ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

17

ਇਸ ਤਰ੍ਹਾਂ ਇਕ ਸਾਲ ਬੀਤ ਗਿਆ ਜਿਸ ਦੇ ਅੰਤ ਵਿਚ ਗਰਾਸੀਮ ਨਾਲ ਇਕ ਛੋਟੀ ਜਿਹੀ ਘਟਨਾ ਵਾਪਰੀ।

ਬੁੱਢੀ ਔਰਤ, ਜਿਸ ਦੀ ਹਵੇਲੀ ਵਿਚ ਉਹ ਨੌਕਰ ਦੇ ਤੌਰ 'ਤੇ ਰਹਿੰਦਾ ਸੀ। ਹਰ ਚੀਜ਼ ਵਿਚ ਪ੍ਰਾਚੀਨ ਦਸ੍ਤੂਰ ਦਾ ਪਾਲਣ ਕਰਨ ਵਾਲੀ ਇਕ ਖ਼ਬਤੀ ਔਰਤ ਸੀ ਅਤੇ ਉਸ ਨੇ ਬਹੁਤ ਸਾਰੇ ਨੌਕਰ ਨੌਕਰਾਣੀਆਂ ਰੱਖੇ ਹੋਏ ਸਨ। ਉਸ ਦੇ ਘਰ ਵਿਚ ਨਾ ਸਿਰਫ਼ ਧੋਬਣਾਂ, ਛੀਂਬਣਾਂ, ਤਰਖਾਣ, ਦਰਜੀ ਅਤੇ ਡਿਜ਼ਾਇਨਰ ਹੀ ਸਨ, ਸਗੋਂ ਇਕ ਕਾਠੀਆਂ ਬਣਾਉਣ ਵਾਲਾ ਵੀ ਸੀ। ਉਹ ਸਲੋਤਰੀ (ਵੈਟਰਨਰੀ ਸਰਜਨ) ਦੇ ਤੌਰ 'ਤੇ ਵੀ ਕੰਮ ਕਰਦਾ ਸੀ ਤੇ ਕਾਮਿਆਂ ਦਾ ਡਾਕਟਰ ਵੀ ਉਹੀ ਸੀ। ਮਾਲਕਣ ਲਈ ਇਕ ਅਲਹਿਦਾ ਘਰੇਲੂ ਡਾਕਟਰ ਸੀ। ਇੱਥੇ ਹੀ ਬੱਸ ਨਹੀਂ, ਇਕ ਮੋਚੀ ਵੀ ਸੀ ਤੇ ਕਾਪੀਤੋਨ ਕਲੀਮੋਵ ਨਾਂ ਦਾ ਇਕ ਉਦਾਸ ਸ਼ਰਾਬੀ ਸੀ। ਕਲੀਮੋਵ ਆਪਣੇ ਆਪ ਨੂੰ ਇਕ ਜ਼ਖ਼ਮੀ ਪ੍ਰਾਣੀ ਸਮਝਦਾ ਸੀ ਜਿਸ ਦੇ ਗੁਣਾਂ ਦੀ ਬੇਕਦਰੀ ਕੀਤੀ ਗਈ ਸੀ। ਪੀਟਰਸਬਰਗ ਦਾ ਇਕ ਸੁਲਝਿਆ ਹੋਇਆ ਇਨਸਾਨ ਜਿਸ ਨੂੰ ਮਾਸਕੋ ਵਿਚ ਬਿਨਾਂ ਕੰਮ ਇਨ੍ਹਾਂ ਜੰਗਲੀ ਲੋਕਾਂ ਵਿਚ ਨਹੀਂ ਹੋਣਾ ਚਾਹੀਦਾ ਸੀ। ਅਗਰ ਉਹ ਪੀਂਦਾ ਸੀ, ਉਹ ਖ਼ੁਦ ਆਪ ਛਾਤੀ ਫੁਲਾ ਕੇ ਇਸ ਇੱਲਤ ਦਾ ਢੰਡੋਰਾ ਪਿੱਟਦਾ ਸੀ ਤੇ ਕਹਿੰਦਾ ਸੀ, ਗ਼ਮ ਨੇ ਉਸ ਨੂੰ ਪੀਣ ਦੀ ਆਦਤ ਪਾਈ ਸੀ।

ਇਸ ਲਈ ਇਕ ਦਿਨ ਉਸ ਦੀ ਮਾਲਕਣ ਨੇ ਆਪਣੇ ਮੁੱਖ ਪ੍ਰਬੰਧਕ ਗਾਵਰੀਲਾ ਨਾਲ ਉਸ ਬਾਰੇ ਗੱਲਬਾਤ ਕੀਤੀ। ਗਾਵਰੀਲਾ ਦੀਆਂ ਛੋਟੀਆਂ ਪੀਲੀਆਂ ਅੱਖਾਂ ਸਨ ਅਤੇ ਹੰਸ ਦੀ ਚੁੰਝ ਵਰਗੀ ਨੱਕ। ਉਸ ਦੇ ਨੈਣ ਨਕਸ਼ਾਂ ਤੋਂ ਇਹ ਲਗਦਾ ਸੀ ਕਿ ਕੁਦਰਤ ਨੇ ਉਸ ਨੂੰ ਕਿਸੇ ਹਾਕਮਾਨਾ ਅਹੁਦੇ ਲਈ ਬਣਾਇਆ ਸੀ। ਉਸ ਔਰਤ ਨੇ ਕਾਪੀਤੋਨ ਦੀ ਸ਼ਰਾਬ ਦੀ ਆਦਤ ਅਤੇ ਬਦਚਲਨੀ ਦੇ ਦੁਖਾਂਤ ਬਾਰੇ ਅਫ਼ਸੋਸ ਪ੍ਰਗਟ ਕੀਤਾ ਅਤੇ ਇਕ ਦਿਨ ਪਹਿਲਾਂ ਹੀ ਸ਼ਾਮ ਨੂੰ ਸ਼ਰਾਬ ਵਿੱਚ ਧੁੱਤ ਨੂੰ ਸੜਕ ਦੇ ਕੰਢੇ ਨਾਲੀ ਵਿਚੋਂ ਚੁੱਕ ਕੇ ਲਿਆਉਣਾ ਪਿਆ ਸੀ। "ਗਾਵਰੀਲਾ," ਉਸ ਨੇ ਅਚਾਨਕ ਕਿਹਾ, "ਜੇ ਅਸੀਂ ਇਸ ਦਾ ਵਿਆਹ ਕਰ ਦੇਈਏ, ਤਾਂ ਤੇਰਾ ਕੀ ਖ਼ਿਆਲ ਹੈ? ਸ਼ਾਇਦ ਇਹ ਸੰਭਲ ਹੀ ਜਾਏ!"