ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

79

ਅਤੇ ਉਸ ਨੇ ਹੱਥ ਵਿਚ ਇੱਕ ਪੰਛੀਆਂ ਵਾਲਾ ਪਿੰਜਰਾ ਫੜਿਆ ਸੀ। ਮੈਂ ਆਮ ਦੀ ਤਰ੍ਹਾਂ ਥੋੜ੍ਹਾ ਜਿਹਾ ਪ੍ਰੇਸ਼ਾਨ ਹੋ ਗਿਆ ਪਰ ਮੈਂ ਥੋੜ੍ਹੀ ਜਿਹੀ ਹਿੰਮਤ ਜੁਟਾਈ ਅਤੇ ਆਪਣੀ ਮੌਜੂਦਗੀ ਦਾ ਪਤਾ ਦੇਣ ਲਈ ਹਲਕੇ ਜਿਹੇ ਖੰਘਿਆ। ਕੁੜੀ ਤੇਜ਼ੀ ਨਾਲ ਮੁੜੀ ਅਤੇ ਝਟਕੇ ਨਾਲ ਉਸ ਦੀਆਂ ਲੰਮੀਆਂ ਲਿਟਾਂ ਉਸ ਦੀਆਂ ਗੱਲ੍ਹਾਂ ਨਾਲ ਟਕਰਾ ਗਈਆਂ। ਮੈਨੂੰ ਵੇਖਦਿਆਂ ਹੀ ਉਸ ਨੇ ਸਿਰ ਨਿਵਾਇਆ। ਮੈਨੂੰ ਦਾਣਿਆਂ ਨਾਲ ਅੱਧਾ ਕੁ ਭਰਿਆ ਹੋਇਆ ਇਕ ਛੋਟਾ ਜਿਹਾ ਡੱਬਾ ਦਿਖਾਇਆ ਅਤੇ ਉਸ ਨੇ ਮੁਸਕਰਾ ਕੇ ਕਿਹਾ:

"ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ?"

ਮੈਂ ਨਿਮਰਤਾ ਦੇ ਤਕਾਜ਼ੇ ਅਨੁਸਾਰ ਆਪਣਾ ਸਿਰ ਝੁਕਾਇਆ ਅਤੇ ਉਸੇ ਸਮੇਂ ਤੇਜ਼ੀ ਨਾਲ ਝੁਕਿਆ ਅਤੇ ਗੋਡਿਆਂ ਨੂੰ ਸਿੱਧਾ ਕਰ ਦਿੱਤਾ, ਜਿਵੇਂ ਕਿਸੇ ਨੇ ਮੇਰੇ ਪਿੱਛੇ ਜੋੜਾਂ ਵਿਚ ਠੁੱਡਾ ਮਾਰ ਦਿੱਤਾ ਹੋਵੇ। ਇਸ ਅਦਾ ਨੂੰ ਚੰਗੀ ਸਿੱਖਿਆ ਅਤੇ ਸੁਹਣੇ ਸਮਾਜਿਕ ਸਲੀਕੇ ਦੀ ਅਲਾਮਤ ਸਮਝਿਆ ਜਾਂਦਾ ਹੈ। ਫਿਰ ਮੈਂ ਮੁਸਕਰਾਇਆ ਤੇ ਹਵਾ ਵਿਚ ਇਕ ਵਾਰ ਜਾਂ ਦੋ ਵਾਰ ਹੱਥ ਹਿਲਾਇਆ।

ਕੁੜੀ ਤੁਰੰਤ ਪਿੱਛੇ ਮੁੜੀ, ਪਿੰਜਰੇ ਵਿਚੋਂ ਇਕ ਛੋਟੇ ਜਿਹਾ ਗੱਤੇ ਦਾ ਟੁੱਕੜਾ ਬਾਹਰ ਕੱਢਿਆ ਅਤੇ ਚਾਕੂ ਨਾਲ ਇਸ ਨੂੰ ਜ਼ੋਰ-ਜ਼ੋਰ ਨਾਲ ਰਗੜਣ ਲੱਗੀ ਅਤੇ ਆਪਣੀ ਸਥਿਤੀ ਨੂੰ ਬਦਲੇ ਬਿਨਾਂ ਉਸ ਨੇ ਕਿਹਾ:

"ਇਹ ਮੇਰੇ ਪਿਤਾ ਜੀ ਦੀ ਲਾਲ ਚਿੜੀ ਹੈ। ਕੀ ਤੁਹਾਨੂੰ ਲਾਲ ਚਿੜੀਆਂ ਪਸੰਦ ਹਨ?"

"ਮੈਨੂੰ ਸਿਸਕਿਨਾਂ ਪਸੰਦ ਹਨ।"

"ਮੈਨੂੰ ਵੀ ਸਿਸਕਿਨਾਂ ਪਸੰਦ ਹਨ ਪਰ ਇਸ ਵੱਲ ਧਿਆਨ ਦਿਓ - ਕੀ ਇਹ ਸੁੰਦਰ ਨਹੀਂ ਹੈ? ਆਓ, ਇਸ ਨੂੰ ਦੇਖੋ, ਡਰੋ ਨਾ," ਉਸ ਨੇ ਅੱਗੇ ਕਿਹਾ, ਪਰ ਮੈਂ ਸੋਚ ਰਿਹਾ ਸੀ ਕਿ ਉਹ ਮੇਰੇ ਕੋਲੋਂ ਡਰਦੀ ਕਿਉਂ ਨਹੀਂ ਸੀ। "ਇਸ ਵੱਲ ਹੋਰ ਨੇੜੇ ਆ ਕੇ ਦੇਖੋ। ਇਸ ਦਾ ਨਾਮ ਪੋਪਕਾ ਹੈ।"

ਮੈਂ ਨੇੜੇ ਹੋ ਗਿਆ ਅਤੇ ਪੰਛੀ ਵੱਲ ਅੱਗੇ ਝੁਕਿਆ।

"ਕੀ ਇਹ ਸੋਹਣੀ ਨਹੀਂ?" ਉਸ ਨੇ ਮੇਰੇ ਵੱਲ ਮੁੜ ਕੇ ਕਿਹਾ।

ਅਸੀਂ ਇਕ-ਦੂਜੇ ਦੇ ਇੰਨੇ ਨੇੜੇ ਖੜ੍ਹੇ ਸੀ ਕਿ ਉਸ ਨੂੰ ਮੇਰੇ ਵੱਲ ਦੇਖਣ ਲਈ ਆਪਣਾ ਸਿਰ ਪਿੱਛੇ ਸੁੱਟਣਾ ਪੈਂਦਾ ਸੀ। ਮੈਂ ਉਸ ਦੇ ਨੈਣ-ਨਕਸ਼ਾਂ 'ਤੇ ਝਾਤ ਪਾਈ। ਉਸ ਦਾ ਭਰ ਜਵਾਨ, ਗੁਲਾਬੀ, ਸੁੰਦਰ ਚਿਹਰਾ ਏਨਾ ਜੀਵੰਤ ਮੁਸਕਰਾ ਰਿਹਾ ਸੀ ਕਿ ਮੈਂ ਵੀ ਮੁਸਕਰਾਏ ਬਿਨਾਂ ਨਾ ਰਹਿ ਸਕਿਆ