ਪੰਨਾ:Mumu and the Diary of a Superfluous Man.djvu/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

15

ਫਿਰ ਵਿਹੜੇ ਦੇ ਵਿਚ ਖੜ੍ਹਾ ਰਹਿੰਦਾ। ਸੜਕ 'ਤੇ ਲੰਘਦੇ ਰਾਹੀਆਂ ਨੂੰ ਹੈਰਾਨੀ ਨਾਲ ਘੂਰਦਾ ਰਹਿੰਦਾ, ਜਿਵੇਂ ਕਿ ਉਹ ਇਸ ਤਰ੍ਹਾਂ ਆਪਣੀ ਪ੍ਰੇਸ਼ਾਨ ਕਰਨ ਵਾਲੀ ਸਥਿਤੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜਾਂ ਉਹ ਅਚਾਨਕ ਕਿਸੇ ਕੋਨੇ ਵਿਚ ਚਲਾ ਜਾਂਦਾ ਅਤੇ ਝਾੜੂ ਤੇ ਬੇਲਚੇ ਨੂੰ ਦੂਰ ਵਗਾਹ ਮਾਰਦਾ। ਆਪ ਮੂੰਹ ਪਰਨੇ ਜ਼ਮੀਨ 'ਤੇ ਲੰਮਾ ਪੈ ਜਾਂਦਾ ਅਤੇ ਬਿਨਾਂ ਕਿਸੇ ਹਿੱਲ-ਜੁੱਲ ਦੇ ਘੰਟਿਆਂ ਤੀਕਰ ਕਿਸੇ ਪਿੰਜਰੇ ਵਿਚ ਬੰਦ ਦਰਿੰਦੇ ਦੀ ਤਰ੍ਹਾਂ ਪਿਆ ਰਹਿੰਦਾ।

ਆਦਮੀ ਹੌਲੀ-ਹੌਲੀ ਕਿਸੇ ਵੀ ਚੀਜ਼ ਦਾ ਆਦੀ ਹੋ ਜਾਂਦਾ ਹੈ। ਇਉਂ ਗਰਾਸੀਮ ਵੀ ਆਖ਼ੀਰ ਸ਼ਹਿਰ ਵਿਚ ਰਹਿਣ ਦਾ ਆਦੀ ਹੋ ਗਿਆ। ਉਸ ਕੋਲ ਕਰਨ ਲਈ ਬਹੁਤ ਘੱਟ ਕੰਮ ਸੀ। ਉਸ ਦੀ ਸਾਰੀ ਡਿਊਟੀ ਵਿਹੜੇ ਨੂੰ ਸਾਫ਼-ਸੁਥਰਾ ਰੱਖਣਾ, ਰੋਜ਼ਾਨਾ ਦੋ ਵਾਰ ਪਾਣੀ ਦਾ ਢੋਲ ਭਰਨਾ ਅਤੇ ਰਸੋਈ ਅਤੇ ਘਰ ਲਈ ਲੱਕੜਾਂ ਲਿਆਉਣਾ ਤੇ ਉਨ੍ਹਾਂ ਨੂੰ ਪਾੜਨਾ। ਇਸ ਦੇ ਨਾਲ ਹੀ ਅਜਨਬੀਆਂ ਨੂੰ ਬਾਹਰ ਰੱਖਣਾ ਅਤੇ ਰਾਤ ਨੂੰ ਘਰ ਦੀ ਚੌਂਕੀਦਾਰੀ ਕਰਨਾ ਸੀ। ਇਹ ਕਹਿਣਾ ਵਾਜਿਬ ਹੈ ਕਿ ਉਹ ਬੜੇ ਜੋਸ਼ ਨਾਲ ਆਪਣੀ ਡਿਊਟੀ ਕਰਦਾ ਸੀ। ਉਸ ਦੇ ਵਿਹੜੇ ਵਿਚ ਕਦੀ ਕੋਈ ਕੂੜੇ ਦਾ ਤਿਨਕਾ ਤਕ ਨਹੀਂ ਮਿਲਦਾ ਸੀ। ਕਦੇ ਵੀ ਧੂੜ ਦਾ ਕੋਈ ਕਣ ਨਹੀਂ ਸੀ ਦਿੱਸਦਾ। ਕਦੀ-ਕਦਾਈਂ ਗਾਰੇ ਚਿੱਕੜ ਵਾਲੀ ਰੁੱਤ ਵਿਚ ਜੇ ਕਦੇ ਪਾਣੀ ਲਿਆਉਣ ਲਈ ਉਸ ਨੂੰ ਦਿੱਤੀ ਰੇਹੜੀ ਦਾ ਮਰੀਅਲ ਜਿਹਾ ਟੱਟੂ ਚਿੱਕੜ ਵਿਚ ਫਸ ਕੇ ਖੜ੍ਹ ਜਾਂਦਾ ਸੀ ਤਾਂ ਉਹ ਆਪਣੇ ਮੋਢੇ ਦੀ ਟੇਕ ਨਾਲ ਧੱਕ ਕੇ ਰੇਹੜੀ ਕੱਢ ਲੈਂਦਾ ਸੀ।

ਜੇ ਉਹ ਲੱਕੜਾਂ ਪਾੜਨ ਲੱਗਦਾ ਤਾਂ ਉਸ ਦਾ ਕੁਹਾੜਾ ਸ਼ੀਸ਼ੇ ਵਾਂਗ ਟਨਾ-ਟਨ ਵੱਜਦਾ ਅਤੇ ਖਲਪਾੜਾਂ ਅਤੇ ਡੱਕਰੇ ਹਰ ਦਿਸ਼ਾ ਵਿਚ ਉੱਡਦੇ ਨਜ਼ਰੀਂ ਪੈਂਦੇ।

ਚੋਰ ਉਚੱਕਿਆਂ ਦਾ ਬਾਗਲ ਵਿਚ ਆਉਣ ਦਾ ਸਵਾਲ ਹੀ ਖ਼ਤਮ ਹੋ ਗਿਆ ਜਦੋਂ ਇਕ ਰਾਤ ਉਸ ਨੇ ਦੋ ਚੋਰਾਂ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਦੇ ਸਿਰ ਇੰਨੇ ਜ਼ੋਰ ਨਾਲ ਭਿੜਾ ਦਿੱਤੇ ਕਿ ਉਸ ਤੋਂ ਬਾਅਦ ਪੁਲਿਸ ਥਾਣੇ ਵਿਚ ਉਨ੍ਹਾਂ ਨੂੰ ਲੈ ਜਾਣ ਦੀ ਉੱਕਾ ਕੋਈ ਲੋੜ ਨਹੀਂ ਰਹਿ ਗਈ ਸੀ। ਇਸ ਦੇ ਬਾਅਦ ਆਂਢ-ਗੁਆਂਢ ਹਰ ਕਿਸੇ ਨੇ ਉਸ ਦਾ ਬਹੁਤ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਜਿਹੜੇ ਦਿਨ ਨੂੰ ਆ ਜਾਂਦੇ, ਚਾਹੇ ਲੁਟੇਰੇ ਵੀ ਨਹੀਂ ਹੁੰਦੇ ਸਨ ਪਰ ਸਿਰਫ਼ ਓਪਰੇ ਹੁੰਦੇ, ਉਹ ਭਿਆਨਕ ਚੌਂਕੀਦਾਰ ਨੂੰ ਦੇਖ ਕੇ ਬਦਹਵਾਸੀ ਵਿਚ ਹੱਥ ਹਿਲਾਉਣ ਲੱਗਦੇ ਅਤੇ ਸ਼ੋਰ ਮਚਾਉਂਦੇ ਜਿਵੇਂ ਉਹ ਉਨ੍ਹਾਂ ਨੂੰ ਸੁਣ ਸਕਦਾ ਹੋਵੇ।

ਘਰ ਦੇ ਸਾਰੇ ਨੌਕਰਾਂ ਨਾਲ ਗਰਾਸੀਮ ਦਾ ਭਾਵੇਂ ਚੰਗਾ ਮੇਲ ਜੋਲ ਸੀ ਪਰ ਦੋਸਤਾਨਾ ਨਹੀਂ ਕਿਹਾ ਜਾ ਸਕਦਾ- ਉਹ ਉਸ ਤੋਂ ਬਹੁਤ ਡਰਦੇ ਸਨ ਪਰ ਉਹ ਉਨ੍ਹਾਂ ਨੂੰ ਆਪਣੇ ਸਾਥੀ ਸਮਝਦਾ ਸੀ।