52
ਮੂਮੂ
ਉਹ ਹੁਣ ਉਸ ਸੜਕ ਉੱਤੇ ਜਾ ਰਿਹਾ ਸੀ। ਉਸ ਦੀ ਤੋਰ ਵਿਚ ਮਾਯੂਸੀ ਪਰ ਸਾਬਤਕਦਮੀ ਸੀ ਜਿਸ ਵਿਚ ਖੁਸ਼ੀ ਦੀ ਭਾਵਨਾ ਵੀ ਰਲੀ ਹੋਈ ਸੀ। ਉਹ ਤੇਜ਼-ਤੇਜ਼ ਤੁਰ ਰਿਹਾ ਸੀ, ਜਿਵੇਂ ਉਸ ਦੀ ਬੁੱਢੀ ਮਾਂ ਉਸ ਦੀ ਉਡੀਕ ਕਰ ਰਹੀ ਹੋਵੇ, ਜਿਵੇਂ ਉਹ ਬੜੇ ਸਾਲਾਂ ਤੋਂ ਦੂਰ-ਦੁਰਾਡੇ ਪਰਦੇਸੀ ਲੋਕਾਂ ਵਿਚ ਜੱਫ਼ਰ ਜਾਲ਼ ਰਿਹਾ ਸੀ ਅਤੇ ਹੁਣ ਉਸ ਨੂੰ ਘਰ ਵਾਪਸ ਬੁਲਾ ਲਿਆ ਸੀ।
ਸ਼ਾਂਤ, ਚੰਨ-ਚਾਨਣੀ ਵਿਚ ਗਰਮੀਆਂ ਦੀ ਰਾਤ ਪੈ ਰਹੀ ਸੀ। ਉਸ ਦੇ ਸੱਜੇ ਪਾਸੇ, ਜਿੱਥੇ ਸੂਰਜ ਹੁਣੇ-ਹੁਣੇ ਹੇਠਾਂ ਗਿਆ ਸੀ, ਦੁਮੇਲ ਤੇ ਚਿੱਟਿਆਈ ਵਿਚ ਲਾਲ ਰੰਗ ਦੀ ਧਾਰੀਆਂ ਸਨ। ਉਸ ਦੇ ਖੱਬੇ ਪਾਸੇ ਸ਼ਾਮ ਦੀ ਨੀਲੀ ਅਤੇ ਗੂੜ੍ਹੀ ਧੁੰਦ ਵਧ ਰਹੀ ਸੀ। ਉਹ ਚੱਲਦਾ ਗਿਆ, ਚੱਲਦਾ ਗਿਆ। ਰਾਤ ਬੀਤ ਗਈ। ਉਸ ਦੇ ਆਲੇ-ਦੁਆਲੇ ਹਜ਼ਾਰਾਂ ਬਟੇਰੇ ਉੱਚੀ ਉੱਚੀ ਗਾ ਰਹੇ ਸਨ। ਹਜ਼ਾਰਾਂ ਜੰਗਲੀ ਪੰਛੀ ਪੂਰੇ ਜ਼ੋਰ ਨਾਲ ਚੀਕ-ਚਿਹਾੜਾ ਮਚਾ ਰਹੇ ਸਨ, ਜਿਵੇਂ ਇਕ ਦੂਜੇ ਨੂੰ ਮਾਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਗਰਾਸੀਮ ਉਨ੍ਹਾਂ ਨੂੰ ਨਹੀਂ ਸੁਣ ਸਕਦਾ ਸੀ, ਜਿਵੇਂ ਉਨ੍ਹਾਂ ਰੁੱਖਾਂ ਦੀਆਂ ਕੋਮਲ ਅਤੇ ਰਹੱਸਮਈ ਸਰਗੋਸ਼ੀਆਂ ਨਹੀਂ ਸੁਣ ਸਕਦਾ ਸੀ ਜਿਨ੍ਹਾਂ ਵਿਚੋਂ ਉਸ ਦੀਆਂ ਤਕੜੀਆਂ ਲੱਤਾਂ ਰਾਤ ਵੇਲੇ ਉਸ ਨੂੰ ਲਈ ਜਾ ਰਹੀਆਂ ਸਨ ਪਰ ਉਹ ਖੇਤਾਂ ਵਿਚੋਂ ਆ ਰਹੀ ਪੱਕੀ ਹੋਈ ਰਾਈ ਦੀ ਜਾਣੀ ਪਛਾਣੀ ਮਹਿਕ ਨੂੰ ਮਾਣ ਸਕਦਾ ਸੀ। ਉਹ ਦੋਸਤਾਨਾ ਹਵਾ, ਆਪਣੇ ਵਤਨ ਦੀ ਹਵਾ, ਉਸ ਦੇ ਚੌੜੇ ਚਿਹਰੇ 'ਤੇ ਲੱਗਦੀ ਅਤੇ ਆਪਣੇ ਮਟਮੈਲੇ ਰੰਗ ਦੇ ਖੁੱਲ੍ਹੇ ਵਾਲਾਂ ਦੀਆਂ ਲੰਮੀਆਂ ਲਿਟਾਂ ਨਾਲ ਖੇਡਦੀ ਹਵਾ ਮਹਿਸੂਸ ਕਰ ਸਕਦਾ ਸੀ, ਜਿਵੇਂ ਕਿ ਇਹ ਉਸ ਦੇ ਦੋਸਤਾਨਾ ਸਵਾਗਤ ਲਈ ਉਮਲ੍ਹ-ਉਮਲ੍ਹ ਆ ਰਹੀ ਹੋਵੇ। ਉਹ ਉਸ ਦੇ ਅੱਗੇ ਸਿੱਧੀ ਸਤੋਰ ਚਿੱਟੀ ਹੋ ਰਹੀ ਸੜਕ ਦੇਖ ਸਕਦਾ ਸੀ। ਸੜਕ ਜੋ ਸਿੱਧੀ ਉਸ ਦੇ ਵਤਨ ਨੂੰ ਜਾਂਦੀ ਸੀ। ਉਹ ਲੱਖਾਂ ਤਾਰੇ ਦੇਖ ਸਕਦਾ ਸੀ ਜੋ ਰਾਤ ਨੂੰ ਉਸ ਦੇ ਉੱਪਰ ਟਿਮਟਿਮਾ ਰਹੇ ਸਨ ਅਤੇ ਸਵੇਰ ਦੀ ਸਲੇਟੀ ਧੁੰਦ ਵਿਚ ਇਕ-ਇਕ ਕਰਕੇ ਘੁਲਦੇ ਜਾਂਦੇ ਸਨ। ਇਕ ਤਕੜੇ ਸ਼ੇਰ ਦੀ ਤਰ੍ਹਾਂ ਉਹ ਅੱਗੇ ਵਧਦਾ ਗਿਆ। ਲੰਮੀਆਂ-ਲੰਮੀਆਂ ਨਿਡਰ ਪੁਲਾਂਘਾਂ ਭਰਦਾ ਜਦੋਂ ਚੜ੍ਹਦੇ ਸੂਰਜ ਨੇ ਉਸ ਦੇ ਲਿਸ਼ਕਦੇ ਚਿਹਰੇ ਨੂੰ ਆਪਣੀਆਂ ਪਹਿਲੀਆਂ ਕਿਰਨਾਂ ਨਾਲ ਛੂਹਿਆ ਤਾਂ ਉਹ ਮਾਸਕੋ ਤੋਂ 35 ਕੁ ਕਿਲੋਮੀਟਰ ਦੀ ਦੂਰੀ 'ਤੇ ਸੀ।
ਦੋ ਦਿਨਾਂ ਵਿਚ ਗਰਾਸੀਮ ਘਰ ਆ ਪੁੱਜਾ ਅਤੇ ਆਪਣੀ ਕੁੱਲੀ ਵਿਚ ਦਾਖ਼ਲ ਹੋ ਗਿਆ। ਇਕ ਸਿਪਾਹੀ ਦੀ ਵਿਧਵਾ, ਜਿਸ ਨੂੰ ਕੁੱਲੀ ਸਾਂਭ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ, ਉਸ ਨੂੰ ਅੰਦਰ ਵੜਦੇ ਦੇਖ ਕੇ ਹੈਰਾਨ ਹੋ ਗਈ। ਅੰਦਰ ਵੜਦੇ ਹੀ ਉਹ ਪਵਿੱਤਰ ਮੂਰਤੀ ਅੱਗੇ ਝੁੱਕਿਆ ਅਤੇ ਆਪਣੀ ਛਾਤੀ ਉੱਤੇ ਸਲੀਬ ਦਾ ਨਿਸ਼ਾਨ ਬਣਾਇਆ