ਮੂਮੂ
23
ਕਪੀਤੋਨ ਨੇ ਆਪਣੇ ਫਟੇ ਅਤੇ ਗੰਦੇ ਕੋਟ, ਪਾਟੀ ਤੇ ਟਾਕੀਆਂ ਲੱਗੀ ਪਤਲੂਨ ਉੱਤੇ ਆਪਣੀਆਂ ਅੱਖਾਂ ਫੇਰੀਆਂ; ਉਸ ਨੇ ਆਪਣੇ ਟੁੱਟੇ ਬੂਟਾਂ 'ਤੇ ਖ਼ਾਸ ਕਰਕੇ ਉਸ ਵੱਲ ਜਿਸ ਨੂੰ ਉਸ ਨੇ ਚੌੜ ਨਾਲ ਥੋੜ੍ਹਾ ਅੱਗੇ ਕਰਕੇ ਰੱਖਿਆ ਸੀ। ਧਿਆਨ ਧਰ ਕੇ ਕੁਝ ਪਲ ਸੋਚਿਆ, ਫਿਰ ਉਸ ਨਿਗ੍ਹਾ ਉੱਪਰ ਉਠਾਈ ਅਤੇ ਆਪਣੇ ਵਿਚੋਲੇ ਵੱਲ ਦੇਖਦਿਆਂ ਕਿਹਾ "ਠੀਕ ਹੈ? ਇਹ ਕੀ ਹੈ, ਸਰ?"
"ਇਹ ਕੀ ਹੈ?" ਗਵਰੀਲੋ ਨੇ ਉਲਟਾ ਕੇ ਕਿਹਾ, "ਇਹ ਕੀ ਹੈ?" "ਹਾਂ, ਤੂੰ ਅਜੇ ਪੁੱਛਦਾ ਹੈਂ, ਇਹ ਕੀ ਹੈ? ਤੂੰ ਨਿਰਾ ਸ਼ੈਤਾਨ ਲੱਗਦਾ ਹੈਂ - ਰੱਬ ਮੇਰੇ ਪਾਪ ਬਖਸ਼ ਦੇਵੇ! ਹਾਂ, ਇਹੀ ਲੱਗਦਾ ਹੈਂ ਤੂੰ!"
ਕਪੀਤੋਨ ਨੇ ਆਪਣੀਆਂ ਅੱਖਾਂ ਅੱਧੀਆਂ ਕੁ ਮੀਚ ਲਈਆਂ ਜਿਵੇਂ ਕਿ ਉਹ ਕਹਿਣਾ ਚਾਹੁੰਦਾ ਹੋਵੇ, "ਕਹਿ ਲੈ, ਬੁੱਢਿਆ ਇਹ ਤੇਰਾ ਕਾਰੋਬਾਰ ਹੈ।"
"ਤੂੰ ਫੇਰ ਸ਼ਰਾਬ ਪੀਤੀ ਹੈ!" ਗਵਰੀਲੋ ਅੱਗੇ ਕਹਿਣ ਲੱਗਿਆ - "ਫੇਰ ਪੀਤੀ ਹੈ ਨਾ, ਕੀ ਨਹੀਂ - ਹੂੰ? ਠੀਕ ਹੈ, ਮੈਨੂੰ ਜਵਾਬ ਦੇਹ।"
"ਕਮਜ਼ੋਰ ਸਿਹਤ ਦੇ ਕਾਰਨ ਮੈਨੂੰ ਜ਼ਰੂਰ ਪੀਣੀ ਪਈ। ਮੈਂਥੋਂ ਰੁਕਿਆ ਨਹੀਂ ਗਿਆ।" ਕਪੀਤੋਨ ਨੇ ਬਹਾਨਾ ਬਣਾਇਆ।
"ਕਮਜ਼ੋਰ ਸਿਹਤ ਕਰਕੇ, ਵਾਹ, ਨਹੀਂ ਰੀਸਾਂ!" ਦੂਜੇ ਦੀ ਆਵਾਜ਼ ਗੂੰਜੀ। "ਕੀ ਤੇਰੀ ਚੰਗੀ ਚੰਡਾਈ ਨਹੀਂ ਹੋਈ?... ਉੱਥੇ ... ਅਤੇ ਸੇਂਟ ਪੀਟਰਸਬਰਗ ਵਿੱਚ ਰਹਿਣ ਦੇ ਦਾਅਵੇ! ਬਹੁਤਾ ਕੁਝ ਤੂੰ ਉਥੋਂ ਹੀ ਸਿੱਖਿਆ ਹੈ! ਤੂੰ ਜੋ ਰੋਟੀ ਖਾਂਦਾ ਹੈਂ ਉਸ ਦੇ ਲਾਇਕ ਨਹੀਂ, ਨਮਕ ਹਰਾਮ!"
"ਇਹ ਆਖ਼ਰੀ ਗੱਲ ਜੋ ਤੁਸੀਂ ਕੀਤੀ ਹੈ, ਨਮਕ ਹਰਾਮੀ ਵਾਲੀ, ਗਵਰੀਲੋ ਮਾਤਵੇਇਚ"। ਮੋਚੀ ਬੋਲ ਪਿਆ, "ਇਸ ਦਾ ਫ਼ੈਸਲਾ ਕਰਨ ਵਾਲਾ ਤਾਂ ਇਕ ਹੀ ਹੈ, ਸਰਬ ਸ਼ਕਤੀਮਾਨ ਪਰਮਾਤਮਾ। ਉਸ ਦੇ ਇਲਾਵਾ ਕਿਸੇ ਹੋਰ ਨੂੰ ਮੇਰਾ ਨਿਤਾਰਾ ਕਰਨ ਦਾ ਕੋਈ ਹੱਕ ਨਹੀਂ। ਕੇਵਲ ਉਹ ਹੀ ਜਾਣਦਾ ਹੈ ਕਿ ਮੈਂ ਨਮਕ ਹਰਾਮ ਹਾਂ ਜਾਂ ਨਮਕ ਹਲਾਲ, ਜਿੱਥੋਂ ਤਕ ਮੇਰੇ ਸ਼ਰਾਬ ਪੀਣ ਦਾ ਸੰਬੰਧ ਹੈ, ਇਸ ਵਿਚ ਮੇਰਾ ਕਸੂਰ ਨਹੀ ਹੈ, ਮੇਰੇ ਇਕ ਦੋਸਤ ਦਾ ਹੈ ਜਿਸ ਨੇ ਮੈਨੂੰ ਗੁੰਮਰਾਹ ਕੀਤਾ, ਉਕਸਾਇਆ ਤੇ ਫਿਰ ਮੈਨੂੰ ਛੱਡ ਗਿਆ ਅਤੇ ਮੈਂ --"