤਨਖ਼ਾਹ ਵੀ ਬੜੀ ਘੱਟ ਹੁੰਦੀ ਸੀ ਤੇ ਰਿਸ਼ਤੇਦਾਰ? ਹੁਣ ਤਾਂ ਨਾਂ ਲੈਣ ਲਈ ਵੀ ਕੋਈ ਨਹੀਂ ਸੀ। ਉਸ ਦੇ ਚਾਚਿਆਂ ਵਿਚੋਂ ਇਕ ਮਾਲਕਾਂ ਦੀ ਹਵੇਲੀ ਵਿਚ ਬਟਲਰ ਦੀ ਪਦਵੀ 'ਤੇ ਰਹਿ ਚੁੱਕਿਆ ਸੀ ਪਰੰਤੂ ਉਸ ਨੂੰ ਵਾਪਿਸ ਪਿੰਡ ਭੇਜ ਦਿੱਤਾ ਗਿਆ ਕਿਉਂਕਿ ਉਹ ਇਸ ਕੰਮ ਲਈ ਯੋਗ ਨਹੀਂ ਸੀ। ਉਸ ਦੇ ਹੋਰ ਚਾਚੇ ਕਦੇ ਆਪਣੇ ਖ਼ਾਨਦਾਨੀ ਮਾਲਕਾਂ ਦੇ ਨੇੜੇ-ਤੇੜੇ ਵੀ ਨਹੀਂ ਰਹੇ। ਕੋਈ ਐਸਾ ਵੀ ਸਮਾਂ ਸੀ ਜਦੋਂ ਤਾਤਿਆਨਾ ਨੂੰ ਇਕ ਖ਼ੂਬਸੂਰਤ ਔਰਤ ਮੰਨਿਆ ਜਾਂਦਾ ਸੀ ਲੇਕਿਨ ਕਿਸੇ ਤਰ੍ਹਾਂ ਉਸ ਦੀ ਸੁੰਦਰਤਾ ਗੁਆਚ ਗਈ ਸੀ। ਉਹ ਬਹੁਤ ਹੀ ਸ਼ਾਂਤ ਤੇ ਬੜੇ ਸ਼ਰਮੀਲੇ ਸੁਭਾਅ ਦੀ ਸੀ। ਆਪਣੇ ਪ੍ਰਤੀ ਬਹੁਤ ਉਦਾਸੀਨ ਅਤੇ ਦੂਜਿਆਂ ਤੋਂ ਬਹੁਤ ਹੀ ਡਰੀ ਹੋਈ। ਉਸ ਦਾ ਧਿਆਨ ਸਿਰਫ਼ ਇਕੋ ਗੱਲ ਵੱਲ ਸੀ ਕਿ ਸਮੇਂ ਸਿਰ ਕੰਮ ਪੂਰਾ ਹੋ ਜਾਵੇ। ਉਹ ਕਦੇ ਵੀ ਬਹੁਤਾ ਨਹੀਂ ਬੋਲੀ ਅਤੇ ਅਪਣੀ ਮਾਲਕਣ ਦੇ ਸਿਰਫ਼ ਜ਼ਿਕਰ 'ਤੇ ਹੀ ਕੰਬ ਉੱਠਦੀ, ਹਾਲਾਂਕਿ ਉਸ ਦੀ ਮਾਲਕਣ ਨੇ ਉਸ ਨੂੰ ਕਦੇ ਇਕ ਸ਼ਬਦ ਵੀ ਨਹੀਂ ਕਿਹਾ।

ਜਦੋਂ ਗਰਾਸੀਮ ਨੂੰ ਪਿੰਡ ਤੋਂ ਲਿਆਂਦਾ ਗਿਆ ਸੀ ਤਾਂ ਤਾਤਿਆਨਾ ਤਾਂ ਉਸ ਦਾ ਵੱਡਾ ਜੁੱਸਾ ਦੇਖ ਕੇ ਡਰ ਦੇ ਮਾਰੇ ਲਗਪਗ ਬੇਹੋਸ਼ ਹੋ ਚੱਲੀ ਸੀ। ਉਹ ਹਮੇਸ਼ਾਂ ਉਸ ਤੋਂ ਪਾਸੇ ਰਹਿਣ ਦੀ ਕੋਸ਼ਿਸ਼ ਕਰਦੀ ਅਤੇ ਜਦੋਂ ਉਸ ਨੂੰ ਵਿਹੜੇ ਵਿਚੋੋਂ ਉਸ ਕੋਲੋਂ ਲੰਘਣਾ ਪੈਂਦਾ ਤਾਂ ਉਹ ਆਪਣੀਆਂ ਅੱਧੀਆਂ ਅੱਖਾਂ ਬੰਦ ਕਰ ਲੈਂਦੀ ਅਤੇ ਤੇਜ਼ੀ ਨਾਲ ਉਸ ਕੋਲੋਂ ਲੰਘ ਜਾਂਦੀ। ਪਹਿਲਾਂ ਤਾਂ ਗਰਾਸੀਮ ਨੇ ਵੀ ਉਸ ਵੱਲ ਧਿਆਨ ਨਾ ਦਿੱਤਾ ਪਰ ਫੇਰ ਜਦੋਂ ਉਹ ਤਾਤਿਆਨਾ ਨੂੰ ਮਿਲਿਆ ਤਾਂ ਮੁਸਕੁਰਾਇਆ। ਬਾਅਦ ਵਿਚ ਉਹ ਨਜ਼ਰਾਂ ਨਾਲ ਉਸ ਦਾ ਪਿੱਛਾ ਕਰਨ ਲੱਗ ਪਿਆ ਤੇ ਅਖ਼ੀਰ ਗੱਲ ਏਨੀ ਵਧ ਗਈ ਕਿ ਉਹ ਉਸ ਤੋਂ ਨਜ਼ਰਾਂ ਹਟਾਉਂਦਾ ਹੀ ਨਹੀਂ ਸੀ। ਉਹ ਉਸ ਨੂੰ ਪਸੰਦ ਕਰਨ ਲੱਗ ਪਿਆ ਸੀ। ਇਹ ਉਸ ਦੇ ਸ਼ਾਂਤ ਚਿਹਰੇ-ਮੁਹਰੇ ਕਰਕੇ ਸੀ ਜਾਂ ਉਸ ਦੇ ਸ਼ਰਮੀਲੇ ਅਤੇ ਡਰਾਕਲ ਵਿਵਹਾਰ ਲਈ ਕੌਣ ਦੱਸ ਸਕਦਾ ਹੈ?

ਇਕ ਵਾਰ ਤਾਤਿਆਨਾ ਆਪਣੀ ਮਾਲਕਣ ਦੇ ਤਾਜ਼ਾ ਦਿੱਤੇ ਮਾਵੇ ਵਾਲੇ ਬਲਾਊਜ ਨੂੰ ਸਾਵਧਾਨੀ ਨਾਲ ਆਪਣੀਆਂ ਉਂਗਲੀਆਂ ਦੇ ਪੋਟਿਆਂ 'ਤੇ ਚੁੱਕੀ ਆਪਣੀ ਬਾਂਹ ਉੱਪਰ ਉਠਾਈਂ ਵਿਹੜੇ ਵਿਚੋਂ ਦੀ ਲੰਘੀ। ਉਸ ਨੇ ਅਚਾਨਕ ਮਹਿਸੂਸ ਕੀਤਾ ਕਿ ਕਿਸੇ ਨੇ ਉਸ ਦੀ ਦੂਜੀ ਬਾਂਹ ਨੂੰ ਕੱਸ ਕੇ ਫੜ੍ਹ ਲਿਆ। ਉਸ ਨੇ ਮੁੜ ਕੇ ਦੇਖਿਆ, ਉਸ ਦੇ ਪਿੱਛੇ ਗਾਰਸੀਮ ਖੜ੍ਹਾ ਸੀ। ਉਹ ਡਰ ਨਾਲ ਲਗਪਗ