74
ਇੱਕ ਫ਼ਾਲਤੂ ਆਦਮੀ ਦੀ ਡਾਇਰੀ
ਹਾਂ, ਮੈਂ ਫ਼ਾਲਤੂ ਆਦਮੀ ਹਾਂ। ਮੈਂ ਇਸ ਸ਼ਬਦ ਦੀ ਸੱਚਾਈ ਨੂੰ ਸਾਬਤ ਕਰਨ ਦਾ ਵਾਅਦਾ ਕੀਤਾ ਸੀ ਅਤੇ ਆਪਣਾ ਵਾਅਦਾ ਪੂਰਾ ਕਰਨ ਦਾ ਮੇਰਾ ਇਰਾਦਾ ਹੈ ਪਰ ਮੈਂ ਇਹ ਨਹੀਂ ਸਮਝਦਾ ਕਿ ਹਰ ਦਿਨ ਦੀ ਜ਼ਿੰਦਗੀ ਦੀਆਂ ਹਜ਼ਾਰਾਂ ਨਿੱਕੀਆਂ- ਨਿੱਕੀਆਂ ਗੱਲਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜੋ ਮੇਰੇ ਵਿਚਾਰ ਨੂੰ ਹਰ ਸੋਚ ਵਾਲੇ ਵਿਅਕਤੀ ਦੇ ਦਿਮਾਗ਼ ਵਿਚ ਬਿਠਾਉਣ ਲਈ ਕਾਫ਼ੀ ਹੋ ਸਕਦਾ ਹੈ। ਮੈਂ ਆਪਣੀ ਜ਼ਿੰਦਗੀ ਦੀ ਇਕ ਘਟਨਾ ਬਿਆਨ ਕਰਾਂਗਾ ਜੋ ਇਹ ਸਿੱਧ ਕਰਦੀ ਹੈ ਕਿ ਮੇਰੇ ਲਈ "ਫ਼ਾਲਤੂ" ਦਾ ਲਕਬ ਕਿੰਨਾ ਸਹੀ ਤੌਰ 'ਤੇ ਲਾਗੂ ਹੁੰਦਾ ਹੈ? ਹਾਲਾਂਕਿ ਮੈਂ ਇਕ ਬਹੁਤ ਹੀ ਗੰਭੀਰ ਅਤੇ ਮਹੱਤਵਪੂਰਨ ਗੱਲ ਬਾਰੇ ਚੁੱਪ ਨਹੀਂ ਰਹਿ ਸਕਦਾ, ਯਾਨੀ ਕਿ ਮੇਰੇ ਦੋਸਤ (ਮੇਰੇ ਕੁਝ ਦੋਸਤ ਵੀ ਸਨ) ਜਦੋਂ ਉਹ ਮੈਨੂੰ ਮਿਲਣ ਆਇਆ ਕਰਦੇ ਸਨ ਜਾਂ ਮੈਂ ਉਨ੍ਹਾਂ ਨੂੰ ਮਿਲਣ ਜਾਇਆ ਕਰਦਾ ਸੀ। ਮੇਰੇ ਨਾਲ ਕਿੰਨੇ ਅਜੀਬ ਢੰਗ ਨਾਲ ਵਰਤਾਉ ਕਰਦੇ ਸਨ। ਉਹ ਮੈਨੂੰ ਵੇਖਦੇ ਤਾਂ ਬੇਚੈਨ ਹੋ ਜਾਂਦੇ ਅਤੇ ਜਦ ਉਹ ਮੈਨੂੰ ਮਿਲਣ ਆਉਂਦੇ ਤਾਂ ਉਹ ਇਕ ਗ਼ੈਰ-ਕੁਦਰਤੀ ਤਰੀਕੇ ਨਾਲ ਮੁਸਕਰਾਉਂਦੇ। ਉਹ ਸਿੱਧੇ ਮੇਰੀਆਂ ਅੱਖਾਂ ਵਿਚ ਜਾਂ ਮੇਰੇ ਬੂਟਾਂ ਵੱਲ ਨਹੀਂ ਦੇਖਦੇ ਸਨ; ਜਿਵੇਂ ਕਿ ਦੂਸਰੇ ਲੋਕ ਕਰਿਆ ਕਰਦੇ ਸਨ, ਸਗੋਂ ਉਹ ਮੇਰੀਆਂ ਗੱਲ੍ਹਾਂ ਵੱਲ ਦੇਖਦੇ। ਉਹ ਝਟਪਟ ਮੇਰੇ ਨਾਲ ਹੱਥ ਮਿਲਾਉਂਦੇ ਤੇ ਕਹਿੰਦੇ, "ਆਹ, ਕੀ ਹਾਲ ਹੈ, ਚੁਲਕਾਤੂਰਿਨ?" (ਮੈਨੂੰ ਕਿਸਮਤ ਨੇ ਇਸ ਘਟੀਆ ਉਪਨਾਮ ਨਾਲ ਨਵਾਜਿਆ ਹੈ) ਜਾਂ "ਲਓ ਜੀ, ਇਹ ਹਨ ਚੁਲਕਾਤੂਰਿਨ!" ਫਿਰ ਉਹ ਇਕ ਪਾਸੇ ਹੱਟ ਜਾਂਦੇ। ਕਈ ਵਾਰੀ ਉਹ ਰੁਕ ਜਾਂਦੇ, ਜਿਵੇਂ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ।
ਮੈਂ ਇਹ ਸਭ ਕੁਝ ਦੇਖਿਆ ਕਿਉਂਕਿ ਹੋਣੀ ਨੇ ਮੈਨੂੰ ਤੀਖਣ ਅਤੇ ਨਿਰੀਖਣਯੋਗ ਬੁੱਧੀ ਤੋਂ ਵਾਂਝਿਆ ਨਹੀਂ ਰੱਖਿਆ। ਅਸਲ ਵਿਚ ਮੈਂ ਮੂਰਖ਼ ਬਿਲਕੁਲ ਨਹੀਂ ਹਾਂ। ਕਈ ਵਾਰੀ ਮੈਨੂੰ ਬਹੁਤ ਅਨੋਖੇ ਵਿਚਾਰ ਸੁਝਦੇ ਸਨ ਪਰ ਜਿਵੇਂ ਕਿ ਮੈਂ ਇਕ ਫ਼ਾਲਤੂ ਆਦਮੀ ਹਾਂ ਅਤੇ ਮੇਰੇ ਅੰਦਰ ਇਕ ਕਿਸਮ ਦਾ ਜਿੰਦਰਾ ਲੱਗਿਆ ਹੋਣ ਕਰਕੇ ਮੈਂ ਹਮੇਸ਼ਾ ਆਪਣੇ ਵਿਚਾਰਾਂ ਨੂੰ ਜ਼ੁਬਾਨ ਦੇਣ ਵਿਚ ਪਿੱਛੇ ਰਹਿ ਜਾਂਦਾ ਸੀ। ਇਸ ਦਾ ਕਾਰਨ ਇਹ ਵੀ ਸੀ ਕਿ ਮੈਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਸੀ ਕਿ ਮੈਂ ਆਪਣੀ ਗੱਲ ਬਹੁਤ ਮੂਰਖ਼ਤਾ ਨਾਲ ਬਿਆਨ ਕਰਾਂਗਾ। ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਸੀ ਕਿ ਲੋਕ ਕਿਵੇਂ ਇੰਨੀ ਆਸਾਨੀ ਨਾਲ ਅਤੇ ਏਨੀ ਰਵਾਨਗੀ ਨਾਲ ਬੋਲ ਸਕਦੇ ਹਨ। "ਕਿੰਨੀ ਹੱਦ ਹੈ!" ਉਨ੍ਹਾਂ ਨੂੰ ਸੁਣਕੇ ਮੈਂ ਸੋਚਦਾ ਪਰ ਮੈਨੂੰ ਇਹ ਮੰਨਣਾ ਚਾਹੀਦਾ ਹੈ ਕਿ ਮੇਰੇ ਅੰਦਰ ਨਿੱਕੇ ਜਿਹੇ ਜਿੰਦਰੇ ਦੇ ਬਾਵਜੂਦ ਅਕਸਰ ਮੇਰੀ ਜੀਭ 'ਤੇ ਖੁਰਕ ਹੁੰਦੀ ਸੀ ਪਰ ਅਸਲ ਵਿਚ ਮੈਂ ਬੋਲਣ ਦੇ ਨਜ਼ਾਰੇ ਆਪਣੇ ਬਚਪਨ ਵਿਚ ਹੀ ਲਏ ਸਨ।