ਪੰਨਾ:Mumu and the Diary of a Superfluous Man.djvu/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

32

ਮੂਮੂ

ਕ੍ਰਿਮਸਕੀ ਚੁਰਾਹੇ ਤੇ ਪਹੁੰਚਣ 'ਤੇ ਉਸ ਨੇ ਆਪਣਾ ਹੱਥ ਹਿਲਾ ਕੇ ਵਿਦਾ ਕੀਤਾ ਅਤੇ ਦਰਿਆ ਦੇ ਕਿਨਾਰੇ ਦੇ ਨਾਲ-ਨਾਲ ਘਰ ਪਰਤ ਆਇਆ।

ਹਨੇਰਾ ਹੋ ਰਿਹਾ ਸੀ। ਗਰਾਸੀਮ ਪਾਣੀ ਵੱਲ ਦੇਖ ਰਿਹਾ ਹੌਲੀ-ਹੌਲੀ ਤੁਰਿਆ ਜਾ ਰਿਹਾ ਸੀ। ਉਸ ਨੇ ਅਚਾਨਕ ਦੇਖਿਆ ਕਿ ਕਿਨਾਰੇ ਦੇ ਨਜ਼ਦੀਕ ਗਾਰੇ ਵਿਚ ਕੋਈ ਚੀਜ਼ ਹਿੱਲ-ਜੁੱਲ ਰਹੀ ਸੀ। ਉਹ ਇਹ ਦੇਖਣ ਲਈ ਝੁਕਿਆ ਕਿ ਇਹ ਕੀ ਹੈ ਅਤੇ ਦੇਖਣ ਤੇ ਪਤਾ ਲੱਗਾ ਕਿ ਇਹ ਇਕ ਛੋਟਾ ਜਿਹਾ ਕਤੂਰਾ ਸੀ ਜੋ ਭਿੱਜਿਆ ਹੋਇਆ, ਚਿੱਕੜ ਨਾਲ ਲੱਥਪੱਥ ਅਤੇ ਕੰਬ ਰਿਹਾ ਸੀ। ਇਹ ਐਨਾ ਛੋਟਾ ਅਤੇ ਕਮਜ਼ੋਰ ਸੀ ਕਿ ਆਪਣਾ ਸਾਰਾ ਜ਼ੋਰ ਲਾ ਕੇ ਵੀ ਆਪਣੇ ਆਪ ਚਿਪਚਿਪੀ ਮਿੱਟੀ ਵਿਚੋਂ ਬਾਹਰ ਨਿਕਲ ਕੇ ਨਹੀਂ ਆ ਸਕਦਾ ਸੀ। ਗਰਾਸੀਮ ਨੇ ਇਸ ਨੂੰ ਚੁੱਕ ਲਿਆ ਅਤੇ ਆਪਣੀ ਹਿੱਕ ਨਾਲ ਲਾ ਕੇ ਜਲਦੀ-ਜਲਦੀ ਘਰ ਵੱਲ ਤੁਰ ਪਿਆ।

ਆਪਣੇ ਕਮਰੇ ਵਿਚ ਪਹੁੰਚ ਕੇ ਉਸ ਨੇ ਕਤੂਰਾ ਆਪਣੇ ਮੰਜੇ ਤੇ ਪਾ ਦਿੱਤਾ ਅਤੇ ਉਸ ਨੂੰ ਆਪਣੇ ਕੋਟ ਨਾਲ ਢੱਕ ਦਿੱਤਾ। ਉਹ ਬਾਹਰ ਗਿਆ ਅਤੇ ਘਾਹ-ਫੂਸ ਲਿਆ ਕੇ ਉਸ ਲਈ ਨਿੱਘਾ ਬਿਸਤਰ ਬਣਾ ਦਿੱਤਾ। ਫਿਰ ਉਹ ਰਸੋਈ ਵਿੱਚ ਗਿਆ ਅਤੇ ਇਕ ਦੁੱਧ ਦਾ ਪਿਆਲਾ ਲੈ ਆਇਆ। ਉਸ ਨੇ ਧਿਆਨ ਨਾਲ ਕੁੱਤੇ ਤੋਂ ਕੱਖਾਂ ਦੀ ਪਰਤ ਨੂੰ ਹਟਾਇਆ ਅਤੇ ਉਸ ਦੇ ਸਾਹਮਣੇ ਦੁੱਧ ਰੱਖਿਆ ਪਰ ਵਿਚਾਰਾ ਗਲੂਰਾ ਅਜੇ ਬਹੁਤ ਕਮਜ਼ੋਰ ਸੀ ਅਤੇ ਆਪਣੇ ਆਪ ਦੁੱਧ ਨਹੀਂ ਪੀ ਸਕਦਾ ਸੀ। ਇਹ ਅਜੇ ਸਿਰਫ਼ ਤਿੰਨ ਹਫ਼ਤਿਆਂ ਦਾ ਸੀ ਅਤੇ ਇਸ ਦੀਆਂ ਅੱਖਾਂ ਵਿਚੋਂ ਇਕ ਅੱਖ ਅਜੇ ਚੰਗੀ ਤਰ੍ਹਾਂ ਖੁੱਲ੍ਹੀ ਵੀ ਨਹੀਂ ਸੀ। ਉਹ ਬਸ ਕੰਬਦਾ ਰਿਹਾ ਅਤੇ ਆਪਣੀ ਅੱਧ-ਖੁੱਲ੍ਹੀ ਅੱਖ ਝਪਕਦਾ ਰਿਹਾ। ਗਰਾਸੀਮ ਨੇ ਸਾਵਧਾਨੀ ਨਾਲ ਇਸ ਦਾ ਸਿਰ ਫੜਿਆ ਅਤੇ ਉਸ ਦਾ ਮੂੰਹ ਦੁੱਧ ਵਿਚ ਡੁਬੋਇਆ। ਕਤੂਰਾ ਬੜੀ ਸੁਸਤੀ ਦੇ ਨਾਲ ਪੀਣ ਲੱਗ ਪਿਆ ਅਤੇ ਅਨਾੜੀ ਢੰਗ ਨਾਲ ਸੜ੍ਹਾਕਣ ਲੱਗਾ। ਗਰਾਸੀਮ ਬਹੁਤ ਜ਼ਿਆਦਾ ਖ਼ੁਸ਼ੀ ਨਾਲ ਗਦਗਦ ਇਹ ਤਮਾਸ਼ਾ ਦੇਖਣ ਲੱਗਾ ਅਤੇ ਖਿੜ-ਖਿੜਾ ਕੇ ਹੱਸ ਪਿਆ। ਸਾਰੀ ਸ਼ਾਮ ਉਸ ਨੇ ਕਤੂਰੇ ਨਾਲ ਬਿਤਾਈ। ਆਖ਼ਿਰ ਦੇਰ ਰਾਤ ਗਰਾਸੀਮ ਨੂੰ ਉਸ ਦੇ ਨਾਲ ਪਿਆਂ ਨੀਂਦ ਆ ਗਈ ਅਤੇ ਉਸ ਦੇ ਚਿਹਰੇ 'ਤੇ ਖ਼ੁਸ਼ੀ ਨਾਲ ਭਿੱਜੀ ਮੁਸਕਰਾਹਟ ਫੈਲੀ ਹੋਈ ਸੀ।

ਕੋਈ ਮਾਂ ਵੀ ਆਪਣੇ ਬੱਚੇ ਲਈ ਏਨੀ ਜ਼ਹਿਮਤ ਨਹੀਂ ਉਠਾਉਂਦੀ ਹੋਣੀ ਜਿੰਨੀ ਗਰਾਸੀਮ ਨੇ ਡੁੱਬਣ ਤੋਂ ਬਚਾਏ ਕਤੂਰੇ [ਕਤੂਰੀ] ਦੇ ਲਈ ਉਠਾਈ। ਪਹਿਲਾਂ ਉਹ ਬਿਮਾਰ ਨਜ਼ਰ ਆਉਂਦੀ ਸੀ, ਡਰੂ ਅਤੇ ਕਮਜ਼ੋਰ ਜਿਹੀ ਪਰ ਛੇਤੀ ਹੀ ਉਹ ਤਕੜੀ ਹੋਣ ਲੱਗ ਪਈ ਅਤੇ ਉਸ ਦੀ ਚਾਲ-ਢਾਲ ਵਿਚ ਮੜਕ ਆਉਣੀ ਸ਼ੁਰੂ ਹੋ ਗਈ। ਉਹ ਖਿਡਾਰ ਹੋ ਗਈ ਅਤੇ ਆਪਣੇ ਮਾਲਕ ਦੀ ਨਿਰੰਤਰ ਦੇਖ-ਰੇਖ ਸਦਕਾ ਉਹ ਇਕ ਬਹੁਤ ਹੀ ਸੁਹਣੀ ਸਪੇਨੀਅਲ ਨਿਕਲੀ, ਚਿੱਟੀ ਫ਼ਰ, ਪਿੱਠ ਵਾਲੇ ਪਾਸੇ ਪੀਲੇ ਡੱਬ, ਲੰਮੇ ਕੰਨ, ਝਾੜ ਪੂਛ, ਅਤੇ ਬਹੁਤ ਚਮਕਦਾਰ ਅਤੇ ਨਿਰਮਲ ਅੱਖਾਂ।