ਪੰਨਾ:Mumu and the Diary of a Superfluous Man.djvu/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

41

ਰਾਤ ਪੈ ਗਈ, ਇਕ ਸੁੰਦਰ, ਸ਼ਾਂਤ, ਚੰਨ ਚਾਨਣੀ ਰਾਤ। ਗਰਾਸੀਮ ਅਜੇ ਵੀ ਕੱਖਾਂ ਦੀ ਢੇਰੀ ਤੇ ਪਿਆ ਹੋਇਆ ਸੀ। ਬੇਚੈਨੀ ਨਾਲ ਉੱਸਲਵੱਟੇ ਲੈ ਰਿਹਾ ਅਤੇ ਕਰਾਹ ਰਿਹਾ ਸੀ। ਅਚਾਨਕ ਉਸ ਨੇ ਮਹਿਸੂਸ ਕੀਤਾ ਕਿ ਕੋਈ ਉਸ ਦੇ ਕੋਟ ਨੂੰ ਖਿੱਚ ਰਿਹਾ ਸੀ। ਉਸ ਨੇ ਆਪਣਾ ਸਾਹ ਰੋਕ ਲਿਆ ਅਤੇ ਆਪਣੀਆਂ ਅੱਖਾਂ ਮੀਚ ਲਈਆਂ। ਹੋਰ ਜ਼ੋਰ ਦੀ ਕਿਸੇ ਨੇ ਉਸ ਦੇ ਕੋਟ ਦਾ ਪੱਲਾ ਖਿਚਿਆ। ਉਹ ਛਾਲ ਮਾਰ ਕੇ ਉਠਿਆ। ਉਸ ਦੇ ਸਾਹਮਣੇ ਮੁੂਮੂ ਖੜੀ ਸੀ ਜਿਸ ਦੀ ਗਰਦਨ ਦੇ ਦੁਆਲੇ ਰੱਸੀ ਦਾ ਇਕ ਟੁਕੜਾ ਸੀ। ਉਸ ਨੇ ਉਸ ਉੱਤੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਮੂਕ ਛਾਤੀ ਵਿਚੋਂ ਤੀਬਰ ਖੁਸ਼ੀ ਦੀ ਇਕ ਚੀਖ਼ ਨਿਕਲ ਗਈ। ਉਸ ਨੇ ਆਪਣੀ ਮੂਮੂ ਨੂੰ ਚੁੱਕ ਲਿਆ ਅਤੇ ਉਸ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ। ਉਸ ਨੇ ਉਸ ਦਾ ਮੂੰਹ, ਬੁੱਲ੍ਹਾਂ ਅਤੇ ਦਾੜ੍ਹੀ ਨੂੰ ਚੱਟਿਆ। ਉਹ ਇਕ ਮਿੰਟ ਸੋਚਣ ਲਈ ਰੁਕਿਆ, ਕੱਖਾਂ ਦੀ ਢੇਰੀ ਤੋਂ ਉਤਰਿਆ ਅਤੇ ਬਾਹਰ ਵਿਹੜੇ ਵਿਚ ਵੇਖਣ ਲਈ ਆਪਣਾ ਸਿਰ ਬਾਹਰ ਕੱਢਿਆ। ਇਹ ਦੇਖ ਕੇ ਕਿ ਕੋਈ ਨਹੀਂ ਸੀ। ਉਹ ਸਾਵਧਾਨੀ ਨਾਲ ਆਪਣੀ ਕੋਠੜੀ ਵਿੱਚ ਚਲਿਆ ਗਿਆ। ਉਹ ਖੁਸ਼ ਸੀ ਕਿ ਕਿਸੇ ਨੇ ਉਸ ਨੂੰ ਦੇਖਿਆ ਨਹੀਂ ਸੀ। ਉਸ ਨੇ ਇਹ ਅੰਦਾਜ਼ਾ ਲਗਾਇਆ ਕਿ ਮੂਮੂ ਸਿਰਫ਼ ਐਵੇਂ ਹੀ ਨਹੀਂ ਗਵਾਚ ਗਈ ਸੀ। ਉਸ ਦੀ ਗਰਦਨ ਦੀ ਰੱਸੀ ਨੇ ਉਸ ਦੇ ਸ਼ੱਕ ਦੀ ਪੁਸ਼ਟੀ ਕੀਤੀ ਕਿ ਉਸ ਨੂੰ ਮਾਲਕਣ ਦੇ ਹੁਕਮ ਨਾਲ ਲਿਜਾਇਆ ਗਿਆ ਸੀ। ਘਰ ਦੇ ਲੋਕਾਂ ਨੇ ਉਸ ਨੂੰ ਦਿਖਾਇਆ ਸੀ ਕਿ ਮੂਮੂ ਨੇ ਮਾਲਕਣ ਨੂੰ ਭੌਂਕਿਆ ਸੀ। ਇਸ ਲਈ ਉਸ ਨੇ ਭਵਿੱਖ ਵਿੱਚ ਉਸ ਦੀ ਚੰਗੀ ਤਰ੍ਹਾਂ ਨਿਗਰਾਨੀ ਰੱਖਣ ਦਾ ਫ਼ੈਸਲਾ ਕਰ ਲਿਆ।

ਆਪਣੀ ਕੋਠੜੀ ਵਿੱਚ ਪਹੁੰਚ ਕੇ, ਉਸ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਮੂਮੂ ਨੂੰ ਖਾਣਾ ਖੁਆਇਆ ਅਤੇ ਉਸ ਨੂੰ ਸੌਣ ਲਈ ਲਿਟਾ ਦਿੱਤਾ। ਆਪ ਉਹ ਆਪਣੇ ਮੰਜੇ ਤੇ ਪੈ ਗਿਆ। ਉਹ ਸਾਰੀ ਰਾਤ ਜਾਗਦਾ ਰਿਹਾ। ਆਪਣੇ ਮਨ ਵਿਚ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਆਪਣੀ ਮੂਮੂ ਨੂੰ ਸਭ ਤੋਂ ਬਿਹਤਰ ਕਿਵੇਂ ਲੁਕਾ ਸਕਦਾ ਹੈ। ਅੰਤ ਉਸ ਨੇ ਫ਼ੈਸਲਾ ਕੀਤਾ ਕਿ ਉਹ ਉਸ ਨੂੰ ਆਪਣੀ ਕੋਠੜੀ ਵਿੱਚ ਤਾਲਾਬੰਦ ਰੱਖੇਗਾ। ਉਹ ਦਿਨ ਵਿਚ ਦੋ ਵਾਰ ਜਾਂ ਤਿੰਨ ਵਾਰ ਉਸ ਦੀ ਦੇਖ-ਭਾਲ ਲਈ ਆਏਗਾ ਅਤੇ ਰਾਤ ਨੂੰ ਜਦੋਂ ਉਹ ਸਾਰੇ ਸੁੱਤੇ ਹੋਏ ਹੁੰਦੇ ਹਨ ਤਾਂ ਉਸ ਨੂੰ ਬਾਹਰ ਲੈ ਜਾਇਆ ਕਰੇਗਾ ਤਾਂ ਕਿ ਉਹ ਉਸ ਨੂੰ ਖੁੱਲ੍ਹੀ ਹਵਾ ਮਿਲ ਸਕੇ। ਉਸ ਨੇ ਉਹ ਮੋਰੀ ਜੋ ਉਸ ਨੇ ਦਰਵਾਜ਼ੇ ਵਿਚ ਕੀਤੀ ਸੀ, ਉਹ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਅਤੇ ਸਵੇਰੇ ਸਾਝਰੇ ਉਹ ਆਪਣੀ ਕੋਠੜੀ ਵਿੱਚੋਂ ਬਾਹਰ ਨਿਕਲਿਆ। ਉਹ ਇਵੇਂ ਦਾ ਪ੍ਰਭਾਵ ਦੇਣ ਯਤਨ ਕਰ ਰਿਹਾ ਸੀ ਜਿਵੇਂ ਕਿ ਕੁਝ ਵੀ ਨਹੀਂ ਹੋਇਆ ਸੀ। ਉਸ ਨੇ ਉਦਾਸ ਦਿਖਣ ਦੀ ਵੀ ਕੋਸ਼ਿਸ਼ ਕੀਤੀ, ਜਿਵੇਂ ਕਿ ਉਹ ਅਜੇ ਵੀ ਆਪਣੀ ਮੂਮੂ ਦੀ ਜੁਦਾਈ ਵਿਚ ਦਿਲਗ਼ੀਰ ਹੋਵੇ। ਵਿਚਾਰੀ ਮਾਸੂਮ ਸ਼ਰਾਪੀ ਜ਼ਿੰਦ!