ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

31

ਉਹ ਪਾਣੀ ਤੋਂ ਬਿਨਾਂ ਦਰਿਆ ਤੋਂ ਮੁੜ ਆਇਆ। ਉਸ ਦੀ ਬੈਰਲ ਸੜਕ ਤੇ ਟੁੱਟੀ ਪਈ ਸੀ। ਉਸ ਨੇ ਸ਼ਾਮ ਨੂੰ ਆਪਣੇ ਘੋੜੇ ਨੂੰ ਇੰਨੇ ਜ਼ੋਰ ਨਾਲ ਖਰਖਰਾ ਕੀਤਾ ਕਿ ਉਸ ਦੀ ਚਮੜੀ ਉਚੇੜ ਦਿੱਤੀ।

ਇਹ ਸਾਰਾ ਕੁਝ ਬਸੰਤ ਰੁੱਤ ਦੌਰਾਨ ਹੋਇਆ।

ਇਕ ਹੋਰ ਸਾਲ ਬੀਤ ਗਿਆ, ਜਿਸ ਦੌਰਾਨ ਕਪੀਤੋਨ ਸੁਧਰਨਾ ਤਾਂ ਦੂਰ, ਸਗੋਂ ਸ਼ਰਾਬ ਜੋਗਾ ਹੀ ਹੋ ਕੇ ਰਹਿ ਗਿਆ ਅਤੇ ਦੁਨਿਆਵੀ ਤੌਰ 'ਤੇ ਉੱਕਾ ਨਕਾਰਾ ਹੋ ਗਿਆ। ਇਸ ਲਈ ਮਾਲਕਣ ਨੇ ਉਸ ਨੂੰ ਆਪਣੀ ਪਤਨੀ ਸਹਿਤ ਉਸ ਦੀ ਜਾਗੀਰ ਦੇ ਸਭ ਤੋਂ ਦੂਰ ਦੇ ਪਿੰਡ ਜਾ ਰਹੇ ਕਾਫ਼ਲੇ ਦੇ ਨਾਲ ਭੇਜਣ ਦਾ ਹੁਕਮ ਦੇ ਦਿੱਤਾ। ਆਪਣੇ ਵਿਦਾਇਗੀ ਦੇ ਦਿਨ ਉਹ ਪਹਿਲਾਂ ਤਾਂ ਕਾਫ਼ੀ ਹੌਂਸਲੇ ਵਿਚ ਸੀ ਅਤੇ ਤਾੜੀ ਮਾਰ ਕੇ ਕਹਿ ਰਿਹਾ ਸੀ ਕਿ ਉਹ ਉਸ ਨੂੰ ਭਾਵੇਂ ਧਰਤੀ ਦੇ ਉਸ ਦੂਰ-ਦੁਰੇਡੇ ਖੇਤਰ ਵਿਚ ਭੇਜ ਦਿੱਤਾ ਜਾਵੇ, ਜਿੱਥੇ ਧੋਬਣਾਂ ਅਸਮਾਨ ਦੀ ਕਿਨਾਰੀ 'ਤੇ ਕੱਪੜੇ ਸੁੱਕਣੇ ਪਾਉਂਦੀਆਂ ਹਨ, ਉਹ ਉੱਥੇ ਵੀ ਰਹਿ ਲਵੇਗਾ ਪਰ ਜਦੋਂ ਕਾਫ਼ਲੇ ਦੀਆਂ ਰਵਾਨਾ ਹੋਣ ਲਈ ਤਿਆਰੀਆਂ ਸ਼ੁਰੂ ਹੋਈਆਂ, ਤਾਂ ਉਸ ਦੀ ਕੰਡ ਢੈਲ਼ੀ ਹੋ ਗਈ ਅਤੇ ਰੋਣੇ ਰੋਣ ਲੱਗ ਪਿਆ ਕਿ ਜੰਗਲੀ ਲੋਕਾਂ ਵਿਚ ਆਪਣਾ ਜੀਵਨ ਬਰਬਾਦ ਕਰਨ ਲਈ ਉਸ ਨੂੰ ਬੇਰਹਿਮੀ ਨਾਲ ਭੇਜਿਆ ਜਾ ਰਿਹਾ ਸੀ। ਅਖ਼ੀਰ ਉਹ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਿਆ ਅਤੇ ਏਨਾ ਬੌਂਦਲ ਗਿਆ ਕਿ ਉਹ ਆਪਣੇ ਸਿਰ 'ਤੇ ਆਪਣੀ ਟੋਪੀ ਵੀ ਆਪ ਨਹੀਂ ਲੈ ਸਕਿਆ। ਕਿਸੇ ਭਲੇ ਵਿਅਕਤੀ ਨੇ ਉਸ ਲਈ ਇਹ ਕੰਮ ਕੀਤਾ ਅਤੇ ਆਪਣੀ ਹਥੇਲੀ ਨਾਲ ਇਸ ਨੂੰ ਥੋੜ੍ਹਾ ਟੇਢਾ ਕਰ ਦਿੱਤਾ।

ਜਦੋਂ ਕਾਫ਼ਲਾ ਰਵਾਨਾ ਹੋਣ ਲਈ ਤਿਆਰ ਸੀ। ਕੋਚਵਾਨਾਂ ਨੇ ਆਪਣੇ ਹੱਥਾਂ ਵਿਚ ਲਗਾਮਾਂ ਸੰਭਾਲ ਲਈਆਂ ਸਨ ਅਤੇ ਰੱਬ ਦਾ ਨਾਂ ਲੈ ਕੇ ਚੱਲਣ ਲਈ ਹੁਕਮ ਦੀ ਉਡੀਕ ਕਰ ਰਹੇ ਸਨ। ਗਰਾਸੀਮ ਆਪਣੇ ਕਮਰੇ ਵਿਚੋਂ ਬਾਹਰ ਆਇਆ ਅਤੇ ਤਾਤਿਆਨਾ ਨੂੰ ਇਕ ਲਾਲ ਸੂਤੀ ਰੁਮਾਲ ਭੇਂਟ ਕੀਤਾ ਜਿਹੜਾ ਉਸ ਨੇ ਇਕ ਸਾਲ ਪਹਿਲਾਂ ਉਸ ਲਈ ਖਰੀਦਿਆ ਸੀ। ਉਹ ਨਿਮਾਣੀ ਜਿੰਦ ਜਿਸ ਨੇ ਹੁਣ ਤੱਕ ਬਿਨਾਂ ਕਿਸੇ ਸ਼ਿਕਵੇ/ਸ਼ਕਾਇਤ ਦੇ ਬਹੁਤ ਸਾਰੇ ਦੁੱਖੜੇ ਝੱਲੇ ਸੀ। ਉਹ ਗਰਾਸੀਮ ਦੇ ਅਜਿਹੀ ਨਿਸ਼ਕਾਮ ਦਿਆਲਤਾ ਦੇ ਪ੍ਰਗਟਾਵੇ 'ਤੇ ਆਪਣੇ ਆਪੇ ਨੂੰ ਕਾਬੂ ਵਿੱਚ ਨਾ ਰੱਖ ਸਕੀ। ਉਸ ਦੀਆਂ ਗੱਲ੍ਹਾਂ 'ਤੇ ਅੱਥਰੂਆਂ ਦੀਆਂ ਘਰਾਲਾਂ ਵਗਣੀਆਂ ਸ਼ੁਰੂ ਹੋ ਗਈਆਂ ਅਤੇ ਘੋੜਾ-ਗੱਡੀ 'ਤੇ ਚੜ੍ਹਨ ਤੋਂ ਪਹਿਲਾਂ ਉਸ ਨੇ ਆਪਣੀਆਂ ਛੋਟੀਆਂ-ਛੋਟੀਆਂ ਬਾਹਾਂ ਮੂਕ ਦੇਵ ਦੇ ਮੋਢਿਆਂ ਦੁਆਲੇ ਵਲ਼ ਦਿੱਤੀਆਂ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਦਿਲਾਂ ਦੀਆਂ ਗਹਿਰਾਈਆਂ ਵਿਚੋਂ ਚੁੰਮਿਆ। ਉਹ ਉਸ ਦੀ ਘੋੜਾ-ਗੱਡੀ ਦੇ ਨਾਲ-ਨਾਲ ਤੁਰ ਪਿਆ। ਉਸ ਦਾ ਇਰਾਦਾ ਸ਼ਾਇਦ ਸ਼ਹਿਰ ਦੇ ਬੰਨੇ ਤੱਕ ਨਾਲ-ਨਾਲ ਚੱਲਣ ਦਾ ਸੀ ਪਰ