ਮੂਮੂ
27
ਮੋਹਿਤ ਕਰ ਲਿਆ, ਮੈਂ ਹੈਰਾਨ ਹਾਂ? ਜੇ ਉਸ ਨੂੰ ਪਤਾ ਚੱਲ ਗਿਆ ਕਿ ਤੂੰ ਕਿਸੇ ਹੋਰ ਨਾਲ ਵਿਆਹ ਕਰਵਾਉਣ ਲੱਗੀ ਹੈਂ ਤਾਂ ਉਹ ਤੈਨੂੰ ਮਾਰ ਦੇਵੇਗਾ ਅਤੇ ਉਹ ਦਰਿੰਦਿਆਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੈ।"
"ਉਹ ਜ਼ਰੂਰ ਮੈਨੂੰ ਮਾਰ ਦੇਵੇਗਾ, ਗਵਰੀਲੋ ਮਾਤਵੇਇਚ," ਲੜਕੀ ਨੇ ਬਿਨਾਂ ਘਬਰਾਹਟ ਅਤੇ ਬੁਝੇ ਜਿਹੇ ਤਰੀਕੇ ਨਾਲ ਕਿਹਾ।
"ਉਹ ਕਰੇਗਾ, ਏਹ? ਕੀ ਉਹ ਕਰੇਗਾ? ਇਹ ਦੇਖਿਆ ਜਾਣਾ ਹੈ। ਤੂੰ ਕੀ ਕਹਿੰਦੀ ਹੈਂ? ਉਹ ਤੈਨੂੰ ਮਾਰ ਸੁੱਟੇਗਾ? ਜ਼ਰਾ ਸੋਚ, ਕੀ ਤੈਨੂੰ ਮਾਰਨ ਦਾ ਉਸ ਦਾ ਕੋਈ ਹੱਕ ਹੈ?"
"ਇਹ ਮੈਂ ਨਹੀਂ ਜਾਣਦੀ, ਗਵਰੀਲਾ ਮਾਤਵੇਇਚ, ਉਸ ਨੂੰ ਹੱਕ ਹੈ ਜਾਂ ਨਹੀਂ।"
ਮੁਖ਼ਤਾਰ ਨੇ ਪੁੱਛਿਆ, "ਕੀ ਤੂੰ ਕਦੇ ਉਸ ਨਾਲ ਕੋਈ ਵਾਅਦਾ ਕੀਤਾ ਹੈ?"
"ਕੀ ਕਿਹਾ ਹਜ਼ੂਰ, ਗਵਰੀਲੋ ਮਾਤਵੇਇਚ?" ਕੁੜੀ ਨੇ ਪੁੱਛਿਆ। ਉਹ ਗਵਰੀਲੋ ਦੇ ਸਵਾਲ ਨੂੰ ਸਮਝ ਨਹੀਂ ਸਕੀ ਸੀ।
"ਤੂੰ ਸੱਚਮੁੱਚ ਭੋਲੀ ਹੈ! ਸਭ ਠੀਕ ਹੈ ਜਾਓ, ਹੁਣ, ਮੇਰੀ ਨਿੱਕੀ ਤਾਤਿਆਨਾ। ਤੂੰ ਇਕ ਆਗਿਆਕਾਰ, ਭਾਣਾ ਮੰਨਣ ਵਾਲੀ ਕੁੜੀ ਹੈ।"
ਤਾਤਿਆਨਾ ਕਮਰੇ ਵਿਚੋਂ ਚਲੀ ਗਈ, ਅਤੇ ਪੌੜੀਆਂ ਤੋਂ ਉੱਤਰਦੀ ਉਹ ਰੇਲਿੰਗ 'ਤੇ ਝੁਕੀ।
ਮੁਖ਼ਤਾਰ ਧਿਆਨ ਮਗਨ ਹੋ ਸੋਚਣ ਲੱਗਾ, "ਇਹ ਹੋ ਸਕਦਾ ਹੈ ਕਿ ਕੱਲ੍ਹ ਤਕ ਮਾਲਕਣ ਵਿਆਹ ਸੰਬੰਧੀ ਇਹ ਸਭ ਭੁਲਾ ਦੇਵੇ। ਤਾਂ ਫਿਰ, ਕਿਸ ਮਕਸਦ ਲਈ ਮੈਂ ਏਨੀ ਝੱਖਮਾਰੀ ਕੀਤੀ ਹੈ? ਤੇ ਉਹ ਪੁਆੜੇ ਦੀ ਜੜ੍ਹ, ਗਰਾਸੀਮ ਜੇ ਕੁਝ ਹੋ ਜਾਂਦਾ ਹੈ, ਉਸ ਦਾ ਇੰਤਜਾਮ ਅਸੀਂ ਕਰ ਲਵਾਂਗੇ। ਲੋੜ ਪਈ ਤਾਂ ਅਸੀਂ ਉਸ ਨੂੰ ਪੁਲਿਸ ਦੀ ਹਿਰਾਸਤ ਵਿਚ ਦੇ ਸਕਦੇ ਹਾਂ। ਯਸਲਿਨੀਆ ਫਿਓਦਰੋਵਨਾ! "ਉਸ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ, "ਮੇਰੀ ਪਿਆਰੀ, ਮੇਰੀ ਸਤਿਕਾਰਯੋਗ ਭਾਗਵਾਨੇ, ਚਾਹ ਵਾਲੀ ਕੇਤਲੀ ਜ਼ਰਾ ਅੱਗ 'ਤੇ ਰੱਖਣਾ।"
ਤਾਤਿਆਨਾ ਸਾਰਾ ਦਿਨ ਲਾਂਡਰੀ ਵਿਚ ਵੜੀ ਰਹੀ। ਪਹਿਲਾਂ ਤਾਂ ਉਹ ਥੋੜਾ ਜਿਹਾ ਰੋਈ ਸੀ ਪਰ ਛੇਤੀ ਹੀ ਉਸ ਨੇ ਆਪਣੇ ਅੱਥਰੂ ਪੂੰਝੇ ਅਤੇ ਕੰਮ ਵਿਚ ਰੁੱਝ ਗਈ।
ਕਪੀਤੋਨ ਸ਼ਰਾਬ ਦੇ ਠੇਕੇ 'ਤੇ ਗਿਆ ਅਤੇ ਦੇਰ ਰਾਤ ਤਕ ਉੱਥੇ ਰਿਹਾ। ਉੱਥੇ ਉਸ ਨੂੰ ਇਕ ਸੱਜਣ ਮਿਲਿਆ ਜੋ ਬੜਾ ਉਦਾਸ ਜਿਹਾ ਵਿਅਕਤੀ ਸੀ। ਉਸ ਨੂੰ ਉਸ ਨੇ ਆਪਣੇ ਜੀਵਨ ਦਾ ਇਤਿਹਾਸ ਸੁਣਾਇਆ।