ਪੰਨਾ:Mumu and the Diary of a Superfluous Man.djvu/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
18
ਮੂਮੂ

"ਜੀ ਹਾਂ ਸਰਕਾਰ, ਤੁਸੀਂ ਜ਼ਰੂਰ ਇਸ ਦੀ ਸ਼ਾਦੀ ਕਰਵਾ ਦਿਓ, ਗਾਵਰੀਲਾ ਨੇ ਜਵਾਬ ਦਿੱਤਾ। ਇਹ ਤਾਂ ਬਹੁਤ ਹੀ ਚੰਗੀ ਗੱਲ ਹੋਵੇਗੀ!”

"ਹਾਂ, ਪਰ ਉਸ ਨਾਲ ਵਿਆਹ ਕੌਣ ਕਰਵਾਏਗੀ?" ਮਾਲਕਣ ਨੇ ਪੁੱਛਿਆ।

"ਹਾਂ, ਮਾਲਕਣ। ਇਹ ਤਾਂ ਹੈ ਪਰ ਜੇ ਤੁਸੀਂ ਇਸ ਤਰਾਂ ਖੁਸ਼ ਹੋ... ਫਿਰ ਵੀ, ਅਗਰ ਤੁਸੀਂ ਚਾਹੁੰਦੇ ਹੋ.... ਕਿਸੇ ਵੀ ਵਜ੍ਹਾ ਕਰਕੇ ਅੱਛਾ ਇਨਸਾਨ ਬਣ ਸਕਦਾ ਹੈ। ਦਰਜ਼ਨ ਵਿਚੋਂ ਇਕ ਦੇ ਯੋਗ ਤਾਂ ਹੋਵੇਗਾ ਹੀ।"

"ਮੈਨੂੰ ਇਹ ਪੱਕਾ ਲੱਗਦੈ ਕਿ ਉਹ ਤਾਤਿਆਨਾ ਨੂੰ ਪਸੰਦ ਕਰਦੈ," ਔਰਤ ਨੇ ਕਿਹਾ।

ਗਵਰੀਲਾ ਕੁਝ ਕਹਿਣ ਵਾਲਾ ਸੀ ਪਰ ਉਸ ਨੇ ਆਪਣੇ ਬੁੱਲ੍ਹ ਮੀਚ ਲਏ ਅਤੇ ਕਿਹਾ ਕੁਝ ਨਾ।

"ਹਾਂ", ਔਰਤ ਨੇ ਨਸਵਾਰ ਦੀ ਚੁਟਕੀ ਦਾ ਸੁਆਦ ਲੈਂਦੇ ਹੋਏ ਕਿਹਾ, "ਹਾਂ ਤਾਤੀਆਨਾ ਨੂੰ ਉਹਦੇ ਲਈ ਮਨਾਇਆ ਜਾਵੇ। ਤੂੰ ਸੁਣਦਾ ਹੈਂ?"

"ਹਾਂ, ਮਾਲਕਣ", ਗਾਵਰੀਲਾ ਨੇ ਕਿਹਾ ਅਤੇ ਉਥੋਂ ਚਲਾ ਗਿਆ, ਔਰਤ ਨੇ ਵੀ ਉਹਨੂੰ ਉਥੋਂ ਜਾਣ ਦੀ ਆਗਿਆ ਦੇ ਅੰਦਾਜ਼ ਵਿਚ ਆਪਣਾ ਹੱਥ ਹਿਲਾਇਆ।

ਆਪਣੇ ਮਕਾਨ ਵਿਚ ਵਾਪਸ ਪਰਤਣ 'ਤੇ ਜਿਹੜਾ ਕਿ ਇਮਾਰਤ ਦੇ ਪਿਛਵਾੜੇ ਇਕ ਕਮਰੇ ਦਾ ਸੀ ਅਤੇ ਲੋਹੇ ਦੀਆਂ ਤਾਰਾਂ ਨਾਲ ਬੰਨ੍ਹੇ ਬਕਸਿਆਂ ਨਾਲ ਭਰਿਆ ਪਿਆ ਸੀ। ਗਵਰੀਲਾ ਨੇ ਆਪਣੀ ਪਤਨੀ ਨੂੰ ਬਾਹਰ ਜਾਣ ਲਈ ਕਿਹਾ ਅਤੇ ਫਿਰ ਖਿੜਕੀ ਕੋਲ ਸੋਚਵਾਨ ਲਹਿਜ਼ੇ ਵਿਚ ਬੈਠ ਗਿਆ। ਉਸ ਦੀ ਮਾਲਕਣ ਦੇ ਅਚਾਨਕ ਹੁਕਮ ਨੇ ਉਸ ਨੂੰ ਮੁਸ਼ਕਿਲ ਵਿਚ ਪਾ ਦਿੱਤਾ ਸੀ। ਆਖ਼ਿਰਕਾਰ ਉਹ ਉੱਠਿਆ ਅਤੇ ਮੋਚੀ ਨੂੰ ਬੁਲਾਉਣ ਦਾ ਹੁਕਮ ਦਿੱਤਾ। ਜਲਦੀ ਹੀ ਕਪਿਤੋਨ ਕਲਿਮੋਫ਼ ਉਸ ਅੱਗੇ ਆ ਹਾਜ਼ਰ ਹੋਇਆ।

ਗਾਵਰੀਲਾ ਦੇ ਕਮਰੇ ਵਿਚ ਕੀ ਹੋਇਆ ਇਹ ਦੱਸਣਾ ਜਾਰੀ ਰੱਖਣ ਤੋਂ ਪਹਿਲਾਂ ਅਸੀਂ ਤਾਤਿਆਨਾ ਬਾਰੇ ਦੋ ਸ਼ਬਦ ਦੱਸਣੇ ਜਰੂਰੀ ਸਮਝਦੇ ਹਾਂ ਜਿਸ ਨਾਲ ਕਿ ਕਪੀਤੋਨ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਇਹ ਵੀ ਕਿ ਉਸ ਔਰਤ ਦੇ ਹੁਕਮ ਨੇ ਗਵਰੀਲਾ ਨੂੰ ਏਨਾ ਪ੍ਰੇਸ਼ਾਨ ਕਿਉਂ ਕੀਤਾ ਸੀ?

ਤਾਤਿਆਨਾ ਮਾਲਕਣ ਦੇ ਧੋਬੀਖ਼ਾਨੇ ਵਿਚ ਕੰਮ ਕਰਦੀ ਸੀ ਕਿਉਂਕਿ ਉਹ ਆਪਣੇ ਕੰਮ ਵਿਚ ਕਾਫੀ ਸੁਲਝੀ ਹੋਈ ਸੀ। ਇਸ ਕਰਕੇ ਉਸ ਨੂੰ ਸਭ ਤੋਂ ਵਧੀਆ ਲੀਨੇਨ ਦਾ ਧਿਆਨ ਰੱਖਣ ਦਾ ਕੰਮ ਦਿੱਤਾ ਗਿਆ ਸੀ। ਉਹ ਅਠਾਈਆਂ ਕੁ ਵਰਿਆਂ ਦੀ ਮਧਰੀ ਅਤੇ ਬਹੁਤ ਹੀ ਪਤਲੀ ਔਰਤ ਸੀ। ਸੋਹਣੇ ਰੰਗ ਰੂਪ ਵਾਲੀ ਜਿਸ ਦੀ ਖੱਬੀ ਗੱਲ੍ਹ 'ਤੇ ਤਿਲ ਸੀ। ਖੱਬੀ ਗੱਲ੍ਹ 'ਤੇ ਐਸੇ ਤਿਲ ਨੂੰ ਰੂਸ ਵਿਚ ਬਦਸ਼ਗਨੀ ਮੰਨਿਆ ਜਾਂਦਾ ਹੈ।