ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

16

ਮੂਮੂ

ਉਹ ਉਸ ਨਾਲ ਇਸ਼ਾਰਿਆਂ ਦੇ ਰਾਹੀਂ ਗੱਲਬਾਤ ਕਰਦੇ ਅਤੇ ਉਹ ਉਨ੍ਹਾਂ ਨੂੰ ਸਮਝ ਲੈਂਦਾ। ਸਾਰੇ ਹੁਕਮ ਬਿਨਾਂ ਕਿਸੇ ਹੀਲ-ਹੁੱਜਤ ਦੇ ਵਜਾ ਦਿੰਦਾ ਪਰ ਇਸ ਦੇ ਨਾਲ ਹੀ ਉਹ ਆਪਣੇ ਅਖ਼ਤਿਆਰ ਅਤੇ ਅਧਿਕਾਰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਛੇਤੀ ਕੀਤੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਖਾਣੇ ਦੀ ਮੇਜ਼ ਉੱਤੇ ਉਸ ਦੀ ਥਾਂ 'ਤੇ ਆ ਬੈਠ ਜਾਵੇ।

ਗਰਾਸੀਮ ਇਕ ਸਖ਼ਤ ਅਤੇ ਗੰਭੀਰ ਸੁਭਾ ਦਾ ਆਦਮੀ ਸੀ। ਉਹ ਹਰ ਚੀਜ਼ ਵਿਚ ਸਲੀਕਾ ਪਸੰਦ ਕਰਦਾ ਸੀ। ਕੁੱਕੜ ਵੀ ਉਸ ਦੀ ਮੌਜੂਦਗੀ ਵਿਚ ਲੜਨ ਦੀ ਹਿੰਮਤ ਨਹੀਂ ਕਰਦੇ ਸਨ। ਉਨ੍ਹਾਂ ਨੂੰ ਡਰ ਲੱਗਦਾ ਸੀ ਕਿ ਅਗਰ ਉਸ ਨੇ ਉਨ੍ਹਾਂ ਨੂੰ ਲੜਦੇ ਵੇਖ ਲਿਆ ਤਾਂ ਉਹ ਉਨ੍ਹਾਂ ਨੂੰ ਲੱਤਾਂ ਤੋਂ ਕਾਬੂ ਕਰ ਲਵੇਗਾ ਤੇ ਪਹੀਏ ਦੀ ਤਰ੍ਹਾਂ ਹਵਾ ਵਿਚ ਦਸ ਵਾਰ ਘੁਮਾ ਕੇ ਉਨ੍ਹਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿਚ ਸੁੱਟ ਦੇਵੇਗਾ। ਵਿਹੜੇ ਵਿਚ ਹੰਸ ਵੀ ਰੱਖੇ ਹੋਏ ਸਨ ਪਰ ਹੰਸਾਂ ਬਾਰੇ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, ਇਕ ਸ਼ਾਨਦਾਰ ਅਤੇ ਸਮਝਦਾਰ ਪੰਛੀ ਹੈ। ਗਰਾਸੀਮ ਦੇ ਮਨ ਵਿਚ ਉਨ੍ਹਾਂ ਲਈ ਸਤਿਕਾਰ ਸੀ। ਉਹ ਉਨ੍ਹਾਂ ਦੀ ਬੜੇ ਪਿਆਰ ਨਾਲ ਦੇਖਭਾਲ ਕਰਦਾ ਅਤੇ ਉਨ੍ਹਾਂ ਨੂੰ ਦਾਣੇ ਪਾਉਂਦਾ। ਉਹ ਆਪ ਵੀ ਮਾਣਮੱਤੇ ਹੰਸ ਦੀ ਤਰ੍ਹਾਂ ਵਿਚਰਦਾ ਸੀ।

ਉਸ ਨੂੰ ਰਸੋਈ ਦੇ ਉੱਪਰ ਇਕ ਛੋਟਾ ਜਿਹਾ ਕੋਠੜਾ ਦਿੱਤਾ ਗਿਆ ਸੀ। ਉਸ ਨੇ ਇਸ ਵਿਚ ਆਪਣੀ ਪਸੰਦ ਅਨੁਸਾਰ ਢੰਗ ਸਿਰ ਸਾਮਾਨ ਟਿਕਾ ਲਿਆ ਸੀ। ਲੱਕੜ ਦੇ ਚਾਰ ਪਾਵਿਆਂ ਉੱਤੇ ਬਲੂਤ ਦੇ ਫੱਟੇ ਰੱਖ ਕੇ ਇੱਕ ਵੱਡਾ ਸਾਰਾ ਮੰਜਾ ਬਣਾ ਲਿਆ। ਮੰਜਾ ਕਾਹਦਾ ਸੱਚਮੁਚ ਕਿਸੇ ਦਿਓ ਦੇ ਲਿਟਣ ਦਾ ਸਮਾਨ ਸੀ। ਅਗਰ ਇਕ ਟਨ ਭਾਰ ਇਸ ਉੱਤੇ ਲੱਦ ਦਿੱਤਾ ਜਾਂਦਾ ਤਾਂ ਵੀ ਇਹ ਬੋਝ ਦੇ ਹੇਠਾਂ ਭੋਰਾ ਨਾ ਜਬ੍ਹਕਦਾ। ਮੰਜੇ ਦੇ ਹੇਠਾਂ ਇਕ ਨਿੱਗਰ ਪੇਟੀ ਰੱਖ ਦਿੱਤੀ ਸੀ। ਇਕ ਕੋਨੇ ਵਿਚ ਆਮ ਜਿਹੀ ਮਜ਼ਬੂਤ ​​ਕਿਸਮ ਦੀ ਇਕ ਛੋਟੀ ਮੇਜ਼ ਰੱਖੀ ਸੀ ਅਤੇ ਮੇਜ਼ ਦੇ ਨੇੜੇ ਤਿੰਨ ਟੰਗਾਂ ਵਾਲਾ ਇਕ ਸਟੂਲ ਟਿਕਾਇਆ ਹੋਇਆ ਸੀ। ਸਟੂਲ ਏਨਾ ਮਜਬੂਤ ਸੀ ਕਿ ਗਰਾਸੀਮ ਕਈ ਵਾਰ ਇਸ ਨੂੰ ਚੁੱਕ ਲੈਂਦਾ ਅਤੇ ਫਿਰ ਇਸ ਨੂੰ ਮੁਸਕਰਾ ਕੇ ਸੁੱਟ ਛੱਡਦਾ। ਕੋਠੜੇ ਨੂੰ ਹਮੇਸ਼ਾ ਇਕ ਵੱਡਾ ਸਾਰਾ ਜੰਦਰਾ ਲਾ ਕੇ ਬੰਦ ਕਰ ਦਿੰਦਾ ਸੀ ਅਤੇ ਉਸ ਜੰਦਰੇ ਦੀ ਕੁੰਜੀ ਗਰਾਸੀਮ ਹਮੇਸ਼ਾਂ ਆਪਣੀ ਪੇਟੀ ਵਿਚ ਟੰਗ ਰੱਖਦਾ ਸੀ। ਉਹ ਲੋਕਾਂ ਦਾ ਆਪਣੇ ਕੋਠੜੇ ਵਿਚ ਆਉਣਾ ਪਸੰਦ ਨਹੀਂ ਕਰਦਾ ਸੀ।