66
ਜਾਣ-ਪਛਾਣ
ਮੈਂ ਸ਼ੁਰੂਆਤ ਕਰ ਲਈ ਹੈ ਅਤੇ ਮੈਨੂੰ ਕਿਸੇ ਹੋਰ ਦੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਇਹ ਮੇਰੀ ਬਿਮਾਰੀ 'ਤੇ ਨਿਰਭਰ ਕਰਦਾ ਹੈ, ਨਾ ਕਿ ਮੇਰੇ 'ਤੇ।
21 ਮਾਰਚ
ਅੱਜ ਦਿਨ ਸ਼ਾਨਦਾਰ, ਨਿੱਘਾ ਤੇ ਸਾਫ਼ ਹੈ। ਪਿਘਲ ਰਹੀ ਬਰਫ਼ ਦੇ ਉੱਪਰ ਧੁੱਪ ਅਠਖੇਲੀਆਂ ਖਾ ਰਹੀ ਹੈ। ਹਰ ਚੀਜ਼ ਤਰੇਲੇ ਰਵਿਆਂ ਨਾਲ ਚਮਕ ਰਹੀ ਹੈ। ਚਿੜੀਆਂ ਚਹਿਕ ਰਹੀਆਂ ਹਨ ਜੋ ਨਮ ਅਤੇ ਭਾਫ਼-ਗਲੇਫ਼ੇ ਜੰਗਲਿਆਂ ਕੋਲ ਚਹਿਚਿਹਾ ਰਹੀਆਂ ਹਨ। ਮਿੱਠੀ ਤੇ ਨਮੀ ਨਾਲ ਯੁਕਤ ਹਵਾ ਮੇਰੀ ਛਾਤੀ ਨਾਲ ਸਰਕ ਰਹੀ ਹੈ। ਬਸੰਤ, ਬਸੰਤ ਰੁੱਤ ਆ ਰਹੀ ਹੈ! ਮੈਂ ਖਿੜਕੀ ਮੂਹਰੇ ਬੈਠਾ ਹਾਂ। ਛੋਟੀ ਨਦੀ ਤੋਂ ਬਹੁਤ ਦੂਰ, ਦੂਰ ਧੁੰਦਲੀ ਜਗ੍ਹਾ ਵੱਲ ਦੇਖ ਰਿਹਾ ਹਾਂ।
ਓ, ਕੁਦਰਤ! ਕੁਦਰਤ! ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ! ਪਰ ਤੇਰੀ ਹਿੱਕ ਵਿੱਚੋਂ ਇੱਕ ਪ੍ਰਾਣੀ ਪੈਦਾ ਹੋਇਆ ਹੈ ਜੋ ਜੀਉਂਦਾ ਰਹਿਣ ਦੇ ਯੋਗ ਨਹੀਂ। ਇਕ ਚਿੜੀ ਹੈ ਜੋ ਖੰਭ ਫੈਲਾ ਕੇ ਟਪੂਸੀਆਂ ਮਾਰ ਰਹੀ ਹੈ। ਉਹ ਉੱਚੀ ਚੀਂ-ਚੀਂ ਕਰਦੀ ਹੈ ਅਤੇ ਉਸ ਦੀ ਆਵਾਜ਼ ਦੀ ਹਰ ਧੁਨੀ, ਉਸ ਦੇ ਨਿੱਕੇ ਜਿਹੇ ਬਦਨ ਤੇ ਉੱਗਿਆ ਹਰ ਪੰਖ ਪੰਛੀ ਦੀ ਸਿਹਤ ਅਤੇ ਤਾਕਤ ਦੀ ਦੁਹਾਈ ਦੇ ਰਿਹਾ ਹੈ। ਹੁਣ, ਇਹ ਕੀ ਹੈ? ਕੁਝ ਨਹੀਂ। ਚਿੜੀ ਤੰਦਰੁਸਤ ਹੈ ਅਤੇ ਇਸ ਨੂੰ ਚਹਿਕਣ ਅਤੇ ਚਹਿ-ਚਹਾਉਣ ਦਾ ਹੱਕ ਹੈ। ਮੈਂ ਬਿਮਾਰ ਹਾਂ ਅਤੇ ਮੈਂ ਹਰ ਹਾਲ ਮਰਨਾ ਹੈ। ਬਸ ਇੰਨਾ ਹੀ। ਇਸ ਬਾਰੇ ਮੇਰਾ ਗੱਲ ਕਰਨਾ ਮੂਰਖ਼ਤਾ ਸੀ। ਕੁਦਰਤ ਨੂੰ ਰੋ-ਰੋ ਕੇ 'ਵਾਜ਼ਾਂ ਮਾਰਨਾ ਬਹੁਤ ਹਾਸੋ-ਹੀਣਾ ਹੁੰਦਾ ਹੈ। ਚਲੋ ਮੈਂ ਆਪਣੀ ਕਹਾਣੀ ਅੱਗੇ ਤੋਰਦਾ ਹਾਂ।
ਮੈਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਮੈਂ ਵੱਡਾ ਹੋਇਆ। ਉਹ ਮੂਰਖ਼ਤਾ ਭਰਿਆ ਅਤੇ ਖ਼ੁਸ਼ੀਆਂ ਤੋਂ ਊਣਾ ਸੀ। ਮੇਰਾ ਨਾ ਤਾਂ ਕੋਈ ਭਰਾ ਸੀ ਤੇ ਨਾ ਹੀ ਕੋਈ ਭੈਣ ਤੇ ਮੈਂ ਘਰ ਵਿਚ ਹੀ ਪੜ੍ਹਿਆ ਸੀ ਜੇ ਮੈਨੂੰ ਸਕੂਲ ਭੇਜ ਦਿੱਤਾ ਜਾਂਦਾ ਤਾਂ ਮੇਰੀ ਮਾਂ ਕਿਸ ਨਾਲ ਰੁੱਝੀ ਰਹਿੰਦੀ? ਬੱਚੇ ਆਪਣੇ ਮਾਪਿਆਂ ਦਾ ਮਨ ਪਰਚਾਉਣ ਲਈ ਹੀ ਤਾਂ ਦੁਨੀਆਂ ਵਿਚ ਆਉਂਦੇ ਹਨ। ਅਸੀਂ ਆਮ ਤੌਰ 'ਤੇ ਪਿੰਡ ਵਿਚ ਹੀ ਰਹਿੰਦੇ ਸਾਂ ਪਰ ਕਦੇ-ਕਦਾਈਂ ਮਾਸਕੋ ਵਿਚ ਵੀ ਕੁਝ ਹਫ਼ਤੇ ਬਿਤਾ ਆਉਂਦੇ ਸੀ, ਜਿਵੇਂ ਰਿਵਾਜ਼ ਸੀ ਮੇਰੇ ਨਾਲ ਮੇਰੇ ਅਧਿਆਪਕ ਅਤੇ ਭਰੋਸੇਯੋਗ ਸਲਾਹਕਾਰ ਸਨ। ਮੈਨੂੰ ਉਨ੍ਹਾਂ ਵਿਚੋਂ ਇਕ ਖਾਸ ਤੌਰ 'ਤੇ ਚੇਤੇ ਹੈ। ਇਕ ਸੁੱਕੜੂ ਤੇ ਉਦਾਸ ਜਿਹਾ ਜਰਮਨ ਜਿਸ ਦਾ ਨਾਮ ਰਿਕਮਨ ਸੀ। ਉਹ ਬਹੁਤ ਹੀ ਉਦਾਸ ਅਤੇ ਦਿਲਗੀਰ ਰਹਿਣ ਵਾਲਾ ਵਿਅਕਤੀ ਸੀ।