ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

80

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਅਤੇ ਮੁਸ਼ਕਿਲ ਨਾਲ ਆਪਣੇ-ਆਪ ਨੂੰ ਖੁਸ਼ੀ ਨਾਲ ਖੁੱਲ੍ਹ ਕੇ ਹੱਸਣ ਤੋਂ ਰੋਕ ਸਕਿਆ।

ਦਰਵਾਜ਼ਾ ਖੁੱੱਲ੍ਹ ਗਿਆ ਅਤੇ ਸ਼੍ਰੀਮਾਨ ਓਜੋਗਿਨ ਕਮਰੇ ਵਿਚ ਦਾਖ਼ਿਲ ਹੋ ਗਿਆ। ਮੈਂ ਇਕਦਮ ਖ਼ੁਸ਼ੀ-ਖ਼ੁਸ਼ੀ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ ਪਰ ਮੈਂ ਉੱਥੇ ਰਾਤ ਦੇ ਖਾਣੇ ਲਈ ਠਹਿਰ ਗਿਆ ਤੇ ਦੇਰ ਸ਼ਾਮ ਤਕ ਰਿਹਾ। ਅਗਲੇ ਦਿਨ ਜਦੋਂ ਮੈਂ ਦੁਬਾਰਾ ਓਜੋਗਿਨ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਕਮਜ਼ੋਰ ਨਜ਼ਰ ਵਾਲੇ ਸੁੱਕੜ ਜਿਹੇ ਅਰਦਲੀ ਨੇ ਘਰੇਲੂ ਮਿੱਤਰ ਵਜੋਂ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਸ ਨੇ ਓਵਰਕੋਟ ਉਤਾਰਨ ਵਿਚ ਮੇਰੀ ਮਦਦ ਕੀਤੀ।

ਇਕ ਫ਼ਾਲਤੂ ਆਦਮੀ ਦੇ ਤੌਰ 'ਤੇ, ਸ਼ਾਂਤੀਪੂਰਨ, ਘਰੇਲੂ ਜੀਵਨ ਦੀ ਕੋਈ ਯਾਦ ਨਾ ਹੋਣ ਕਾਰਨ, ਮੈਂ ਅਜੇ ਤਕ ਆਪਣਾ ਖ਼ੁਦ ਦਾ ਆਲ੍ਹਣਾ ਹੋਣ ਦੀ ਖੁਸ਼ੀ ਬਾਰੇ ਇਕ ਅਜਿਹੇ ਵਿਅਕਤੀ ਜਿਸ ਦੀਆਂ ਰੁਚੀਆਂ ਅਤੇ ਆਦਤਾਂ ਮੇਰੇ ਨਾਲ ਖ਼ਲਤ-ਮਲਤ ਹੋਣ, ਉਸ ਨਾਲ ਰੋਜ਼ਾਨਾ ਦੇ ਸੰਗ ਸਾਥ ਦੀ ਪ੍ਰਸੰਨਤਾ ਬਾਰੇ ਕਦੇ ਸੋਚਿਆ ਨਹੀਂ ਸੀ ਜੇ ਮੇਰੇ ਅੰਦਰ ਫੁੱਲ ਵਰਗੀ ਕੋਈ ਚੀਜ਼ ਸੀ ਅਤੇ ਜੇ ਇਹ ਕੋਈ ਘਸਿਆ ਹੋਇਆ ਅਲੰਕਾਰ ਨਹੀਂ ਸੀ, ਤਾਂ ਮੈਂ ਆਖਾਂਗਾ ਕਿ ਮੈਂ ਲੀਜ਼ਾ ਨਾਲ ਆਪਣੀ ਮੁਲਾਕਾਤ ਦੇ ਪਹਿਲੇ ਦਿਨ ਤੋਂ ਹੀ ਖਿੜਿਆ ਹੋਇਆ ਸੀ। ਮੇਰੇ ਅੰਦਰ ਅਤੇ ਆਲੇ-ਦੁਆਲੇ ਹਰ ਚੀਜ਼ ਨੇ ਇਕ ਨਵਾਂ ਪਹਿਲੂ ਧਾਰਨ ਕਰ ਲਿਆ ਸੀ। ਮੇਰੀ ਸਾਰੀ ਜ਼ਿੰਦਗੀ ਪਿਆਰ ਨਾਲ ਚਮਕ ਪਈ- ਹਾਂ, ਮੇਰੀ ਪੂਰੀ ਜ਼ਿੰਦਗੀ। ਇਕ ਹਨੇਰੇ ਅਤੇ ਉਜਾੜ ਕਮਰੇ ਦੀ ਤਰ੍ਹਾਂ ਜਿਸ ਵਿਚ ਅਚਾਨਕ ਇਕ ਮੋਮਬੱਤੀ ਜਲਾ ਦਿੱਤੀ ਹੋਵੇ, ਉਸੇ ਤਰ੍ਹਾਂ ਮੇਰਾ ਜੀਵਨ ਅਚਾਨਕ ਚਮਕ ਪਿਆ ਸੀ। ਇਹ ਸਭ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਸੀ, ਜਿਵੇਂ ਕਿ ਮੇਰਾ ਸੌਣਾ, ਭੋਜਨ ਕਰਨਾ, ਸਿਗਾਰ ਪੀਣਾ ਆਦਿ। ਇੱਥੋਂ ਤਕ ਕਿ ਮੇਰੀ ਚਾਲ ਆਮ ਨਾਲੋਂ ਹਲਕੀ ਹੋ ਗਈ ਸੀ, ਇਉਂ ਮਹਿਸੂਸ ਹੁੰਦਾ ਜਿਵੇਂ ਮੇਰੇ ਮੋਢਿਆਂ 'ਤੇ ਖੰਭ ਉੱਗ ਆਏ ਹੋਣ।

ਐਲਿਜ਼ਬੈਥ ਕਿਰੀਲੋਵਨਾ ਨੇ ਮੇਰੇ ਅੰਦਰ ਜੋ ਮੁਹੱਬਤ ਜਗਾਈ ਸੀ ਉਸ ਦੇ ਸੰਬੰਧ ਵਿਚ ਮੈਨੂੰ ਇਕ ਪਲ ਲਈ ਵੀ ਕਦੇ ਸ਼ੱਕ ਨਹੀਂ ਹੋਇਆ ਸੀ। ਮੈਂ ਪਹਿਲੀ ਵਾਰ ਉਸ ਨੂੰ ਦੇਖਣ ਸਾਰ ਉਸ ਦੇ ਪਿਆਰ ਵਿਚ ਦੀਵਾਨਾ ਹੋ ਗਿਆ। ਮੈਨੂੰ ਪਤਾ ਸੀ ਕਿ ਮੈਂ ਉਸ ਦੇ ਪਿਆਰ ਵਿਚ ਦੀਵਾਨਾ ਸੀ ਅਤੇ ਤਿੰਨ ਹਫ਼ਤੇ ਮੈਂ ਹਰ ਰੋਜ਼ ਉਸ ਨਾਲ ਮੁਲਾਕਾਤ ਕਰਦਾ ਰਿਹਾ। ਮੇਰੇ ਜੀਵਨ ਵਿਚ ਇਹ ਤਿੰਨ ਹਫ਼ਤੇ ਸਭ ਤੋਂ ਵੱਧ ਖੁਸ਼ੀਆਂ ਵਾਲੇ ਸਨ ਪਰ ਉਨ੍ਹਾਂ ਦੀ ਯਾਦ ਭਾਰੀ ਹੈ, ਬਹੁਤ ਹੀ ਭਾਰੀ। ਮੈਂ ਕੇਵਲ ਉਨ੍ਹਾਂ ਬਾਰੇ ਨਹੀਂ ਸੋਚ ਸਕਦਾ।