ਪੰਨਾ:Mumu and the Diary of a Superfluous Man.djvu/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

67

ਉਸ ਵਖਤਾਂ ਮਾਰੇ ਨੂੰ ਆਪਣੀ ਦੂਰ ਦੀ ਪਿਤਾ-ਭੂਮੀ ਦੀ ਪ੍ਰਬਲ ਪਰ ਨਿਰਾਰਥਕ ਤਾਂਘ ਖਾਈ ਜਾ ਰਹੀ ਸੀ। ਕਈ ਵਾਰ ਚਾਚਾ ਵਾਸੀਲ, ਆਪਣੀ ਕਦੇ ਨਾ ਫਟਣ ਵਾਲੀ ਮੋਟੀ ਨੀਲੀ ਪੁਸ਼ਾਕ ਪਹਿਨ ਕੇ ਨਾਲ ਵਾਲੀ ਬੈਠਕ ਵਿਚ ਗਰਮ ਸਟੋਵ ਦੇ ਨਜ਼ਦੀਕ ਬੈਠ ਜਾਂਦਾ ਜਿਸ ਦੀ ਹਵਾ ਕਵਾਸ* ਦੀ ਗੰਧ ਨਾਲ ਭਰੀ ਹੋਈ ਸੀ ਜਦੋਂ ਉਹ ਡਰਾਈਵਰ, ਪੋਟਾਪੌਫ, ਜਿਸ ਨੇ ਚਿੱਟੀ ਭੇਡ ਦੀ ਖੱਲ ਵਾਲਾ ਚੋਗਾ ਅਤੇ ਭਾਰੀ ਬੂਟ ਪਹਿਨੇ ਹੋਏ ਸਨ - ਨਾਲ ਤਾਸ਼ ਖੇਡਦਾ ਸੀ ਰਿਕਮੈਨ, ਸਪੇਨੀ ਦੀਵਾਰ ਪਿੱਛੇ ਗੀਤ ਗਾਉਂਦਾ ਹੁੰਦਾ ਸੀ:

"ਦਿਲ, ਮੇਰੇ ਦਿਲ, ਇੰਨਾ ਉਦਾਸ ਕਿਉਂ ਹੈਂ ਤੂੰ,
ਕਿੱਥੇ ਅਟਕ ਗਿਆ ਹੈਂ ਤੂੰ?
ਇਹ ਵਿਦੇਸ਼ੀ ਧਰਤੀ ਕਿੰਨੀ ਸੁੰਦਰ ਹੈ,
ਦਿਲ,ਮੇਰੇ ਦਿਲ, ਹੋਰ ਦੱਸ ਕੀ ਚਾਹੁੰਦਾ ਹੈਂ ਤੂੰ?"

ਮੇਰੇ ਪਿਤਾ ਦੀ ਮੌਤ ਦੇ ਬਾਅਦ ਅਸੀਂ ਮਾਸਕੋ ਰਹਿਣ ਲਈ ਚਲੇ ਗਏ। ਮੈਂ ਉਦੋਂ ਬਾਰਾਂ ਸਾਲਾਂ ਦਾ ਸੀ। ਮੇਰੇ ਪਿਤਾ ਦੀ ਅਧਰੰਗ ਦੇ ਦੌਰੇ ਨਾਲ ਰਾਤ ਨੂੰ ਮੌਤ ਹੋ ਗਈ। ਮੈਨੂੰ ਉਹ ਰਾਤ ਕਦੇ ਨਹੀਂ ਭੁੱਲੇਗੀ। ਮੈਂ ਘੂਕ ਸੁੱਤਾ ਪਿਆ ਸੀ, ਜਿਵੇਂ ਬੱਚੇ ਆਮ ਤੌਰ 'ਤੇ ਸੌਂਦੇ ਹਨ ਪਰ ਮੈਨੂੰ ਚੇਤੇ ਹੈ ਕਿ ਨੀਂਦ ਵਿਚ ਵੀ ਬਾਕਾਇਦਾ ਅਤੇ ਭਾਰੀ ਘੁਰਾੜੇ ਸੁਣਾਈ ਦਿੱਤੇ ਸਨ। ਅਚਾਨਕ ਕਿਸੇ ਨੇ ਮੈਨੂੰ ਮੋਢੇ ਤੋਂ ਝੰਜੋੜਿਆ। ਮੈਂ ਅੱਖਾਂ ਖੋਲ੍ਹੀਆਂ: ਵਾਸੀਲ ਚਾਚਾ ਮੇਰੇ ਸਾਹਮਣੇ ਖੜ੍ਹਾ ਸੀ।"

"ਕੀ ਗੱਲ ਹੋਈ?"

"ਉੱਠੋ, ਉੱਠੋ-ਅਲੈਕਸੀ ਮਾਈਕਿਲੋਵਿਚ ਮਰ ਰਿਹਾ ਹੈ।"

ਮੈਂ ਇਕ ਪਾਗਲ ਵਾਂਗ, ਮੰਜੇ ਤੋਂ ਉੱਤਰਿਆ ਅਤੇ ਕਾਹਲੀ ਨਾਲ ਵੱਡੇ ਕਦਮ ਪੁੱਟਦਾ ਸੌਣ ਵਾਲੇ ਕਮਰੇ ਵਿਚ ਗਿਆ। ਪਿਤਾ ਜੀ ਦਾ ਸਿਰ ਪਿੱਛੇ ਨੂੰ ਲੁੜਕਿਆ ਹੋਇਆ ਸੀ। ਉਨ੍ਹਾਂ ਦਾ ਚਿਹਰਾ ਲਾਲ ਸੀ ਅਤੇ ਗਲੇ ਵਿਚੋਂ ਡੂੰਘੀਆਂ ਆਵਾਜ਼ਾਂ ਨਿਕਲ ਰਹੀਆਂ ਸਨ। ਦਰਵਾਜ਼ੇ ਕੋਲ ਭੀੜ ਜਮ੍ਹਾਂ ਹੋਈ ਪਈ ਸੀ ਜਿਨ੍ਹਾਂ ਦੇ ਚਿਹਰੇ ਡਰੇ ਹੋਏ ਸਨ। ਬੈਠਕ ਵਿਚੋਂ ਕਿਸੇ ਨੇ ਉੱਚੀ ਆਵਾਜ਼ ਵਿਚ ਪੁੱਛਿਆ, "ਕੀ ਡਾਕਟਰ ਨੂੰ ਬੁਲਾਵਾ ਭੇਜਿਆ ਹੈ?" ਬਾਹਰਲੇ ਵਿਹੜੇ ਦੇ ਦਰਵਾਜ਼ਿਆਂ ਦੀਆਂ ਚੂਲਾਂ ਨੇ ਚਿਰਰ ਚਿਰਰ ਕੀਤੀ। ਘੋੜਿਆਂ ਦੇ ਪੈਰ ਚਿੱਕੜ ਵਿਚ ਛਪਲ ਛਪਲ ਕਰ ਰਹੇ ਸਨ।*ਕਵਾਸ ਨੂੰ ਤਿਆਰ ਕਰਨ ਲਈ ਰਾਈ-ਖ਼ਮੀਰ ਤੇ ਪਾਣੀ ਉਸ ਸਮੇਂ ਤੱਕ ਖੜ੍ਹਾ ਰਹਿਣ ਦਿੱਤਾ ਜਾਂਦਾ ਹੈ ਜਦੋਂ ਤਕ ਇਹ ਕਾਫ਼ੀ ਖੱਟਾ ਨਹੀਂ ਹੋ ਜਾਂਦਾ। ਸਾਰੇ ਰੂਸ ਵਿਚ ਪੀਣ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। - ਐਚ. ਜੀ.