ਪੰਨਾ:Mumu and the Diary of a Superfluous Man.djvu/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

81

ਉਨ੍ਹਾਂ ਖੁਸ਼ੀ ਭਰੇ ਦਿਹਾੜਿਆਂ ਦੀ ਯਾਦ ਦੇ ਨਾਲ-ਨਾਲ ਬਾਅਦ ਵਿਚ ਜੋ ਕੁਝ ਵੀ ਵਾਪਰਿਆ, ਉਹ ਵੀ ਮੇਰੇ ਮਨ ਅੰਦਰ ਜਾਗ ਪੈਂਦਾ ਹੈ ਅਤੇ ਮੇਰਾ ਦਿਲ ਜੋ ਖੁਸ਼ੀ ਦੀ ਯਾਦ ਵਿਚ ਕੋਮਲ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਦੀ ਬਦਕਿਸਮਤੀ ਦੇ ਭਾਰ ਨਾਲ ਨਪੀੜਿਆ ਜਾਂਦਾ ਹੈ।

ਇਹ ਇਕ ਵਿਖਿਆਤ ਤੱਥ ਹੈ ਕਿ ਜਦੋਂ ਕੋਈ ਵਿਅਕਤੀ ਬਹੁਤ ਚੰਗਾ ਮਹਿਸੂਸ ਕਰਦਾ ਹੈ ਤਾਂ ਉਸ ਦਾ ਦਿਮਾਗ਼ ਬਹੁਤ ਘੱਟ ਕੰਮ ਕਰਦਾ ਹੈ। ਕੋਈ ਬਹੁਤਾ ਸਰਗਰਮ ਨਹੀਂ ਹੁੰਦਾ ਇਕ ਸ਼ਾਂਤ, ਸੁਆਦੀ ਅਤੇ ਸੰਤੁਸ਼ਟੀ ਦਾ ਅਹਿਸਾਸ ਉਸ ਦੇ ਪੂਰੇ ਵਜੂਦ ਵਿਚ ਫੈਲ ਜਾਂਦਾ ਹੈ। ਉਸ ਨੂੰ ਨਿਗਲ ਜਾਂਦਾ ਹੈ। ਉਸ ਵਿਚੋਂ ਨਿੱਜੀ ਜੀਵਨ ਦੀ ਚੇਤਨਾ ਖ਼ਤਮ ਹੋ ਜਾਂਦੀ ਹੈ। "ਉਹ ਅਥਾਹ ਨਸ਼ੇ ਵਿਚ ਹੁੰਦਾ ਹੈ,"ਜਿਵੇਂ ਕਿ ਅੱਧਪੜ੍ਹ ਕਵੀ ਕਿਹਾ ਕਰਦੇ ਹਨ ਪਰ ਜਦ ਆਖ਼ਿਰ "ਨਸ਼ੇ ਦੀਆਂ ਘੜੀਆਂ" ਬੀਤ ਜਾਂਦੀਆਂ ਹਨ ਤਾਂ ਕਈ ਵਾਰੀ ਉਹ ਉਦਾਸ ਮਹਿਸੂਸ ਕਰਦਾ ਹੈ ਕਿ ਉਸ ਨੇ ਖੁਸ਼ੀ ਦੇ ਸਮੇਂ ਵਿਚ ਏਨਾ ਘੱਟ ਕਿਉਂ ਸੋਚਿਆ ਸੀ ਕਿ ਉਸ ਨੇ ਸੋਚ ਵਿਚਾਰ ਕੇ ਆਪਣੀਆਂ ਖੁਸ਼ੀਆਂ ਦੀ ਉਮਰ ਨੂੰ ਵਧਾ ਕਿਉਂ ਨਹੀਂ ਲਿਆ ਸੀ, ਜਿਵੇਂ ਕਿਸੇ ਆਦਮੀ ਨੂੰ "ਪ੍ਰਸੰਨਤਾ" ਕਦੇ ਰੁਕਣ ਅਤੇ ਸੋਚਣ ਦਾ ਸਮਾਂ ਦਿੰਦੀ ਹੋਵੇ ਜਾਂ ਜਿਵੇਂ ਇਸ ਤਰ੍ਹਾਂ ਕਰਨਾ ਉਸ ਦੇ ਵੱਸ ਦੀ ਗੱਲ ਹੋਵੇ। ਇਕ ਆਦਮੀ "ਪ੍ਰਸੰਨਤਾ ਵਿਚ" ਇਕ ਧੁੱਪ ਸੇਕਦੀ ਮੱਖੀ ਵਾਂਗ ਹੁੰਦਾ ਹੈ।

ਇਹ ਕਾਰਨ ਹੈ ਕਿ ਮੈਨੂੰ ਮੇਰੀ ਆਪਣੀ ਯਾਦਾਸ਼ਤ ਵਿਚ ਮੇਰੇ ਉੱਤੇ ਮੁਹੱਬਤ ਦੀ ਛਾਪ ਦਾ ਕੋਈ ਸਪਸ਼ਟ ਅਤੇ ਨਿਸ਼ਚਤ ਵਿਚਾਰ ਨਹੀਂ ਮਿਲ ਸਕਦਾ। ਇਸ ਤੋਂ ਇਲਾਵਾ, ਉਸ ਸਮੇਂ ਦੌਰਾਨ ਸਾਡੇ ਦਰਮਿਆਨ ਕੁਝ ਵੀ ਖ਼ਾਸ ਨਹੀਂ ਹੋਇਆ। ਇਹ ਵੀਹ ਦਿਨ ਮੇਰੇ ਉਦਾਸ ਨਾ-ਖੁਸ਼ਗਵਾਰ ਜੀਵਨ ਵਿਚ ਕਿਸੇ ਨਿੱਘੇ, ਜਵਾਨ ਤੇ ਸੁਗੰਧਿਤ ਅਹਿਸਾਸ ਵਾਂਗ ਰੋਸ਼ਨੀ ਦੀ ਇਕ ਤਰ੍ਹਾਂ ਦੀ ਲੀਕ ਵਾਂਗ ਸਨ ਪਰ ਮੇਰੀ ਯਾਦਾਸ਼ਤ ਬੇਰਹਿਮੀ ਨਾਲ ਸਹੀ ਅਤੇ ਸਪਸ਼ਟ ਹੋ ਜਾਂਦੀ ਹੈ ਜਦ ਮੈਂ ਉਸ ਸਮੇਂ ਬਾਰੇ ਸੋਚਦਾ ਹਾਂ ਜਦੋਂ "ਬਦਕਿਸਮਤੀ ਦੇ ਧਮਾਕੇ ਮੇਰੇ ਸਿਰ ਉੱਤੇ ਪੈਣੇ ਸ਼ੁਰੂ ਹੋਏ" ਜੇ ਉਨ੍ਹਾਂ ਹੀ ਅੱਧਪੜ੍ਹ ਕਵੀਆਂ ਦੀ ਭਾਸ਼ਾ ਵਿਚ ਗੱਲ ਕੀਤੀ ਜਾਵੇ।

ਹਾਂ, ਉਹ ਤਿੰਨ ਹਫ਼ਤੇ! ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਮੇਰੀ ਯਾਦਾਸ਼ਤ ਵਿਚ ਕੋਈ ਤਸਵੀਰਾਂ ਨਹੀਂ ਛੱਡੀਆਂ। ਕਈ ਵਾਰ ਜਦੋਂ ਮੈਂ ਉਨ੍ਹਾਂ ਬਾਰੇ ਲੰਮੇ ਸਮੇਂ ਤਕ ਸੋਚਦਾ ਰਹਿੰਦਾ ਹਾਂ ਤਾਂ ਕੁਝ ਯਾਦਾਂ ਧੁੰਦਲੇ ਅਤੀਤ ਵਿਚੋਂ ਤੈਰ ਕੇ ਬਾਹਰ ਨਿਕਲ ਆਉਂਦੀਆਂ ਹਨ ਜਿਵੇਂ ਇਕ ਵਿਅਕਤੀ ਨੂੰ ਆਸਮਾਨ ਵਿਚ ਇਕ ਜਗ੍ਹਾ 'ਤੇ ਅੱਖਾਂ ਗੱਡ ਦੇਣ ਨਾਲ ਨਵੇਂ ਸਿਤਾਰੇ ਦਿੱਖਣ ਲੱਗ ਪੈਂਦੇ ਹਨ। ਮੈਨੂੰ ਖ਼ਾਸ ਤੌਰ 'ਤੇ ਇਕ ਯਾਦ ਹੈ।