ਪੰਨਾ:Mumu and the Diary of a Superfluous Man.djvu/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

69

ਮੇਰੇ ਸਾਹਮਣੇ ਵਾਪਰ ਰਹੀ ਸੀ। ਮੇਰੇ ਵੱਲ ਧਿਆਨ ਧਰਦਿਆਂ ਮੌਤ ਨੇ ਮੇਰੇ ਚਿਹਰੇ ਨੂੰ ਨਿਹਾਰਿਆ।

ਮੇਰੇ ਪਿਤਾ ਦੀ ਮੌਤ ਤੋਂ ਬਾਅਦ ਅਸੀਂ ਕੁਝ ਸਾਧਾਰਨ ਕਾਰਨ ਕਰਕੇ ਮਾਸਕੋ ਰਹਿਣ ਚਲੇ ਗਏ। ਹਰ ਚੀਜ਼ ਜੋ ਸਾਡੀ ਸੀ। ਉਸ ਦੀ ਨਿਲਾਮੀ ਕਰ ਦਿੱਤੀ ਗਈ ਸੀ। ਬਸ, ਇਕ ਛੋਟਾ ਜਿਹਾ ਪਿੰਡ ਜਿਸ ਵਿਚ ਮੈਂ ਹੁਣ ਆਪਣੀ ਸ਼ਾਨਦਾਰ ਹੋਂਦ ਨੂੰ ਖਤਮ ਕਰ ਰਿਹਾ ਹਾਂ, ਬਾਕੀ ਰਹਿ ਗਿਆ ਸੀ। ਮੈਨੂੰ ਇਹ ਮੰਨਣਾ ਚਾਹੀਦਾ ਹੈ ਕਿ ਆਪਣੀ ਅੱਲੜ੍ਹ ਜਵਾਨੀ ਦੇ ਬਾਵਜੂਦ, ਸਾਡੇ ਆਲ੍ਹਣੇ ਦੇ ਖੁੱਸ ਜਾਣ ਦਾ ਮੈਨੂੰ ਸੱਚਮੁਚ ਬਹੁਤ ਸਦਮਾ ਪਹੁੰਚਿਆ ਸੀ। ਮੈਂ ਖ਼ਾਸ ਤੌਰ 'ਤੇ ਸਾਡੇ ਬਾਗ਼ ਦੇ ਖੁੱਸ ਜਾਣ ਕਾਰਨ ਉਦਾਸ ਸੀ। ਇਕ ਬਾਗ਼ ਹੀ ਤਾਂ ਸੀ ਜਿਸ ਨਾਲ ਮੇਰੀਆਂ ਖ਼ੂਬਸੂਰਤ ਯਾਦਾਂ ਜੁੜੀਆਂ ਹੋਈਆਂ ਸਨ। ਬਸੰਤ ਦੀ ਇਕ ਸ਼ਾਮ ਦੀ ਚੁੱਪ ਚਾਂ ਵਿਚ ਮੈਂ ਆਪਣੇ ਸਭ ਤੋਂ ਚੰਗੇ ਦੋਸਤ, ਸਾਡੇ ਬੁੱਢੇ ਕੁੱਤੇ ਨੂੰ ਇੱਥੇ ਦਫ਼ਨਾਇਆ ਸੀ। ਉਸ ਦਾ ਨਾਂ ਤਰਿਸਕਾ ਸੀ ਜਿਸ ਦੀ ਪੂਛ ਲੰਡੀ ਅਤੇ ਲੱਤਾਂ ਵਿੰਗੀਆਂ ਸਨ। ਇਸੇ ਬਾਗ਼ ਦੇ ਬੂਟਿਆਂ ਵਿਚ ਲੁਕ ਕੇ ਮੈਂ ਚੁਰਾਏ ਹੋਏ ਸੇਬ ਖਾਇਆ ਕਰਦਾ ਸੀ - ਉਹ ਲਾਲ, ਮਿੱਠੇ ਸੇਬ, ਅਸਲ ਨੋਵੋਗੋਰੋਦੀਆਈ। ਇਸੇ ਬਾਗ਼ ਦੀਆਂ ਰਸਭਰੀਆਂ ਦੀਆਂ ਝਾੜੀਆਂ ਵਿਚ ਸਾਡੀ ਨਵੀਂ ਨੌਕਰਾਣੀ, ਅਵਦੋਤੀਆ ਨੂੰ ਪਹਿਲੀ ਵਾਰ ਦੇਖਿਆ ਸੀ। ਆਪਣੇ ਮਿੱਡੇ ਨੱਕ ਅਤੇ ਹੱਸਦੇ ਸਮੇਂ ਆਪਣੇ ਚਿਹਰੇ ਨੂੰ ਰੁਮਾਲ ਨਾਲ ਢੱਕ ਲੈਣ ਦੀ ਆਪਣੀ ਮੂਰਖ਼ ਆਦਤ ਦੇ ਬਾਵਜੂਦ, ਉਸ ਨੇ ਮੇਰੇ ਅੰਦਰ ਅਜਿਹੀ ਕੋਮਲ ਭਾਵਨਾ ਨੂੰ ਜਗਾਇਆ ਸੀ ਕਿ ਮੈਂ ਉਸ ਦੀ ਮੌਜੂਦਗੀ ਵਿਚ ਮੁਸ਼ਕਿਲ ਨਾਲ ਹੀ ਸਾਹ ਲੈ ਸਕਦਾ ਸੀ ਅਤੇ ਇਕ ਵਾਰ ਜਦੋਂ ਈਸਟਰ ਐਤਵਾਰ ਦੇ ਦਿਨ ਮੇਰੇ ਖ਼ਾਨਦਾਨੀ ਹੱਥ ਨੂੰ ਚੁੰਮਣ ਦੀ ਉਸ ਦੀ ਵਾਰੀ ਆਈ ਤਾਂ ਮੇਰਾ ਮਨ ਕੀਤਾ ਸੀ ਕਿ ਮੈਂ ਆਪਣਾ ਆਪ ਉਸ ਦੇ ਪੈਰਾਂ 'ਤੇ ਸੁੱਟ ਦੇਵਾਂ ਅਤੇ ਉਸ ਦੇ ਪੁਰਾਣੇ ਧੂੜ ਲੱਤੇ ਚਮੜੇ ਦੇ ਬੂਟਾਂ ਨੂੰ ਚੁੰਮ ਲਵਾਂ।

ਕੀ ਸੱਚ ਹੀ ਇਹ ਸਾਰਾ ਕੁਝ ਵਾਪਰਿਆਂ ਵੀਹ ਸਾਲ ਦਾ ਸਮਾਂ ਬੀਤ ਚੁੱਕਾ ਹੈ? ਲੱਗਦਾ ਹੈ ਅਜੇ ਕੱਲ੍ਹ ਦੀ ਗੱਲ ਹੈ ਕਿ ਮੈਂ ਆਪਣੇ ਬਾਗ਼ ਦੀ ਪੁਰਾਣੀ ਕੰਧ ਦੇ ਨਾਲ-ਨਾਲ ਆਪਣੇ ਭੂਰੇ ਟੱਟੂ ਦੀ ਸਵਾਰੀ ਕਰਦਾ ਹੁੰਦਾ ਸੀ ਅਤੇ ਇਕ ਚਿੱਟੇ ਪਾਪੂਲਰ ਦੇ ਕੁਝ ਦੋ-ਰੰਗੇ ਪੱਤੇ ਤੋੜਣ ਲਈ ਰਕਾਬ ਉੱਤੇ ਖੜ੍ਹਾ ਹੋ ਜਾਇਆ ਕਰਦਾ ਸੀ। ਜ਼ਿੰਦਗੀ ਇੱਕ ਆਵਾਜ਼ ਵਰਗੀ ਹੁੰਦੀ ਹੈ ਜੋ ਬੀਤ ਜਾਣ ਤੋਂ ਥੋੜ੍ਹੀ ਦੇਰ ਬਾਅਦ ਸਮਝ ਪੈਂਦੀ ਹੈ।

ਹਾਏ, ਉਹ ਬਾਗ਼! ਟੋਭੇ ਦੇ ਆਲੇ-ਦੁਆਲੇ ਉਹ ਕਾਈ ਨਾਲ ਢੱਕੀਆਂ ਪਗਡੰਡੀਆਂ; ਉਹ ਚੱਟਾਨ ਦੇ ਹੇਠਾਂ ਬਜਰੀ ਦਾ ਛੋਟੀ ਜਿਹਾ ਪੱਤਣ, ਜਿੱਥੇ ਮੈਂ ਮੱਛੀਆਂ ਫੜਿਆ ਕਰਦਾ ਸੀ ਅਤੇ ਤੁਸੀਂ, ਲੰਮੇ-ਲੰਮੇ ਲਮਕਦੇ ਟਾਹਣਾਂ ਵਾਲੇ ਬਰਚ ਦੇ ਉੱਚੇ-ਉੱਚੇ ਰੁੱਖ