ਪੰਨਾ:Mumu and the Diary of a Superfluous Man.djvu/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

28

ਮੂਮੂ

ਇਕ ਸੱਜਣ ਜਿਸ ਨਾਲ ਉਹ ਜਿਵੇਂ ਚਾਹੇ ਵਰਤ ਸਕਦਾ ਸੀ। ਉਹ ਵਿਵਸਥਾ ਦਾ ਦੋਸਤ ਅਤੇ ਸ਼ਰੀਫ਼ ਇਨਸਾਨ ਸੀ। ਆਖ਼ਿਰ ਵਿਚ ਉਸ ਨੇ ਇਕ ਛੋਟੀ ਜਿਹੀ ਗ਼ਲਤੀ ਕੀਤੀ ਕਿ ਉਹ ਸ਼ਰਾਬ ਪੀਣ ਲੱਗ ਪਿਆ ਅਤੇ ਲਾਪਰਵਾਹ ਹੋ ਗਿਆ। ਉਹ ਸਾਰੀਆਂ ਸ਼੍ਰੇਣੀਆਂ ਦੀਆਂ ਔਰਤਾਂ ਦਾ ਪਸੰਦੀਦਾ ਰਿਹਾ ਸੀ। ਉਹ ਬੱਸ ਉਸ ਦੀਆਂ ਦੀਵਾਨੀਆਂ ਸਨ। ਕਪੀਤੋਨ ਜੋ ਕੁਝ ਵੀ ਕਹਿੰਦਾ, ਉਹ ਉਦਾਸ ਜਿਹਾ ਬੰਦਾ "ਹਾਂ" ਕਹਿ ਕੇ ਹੁੰਗਾਰਾ ਭਰ ਦਿੰਦਾ ਪਰ ਜਦੋਂ ਕਪੀਤੋਨ ਨੇ ਆਖ਼ਿਰ ਇਹ ਘੋਸ਼ਣਾ ਕੀਤੀ ਕਿ ਇਕ ਖ਼ਾਸ ਕਾਰਨ ਕਰਕੇ ਉਹ ਅਗਲੇ ਦਿਨ ਅੱਧੀ ਰਾਤ ਨੂੰ ਖ਼ੁਦਕੁਸ਼ੀ ਲਈ ਮਜਬੂਰ ਹੈ ਤਾਂ ਉਸ ਦਾ ਦੋਸਤ ਆਪਣੀ ਸੀਟ ਤੋਂ ਉੱਠਿਆ। ਉਹ ਕੁਝ ਗੁਣਗੁਣਾ ਰਿਹਾ ਸੀ ਜਿਸ ਦਾ ਮਤਲਬ ਇਹ ਸੀ ਕਿ ਸੌਣ ਦਾ ਸਮਾਂ ਹੋ ਚੁੱਕਾ ਸੀ, ਅਤੇ ਉਹ ਰੁੱਖੇ ਜਿਹੇ ਢੰਗ ਨਾਲ ਚਲਾ ਗਿਆ।

ਇਸ ਦੌਰਾਨ ਮੁਖ਼ਤਾਰ ਦੀ ਇਹ ਉਮੀਦ ਕਿ ਮਾਲਕਣ ਸ਼ਾਇਦ ਵਿਆਹ ਬਾਰੇ ਭੁੱਲ ਜਾਵੇ, ਸਾਕਾਰ ਨਹੀਂ ਹੋਈ। ਉਹ ਇਸ ਮਾਮਲੇ ਵਿਚ ਇੰਨੀ ਦਿਲਚਸਪੀ ਰੱਖਦੀ ਸੀ ਕਿ ਉਸ ਨੇ ਰਾਤ ਨੂੰ ਆਪਣੀ ਨੌਕਰਾਣੀ ਨਾਲ ਵੀ ਗੱਲ ਕੀਤੀ ਸੀ। ਇਹ ਨੌਕਰਾਣੀ ਘਰ ਵਿਚ ਸਿਰਫ਼ ਇਕੋ ਮਕਸਦ ਨਾਲ ਰੱਖੀ ਗਈ ਸੀ ਕਿ ਜਦੋਂ ਮਾਲਕਣ ਨੂੰ ਨੀਂਦ ਨਾ ਆਵੇ ਤਾਂ ਉਹ ਉਸ ਦਾ ਸਾਥ ਦੇਵੇ ਅਤੇ ਉਹ ਰਾਤ ਨੂੰ ਪਹਿਰਾ ਦੇਣ ਵਾਲੇ ਵਾਂਗ ਦਿਨੇ ਸੌਂਦੀ ਸੀ। ਅਗਲੀ ਸਵੇਰ ਜਿਵੇਂ ਹੀ ਗਵਰੀਲੋ ਆਪਣੇ ਬਾਕਾਇਦਾ ਰਿਪੋਰਟ ਨਾਲ ਮਾਲਕਣ ਸਾਹਮਣੇ ਪੇਸ਼ ਹੋਇਆ ਤਾਂ ਮਾਲਕਣ ਨੇ ਉਸ ਨੂੰ ਪੁੱਛਿਆ, "ਵਿਆਹ ਵਾਲੇ ਸਾਡੇ ਮਾਮਲੇ ਦਾ ਕੀ ਬਣਿਆ? ਕੀ ਇਹ ਹੋ ਜਾਏਗਾ?" ਉਸ ਨੇ ਜਵਾਬ ਦਿੱਤਾ ਕਿ ਇਹ ਵਧੀਆ ਹੋਵੇਗਾ ਕਿ ਕਪੀਤੋਨ ਉਸ ਦਿਨ ਉਸ ਦੇ ਸਾਹਮਣੇ ਹਾਜ਼ਰ ਹੋਣ ਦਾ ਸੁਭਾਗ ਪ੍ਰਾਪਤ ਕਰੇਗਾ, ਨਿਮਰਤਾ ਨਾਲ ਉਸ ਕੋਲੋਂ ਤਾਤਿਆਨਾ ਨਾਲ ਵਿਆਹ ਦੀ ਇਜਾਜ਼ਤ ਮੰਗੇਗਾ।

ਜਿਉਂ ਹੀ ਉਸ ਨੂੰ ਉੱਥੋਂ ਛੁੱਟੀ ਮਿਲੀ, ਗਵਰੀਲੋ ਨੇ ਕਰਮਚਾਰੀਆਂ ਦੇ ਵੱਡੇ ਹਾਲ ਵਿਚ ਇਕ ਮੀਟਿੰਗ ਰੱਖੀ ਕਿਉਂਕਿ ਇਸ ਮਾਮਲੇ ਲਈ ਸੱਚਮੁਚ ਪਰਿਪੱਕ ਵਿਚਾਰ-ਵਟਾਂਦਰੇ ਦੀ ਜ਼ਰੂਰਤ ਸੀ। ਅੱਲ੍ਹੜ ਤਾਤਿਆਨਾ ਨੇ ਆਪਣੇ ਬਾਰੇ ਕੀਤੇ ਗਏ ਸਾਰੇ ਫ਼ੈਸਲਿਆਂ ਨੂੰ ਸਵੀਕਾਰ ਕੀਤਾ ਪਰ ਕਪੀਤੋਨ ਥੋੜ੍ਹਾ ਜਿਹਾ ਗਰਮ ਹੋ ਗਿਆ ਸੀ। ਉਸ ਨੇ ਆਪਣੀ ਮਾਲਕਣ ਦੇ ਸਾਰੇ ਸੇਵਾਦਾਰਾਂ ਦੀ ਹਾਜ਼ਰੀ ਵਿਚ ਕਹਿੰਦਾ ਫਿਰਦਾ ਸੀ ਕਿ ਉਸ ਦਾ ਸਿਰਫ਼ ਇਕ ਹੀ ਸਿਰ ਹੈ, ਦੋ ਜਾਂ ਤਿੰਨ ਨਹੀਂ ਅਤੇ ਉਸ ਨੇ ਆਪਣਾ ਕੀਮਤੀ ਤੇ ਇਕਮਾਤਰ ਸਿਰ ਤੁੜਵਾਉਣਾ ਨਹੀਂ ਸੀ।