ਪੰਨਾ:Mumu and the Diary of a Superfluous Man.djvu/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

30

ਮੂਮੂ

ਜ਼ਮੀਨ ਖੁਰਚ ਰਿਹਾ ਸੀ। ਨੌਕਰ ਲਾਣੇ ਦੀਆਂ ਸਾਰੀਆਂ ਅੱਖਾਂ ਆਪਣੇ ਓਹਲੇ ਓਟਾਂ ਵਿਚ ਦੀ ਚੋਰੀ ਚੋਰੀ ਉਸ ਨੂੰ ਦੇਖ ਰਹੀਆਂ ਸਨ। ਤਾਤਿਆਨਾ ਲੜਖੜਾਉਂਦੀ ਡਿੱਗਦੀ-ਢਹਿੰਦੀ ਹੋਈ ਉਸ ਦੇ ਕੋਲੋਂ ਲੰਘੀ। ਜਿਉਂ ਹੀ ਉਸ ਨੇ ਉਸ ਨੂੰ ਦੇਖਿਆ ਪਹਿਲਾਂ ਤਾਂ ਉਹ ਆਦਤ ਮੂਜ਼ਬ ਮੁਸਕਰਾਉਣ ਲੱਗ ਪਿਆ ਅਤੇ ਭੀਂ-ਭੀਂ ਦੀ ਆਵਾਜ਼ ਕੱਢਦਾ ਹੋਇਆ ਪਿਆਰ ਜਤਾਉਣ ਲੱਗਾ ਜਦੋਂ ਉਸ ਨੇ ਫਿਰ ਉਸ ਵੱਲ ਧਿਆਨ ਨਾਲ ਦੇਖਿਆ ਤਾਂ ਉਹ ਆਪਣੇ ਸਟੂਲ ਤੋਂ ਉੱਠ ਖੜਾ ਹੋਇਆ ਅਤੇ ਆਪਣਾ ਬੇਲਚਾ ਪਾਸੇ ਸੁੱਟ ਦਿੱਤਾ। ਉਹ ਉਸ ਕੋਲ ਗਿਆ, ਆਪਣਾ ਵੱਡਾ ਸਰੀਰ ਝੁਕਾ ਕੇ ਆਪਣਾ ਮੂੰਹ ਉਸ ਦੇ ਚਿਹਰੇ ਨੇੜੇ ਕੀਤਾ।

ਵਿਚਾਰੀ ਗ਼ਰੀਬੜੀ ਕੁੜੀ ਧੁਰ ਅੰਦਰ ਤੱਕ ਡਰ ਗਈ। ਉਸ ਦਾ ਅੰਗ-ਅੰਗ ਕੰਬਣ ਲੱਗਾ ਅਤੇ ਮੁਸ਼ਕਿਲ ਨਾਲ ਆਪਣੇ ਪੈਰਾਂ 'ਤੇ ਖੜ੍ਹੀ ਰਹਿ ਸਕੀ। ਇਸ ਨੇ ਸ਼ਰਾਬੀ ਹੋਣ ਦੀ ਐਕਟਿੰਗ ਦੇ ਪ੍ਰਭਾਵ ਨੂੰ ਵਧਾਇਆ। ਉਸ ਨੇ ਉਸ ਨੂੰ ਬਾਂਹ ਤੋਂ ਫੜਿਆ ਅਤੇ ਉਸ ਨੂੰ ਵਿਹੜੇ ਵਿਚ ਧੂੰਹਦੇ ਹੋਏ ਨੌਕਰਾਂ ਦੇ ਕਮਰਿਆਂ ਕੋਲ ਲਿਜਾ ਕੇ ਕਪੀਤੋਨ ਦੀਆਂ ਬਾਹਾਂ ਵਿਚ ਸੁੱਟ ਦਿੱਤਾ। ਉਹ ਡਰ ਨਾਲ ਅਧਮੋਈ ਹੋਈ ਪਈ ਸੀ। ਉਸ ਨੇ ਇਕ ਵਾਰ ਫਿਰ ਤਲਖ਼ ਮੁਸਕਰਾਹਟ ਨਾਲ ਉਸ ਵੱਲ ਦੇਖਿਆ। ਉਸ ਵੱਲ ਆਪਣਾ ਹੱਥ ਹਿਲਾਇਆ ਅਤੇ ਭਾਰੀ ਕਦਮ ਪੁੱਟਦਾ ਮੁੜ ਆਇਆ।

ਉਹ ਅਗਲੇ ਦੋ ਦਿਨ ਆਪਣੀ ਕੋਠੜੀ ਵਿਚੋਂ ਨਾ ਨਿਕਲਿਆ। ਕੋਚਵਾਨ ਅੰਤਿਪਕਾ ਨੇ ਉਸ ਨੂੰ ਦਰਵਾਜ਼ੇ ਵਿਚਲੀ ਇਕ ਝੀਥ ਰਾਹੀਂ ਦੇਖਿਆ। ਉਹ ਕੀ ਦੇਖਦਾ ਹੈ ਕਿ ਗਰਾਸੀਮ ਆਪਣੇ ਮੰਜੇ 'ਤੇ ਦੋਹਾਂ ਹੱਥਾਂ ਵਿਚ ਆਪਣਾ ਸਿਰ ਫੜੀ ਚੁੱਪਚਾਪ ਬੈਠਾ ਸੀ ਅਤੇ ਕਦੇ ਕਦੇ ਭੀਂ-ਭੀਂ ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਸੀ ਜਿਵੇਂ ਕੋਚਵਾਨ ਸੜਕ 'ਤੇ ਆਪਣੇ ਗੱਡੇ ਹੱਕਦੇ ਜਾਂਦੇ ਪੀੜਾਂ ਦੇ ਪਰਾਗੇ ਗਾਉਂਦੇ ਹੁੰਦੇ ਹਨ। ਕੋਚਵਾਨ ਨੂੰ ਇਹ ਦ੍ਰਿਸ਼ ਦੇਖਦੇ ਰਹਿਣਾ ਬਹੁਤ ਅਸਹਿਜ ਮਹਿਸੂਸ ਹੋਇਆ ਅਤੇ ਛੇਤੀ ਹੀ ਦਰਵਾਜ਼ੇ ਤੋਂ ਪਿੱਛੇ ਹਟ ਗਿਆ।

ਜਦੋਂ ਆਖ਼ਿਰ ਗਰਾਸੀਮ ਆਪਣੀ ਕੋਠੜੀ ਵਿਚੋਂ ਨਿਕਲ ਕੇ ਵਿਹੜੇ ਵਿਚ ਆਇਆ ਤਾਂ ਉਸ ਵਿਚ ਕੋਈ ਵਿਸ਼ੇਸ਼ ਤਬਦੀਲੀ ਨਜ਼ਰ ਨਹੀਂ ਸੀ ਆ ਰਹੀ। ਉਹ ਆਮ ਨਾਲੋਂ ਥੋੜ੍ਹਾ ਜਿਹਾ ਵੱਧ ਨਿਰਾਸ਼ ਲੱਗਦਾ ਸੀ ਅਤੇ ਤਾਤਿਆਨਾ ਜਾਂ ਕਪੀਤੋਨ ਵੱਲ ਉਸ ਨੇ ਕੋਈ ਧਿਆਨ ਨਾ ਦਿੱਤਾ। ਦੋਨਾਂ ਨੇ ਆਪਣੀਆਂ ਆਪਣੀਆਂ ਕੱਛਾਂ ਵਿਚ ਇਕ-ਇਕ ਬੱਤਖ਼ ਦਬਾਈ ਤੇ ਮਾਲਕਣ ਦਾ ਆਸ਼ੀਰਵਾਦ ਲੈਣ ਗਏ ਤਾਂ ਉਸ ਨੇ ਬੜੀ ਖੁਸ਼ੀ ਨਾਲ ਉਨ੍ਹਾਂ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਕ ਹਫ਼ਤੇ ਦੇ ਅੰਦਰ ਅੰਦਰ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦੇ ਵਿਆਹ ਦੇ ਦਿਨ ਵੀ ਗਾਰਸੀਮ ਦੇ ਵਰਤੋਂ ਵਿਹਾਰ ਵਿੱਚ ਕੋਈ ਤਬਦੀਲੀ ਨਜ਼ਰ ਨਹੀਂ ਆਈ, ਸਿਰਫ਼