ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

73

ਸਗੋਂ ਮੈਂ ਅਸਲ ਵਿਚ ਇਸ ਤਰ੍ਹਾਂ ਸੀ। ਮੈਂ ਇਸ ਨੂੰ ਮਹਿਸੂਸ ਕੀਤਾ ਅਤੇ ਜਲਦਬਾਜ਼ੀ ਵਿਚ ਉੱਥੋਂ ਚਲਿਆ ਗਿਆ ਪਰ ਫਿਰ ਮੇਰੇ ਅੰਦਰ ਇਕ ਖੌਫਨਾਕ ਤੂਫ਼ਾਨ ਉੱਠਿਆ। ਮੈਂ ਆਪਣੇ ਆਪ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ। ਆਪਣੇ ਆਪ ਦੀ ਦੂਜਿਆਂ ਨਾਲ ਤੁਲਨਾ ਕਰਨ ਲੱਗਿਆ। ਸਭ ਤੋਂ ਮਹੱਤਵਹੀਣ ਤੱਕਣੀਆਂ, ਮੁਸਕਰਾਹਟਾਂ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਅੱਗੇ ਮੈਂ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨਾ ਚਾਹਿਆ ਸੀ। ਅਤਿ ਭੈੜੀ ਰੋਸ਼ਨੀ ਵਿੱਚ ਹਰ ਚੀਜ਼ ਨੂੰ ਪੇਸ਼ ਕੀਤਾ, "ਦੂਸਰਿਆਂ ਵਰਗਾ ਹੋਣ" ਦੇ ਮੇਰੇ ਦਾਹਵਿਆਂ ਨੂੰ ਲਾਹਨਤਾਂ ਪਾਈਆਂ ਅਤੇ ਉਨ੍ਹਾਂ 'ਤੇ ਹੱਸਿਆ। ਉਸ ਹਾਸੇ ਦੇ ਵਿਚ ਮੈਂ ਅਚਾਨਕ ਅਕਹਿ ਉਦਾਸੀ ਦੇ ਭੰਵਰ ਵਿਚ ਘਿਰ ਗਿਆ। ਮੇਰੀ ਛਾਤੀ ਭਾਰੀ ਹੋ ਗਈ। ਮੈਂ ਆਪਣੇ ਆਪ ਬਾਰੇ ਸੋਚਣਾ ਤੇ ਸਵੈ-ਪੜਚੋਲ ਕਰਨਾ, ਫਿਰ ਦੁਬਾਰਾ ਸ਼ੁਰੂ ਕਰ ਦਿੰਦਾ। ਸੰਖੇਪ ਵਿਚ, ਮੈਂ ਇਸੇ ਗਧੀਗੇੜ ਵਿਚ ਘੁੰਮੀ ਜਾ ਰਿਹਾ ਸੀ। ਮੈਂ ਇਸ ਤਕਲੀਫ਼ਦੇਹ ਅਤੇ ਫਜ਼ੂਲ ਕੰਮ ਵਿਚ ਦਿਨ ਰਾਤ ਬਿਤਾਇਆ ਕਰਦਾ ਸੀ। ਹੁਣ, ਰੱਬ ਤੁਹਾਡਾ ਭਲਾ ਕਰੇ ਤੁਸੀਂ ਹੀ ਮੈਨੂੰ ਦੱਸੋ ਕਿ ਇਹੋ ਜਿਹੇ ਵਿਅਕਤੀ ਨੂੰ ਭਲਾ ਕੌਣ ਚਾਹੁੰਦਾ ਹੈ ਅਤੇ ਦੁਨੀਆਂ ਵਿਚ ਉਹ ਕਿਸ ਕੰਮ ਦਾ ਹੈ? ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਿਉਂ ਵਾਪਰੀਆਂ ਹਨ? ਮੇਰੇ ਅੰਦਰ ਲੱਗੇ ਇਸ ਘੁਣ ਦਾ ਕਾਰਨ ਕੀ ਸੀ? ਕੌਣ ਜਾਣਦਾ ਹੈ? ਕੌਣ ਦੱਸ ਸਕਦਾ ਹੈ?

ਮੈਨੂੰ ਯਾਦ ਹੈ, ਮੈਂ ਇਕ ਵਾਰ ਬੱਘੀ ਵਿਚ ਮਾਸਕੋ ਨੂੰ ਜਾ ਰਿਹਾ ਸੀ। ਸੜਕ ਬਹੁਤ ਚੰਗੀ ਸੀ ਅਤੇ ਕੋਚਵਾਨ ਨੇ ਪੰਜਵਾਂ ਘੋੜਾ ਵੀ ਜੋੜ ਲਿਆ ਸੀ। ਇਹ ਨਾਖੁਸ਼ ਅਤੇ ਪੂਰੀ ਤਰ੍ਹਾਂ ਵਿਅਰਥ ਘੋੜੀ ਬੱਘੀ ਦੇ ਅਗਾਂਹ ਵਾਲੇ ਹਿੱਸੇ ਨਾਲ ਜੋੜੀ ਗਈ ਸੀ। ਇਸ ਨੂੰ ਜੋੜਣ ਲਈ ਛੋਟਾ ਜਿਹਾ ਰੱਸਾ ਸੀ ਜੋ ਬੇਰਹਿਮੀ ਨਾਲ ਉਸ ਦੇ ਪੱਟ ਅਤੇ ਪੂਛ ਨਾਲ ਘਸਰਦਾ ਸੀ ਅਤੇ ਉਸ ਦੇ ਅਤਿਅੰਤ ਅਸੁਭਾਵਿਕ ਢੰਗ ਨਾਲ ਦੌੜਣ ਦਾ ਕਾਰਨ ਬਣਦਾ ਸੀ, ਜਿਸ ਨਾਲ ਉਸ ਦਾ ਪੂਰਾ ਸਰੀਰ ਇੱਕ ਕੌਮੇ ਦੀ ਦੁਖਦੀ ਸ਼ਕਲ ਧਾਰਨ ਕਰ ਗਿਆ ਸੀ। ਉਸ 'ਤੇ ਮੈਨੂੰ ਬੜਾ ਤਰਸ ਆਇਆ ਅਤੇ ਮੈਂ ਕੋਚਵਾਨ ਨੂੰ ਕਿਹਾ ਕਿ ਉਹ ਪੰਜਵੇਂ ਘੋੜੇ ਬਿਨਾਂ ਵੀ ਤਾਂ ਕੰਮ ਚਲਾ ਸਕਦਾ ਸੀ। ਉਹ ਇਕ ਪਲ ਲਈ ਰੁਕਿਆ, ਆਪਣਾ ਸਿਰ ਹਿਲਾਇਆ ਅਤੇ ਗਰੀਬ ਜਾਨਵਰ 'ਤੇ ਛਾਂਟਿਆਂ ਦੀ ਬੁਛਾੜ ਕਰ ਦਿੱਤੀ ਅਤੇ ਹੱਸਦਿਆਂ ਕਹਿਣ ਲੱਗਾ:

"ਮੈਂ ਜਾਣਦਾ ਹਾਂ। ਫਿਰ ਅਸੀਂ ਇਸ ਨੂੰ ਕਿਉਂ ਘਸੀਟੀ ਫਿਰਦੇ ਹਾਂ!"

ਮੈਂ ਵੀ ਇਕ ਘਸੀਟਾ ਹਾਂ ਪਰ ਚੰਗੀ ਗੱਲ ਹੈ, ਸਟੇਸ਼ਨ ਬਹੁਤ ਦੂਰ ਨਹੀਂ ਹੈ।