ਪੰਨਾ:Mumu and the Diary of a Superfluous Man.djvu/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

22

ਮੂਮੂ

"ਮੇਰੀ ਮਾਲਕਣ ਗਰਾਸੀਮ ਨੂੰ ਪਸੰਦ ਕਰਦੀ ਹੈ।" (ਉਹ ਜਾਣਦਾ ਸੀ ਅਤੇ ਇਸ ਕਾਰਨ ਉਹ ਹਮੇਸ਼ਾਂ ਸਨਮਾਨਜਨਕ ਸਲੂਕ ਕਰਦਾ ਸੀ।) ਪਰ ਉਹ ਬੋਲਣ ਦੀ ਸ਼ਕਤੀ ਤੋਂ ਵਾਂਝਾ ਹੈ। ਕੀ ਮੈਂ ਮਾਲਕਣ ਨੂੰ ਦੱਸ ਦੇਵਾਂ ਕਿ ਉਹ ਕੁੜੀ ਨੂੰ ਪਿਆਰ ਕਰਦਾ ਹੈ? ਪਰ, ਉਹ ਕਿਸ ਤਰ੍ਹਾਂ ਦਾ ਪਤੀ ਬਣੇਗਾ? ਦੂਜੇ ਪਾਸੇ ਰੱਬਾ ਮੇਰੇ ਪਾਪ ਬਖਸ਼ ਦੇਣਾ! ਗੂੰਗੇ ਦਿਓ ਨੂੰ ਜਦੋਂ ਇਹ ਪਤਾ ਚੱਲਿਆ ਕਿ ਤਾਤਿਆਨਾ ਦਾ ਵਿਆਹ ਕਪੀਤੋਨ ਨਾਲ ਕੀਤਾ ਜਾ ਰਿਹਾ ਹੈ। ਉਹ ਘਰ ਵਿੱਚ ਸਭ ਕੁਝ ਭੰਨ ਸੁੱਟੇਗਾ। ਕਿਸੇ ਤਰੀਕੇ ਵੀ ਉਸ ਨੂੰ ਸਮਝਾਇਆ ਨਹੀਂ ਜਾ ਸਕਣਾ। ਇਸ ਸ਼ੈਤਾਨ ਨਾਲ ਦਲੀਲਬਾਜ਼ੀ ਤਾਂ ਕੀਤੀ ਨਹੀਂ ਜਾ ਸਕਦੀ। ਰੱਬ ਰਹਿਮ ਕਰੇ! ਕਪੀਤੋਨ ਦੇ ਆ ਜਾਣ ਨਾਲ ਉਸ ਦੀ ਖ਼ਿਆਲਾਂ ਦੀ ਲੜੀ ਟੁੱਟ ਗਈ।

ਮੋਚੀ ਨੇ ਕਮਰੇ ਵਿਚ ਚੁੱਪ-ਚਾਪ ਦਾਖ਼ਲ ਹੋਇਆ ਅਤੇ ਦਰਵਾਜ਼ੇ ਦੇ ਨੇੜੇ ਖੜ ਗਿਆ। ਆਪਣੀਆਂ ਬਾਹਾਂ ਆਪਣੀ ਪਿੱਠ ਪਿੱਛੇ ਕਰ ਲਈਆਂ। ਉਸ ਨੇ ਕੰਧ ਨਾਲ ਵਿਚ ਢਾਸਣਾ ਲਾ ਲਈ ਅਤੇ ਆਪਣਾ ਸੱਜਾ ਪੈਰ ਖੱਬੇ ਤੋਂ ਅੱਗੇ ਲੰਘਾ ਕੇ ਆਰਾਮ ਅਤੇ ਸਵੈ-ਭਰੋਸੇ ਦੇ ਅੰਦਾਜ਼ ਦੇ ਨਾਲ ਰੱਖਿਆ। ਫਿਰ ਉਸ ਨੇ ਆਪਣਾ ਸਿਰ ਹਿਲਾਇਆ ਜਿਵੇਂ ਇਹ ਕਹਿਣਾ ਚਾਹੁੰਦਾ ਹੋਵੇ, "ਮੈਂ ਆ ਗਿਆ ਹਾਂ, ਤੁਸੀਂ ਮੈਥੋਂ ਕੀ ਚਾਹੁੰਦੇ ਹੋ?" ਪਰ ਉਸ ਨੇ ਕੁਝ ਨਾ ਕਿਹਾ।

ਗਵਰੀਲੋ ਨੇ ਉਸ ਵੱਲ ਦੇਖਿਆ ਅਤੇ ਆਪਣੀਆਂ ਉਂਗਲਾਂ ਨਾਲ ਖਿੜਕੀ ਦੀ ਚੁਗਾਠ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ। ਕਪੀਤੋਨ ਨੇ ਆਪਣੀਆਂ ਨਿੱਕੀਆਂ ਅੱਖਾਂ ਝਪਕੀਆਂ, ਪਰ ਉਸ ਨੇ ਨੀਵੀਂ ਨਹੀਂ ਪਾਈ। ਉਹ ਹਲਕਾ ਜਿਹਾ ਮੁਸਕਰਾਇਆ ਅਤੇ ਹੱਥ ਨਾਲ ਆਪਣੇ ਬੱਗੇ ਹੋ ਰਹੇ ਉੱਘੜ-ਦੁੱਘੜੇ ਵਾਲਾਂ ਨੂੰ ਠੀਕ ਕੀਤਾ, "ਠੀਕ ਹੈ, ਕਹੋ, ਮੈਂ ਹਾਜ਼ਿਰ ਹਾਂ ਅਤੇ ਤੁਸੀਂ ਮੈਨੂੰ ਕਿਵੇਂ ਘੂਰ ਰਹੇ ਹੋ? ਹੁਣ ਤੁਸੀਂ ਕੀ ਵੇਖ ਰਹੇ ਹੋ?"

"ਸ਼ਾਨਦਾਰ, ਸੱਚਮੁਚ!" ਗਵਰੀਲੋ ਫੁਸਫਸਾਇਆ ਅਤੇ ਥੋੜ੍ਹਾ ਰੁਕ ਕੇ ਫਿਰ ਬੋਲਿਆ। "ਤੂੰ ਚੰਗਾ ਬੰਦਾ ਹੈਂ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ।"

ਕਪੀਤੋਨ ਨੇ ਆਪਣੇ ਢਿਲਕੇ ਜਿਹੇ ਮੋਢੇ ਛੰਡੇ ਅਤੇ ਉਸ ਦੀ ਗੁਸਤਾਖ਼ ਨਿਗ੍ਹਾ ਕਹਿੰਦੀ ਲੱਗ ਰਹੀ ਸੀ, "ਤੁਸੀਂ ਕੋਈ ਘੱਟ ਵਧੀਆ ਹੋ, ਮੈਂ ਕਹਿ ਸਕਦਾ ਹਾਂ" ਪਰ ਉਸ ਨੇ ਕੁਝ ਨਹੀਂ ਕਿਹਾ।

"ਆਪਣੇ ਆਪ ਵੱਲ ਧਿਆਨ ਦੇ", ਗਵਰੀਲੋ ਨੇ ਝਿੜਕਣ ਦੇ ਲਹਿਜੇ ਵਿਚ ਗੱਲ ਜਾਰੀ ਰੱਖੀ। "ਵੇਖ, ਤੂੰ ਆਪਣਾ ਕੀ ਹਾਲ ਬਣਾ ਰੱਖਿਆ ਹੈ - ਹੂੰ?"