ਪੰਨਾ:Mumu and the Diary of a Superfluous Man.djvu/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

82

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਸੈਰ ਜੋ ਅਸੀਂ ਇਕ ਜੰਗਲ ਵਿਚ ਇਕੱਠਿਆਂ ਕੀਤੀ ਸੀ। ਅਸੀਂ ਚਾਰ ਜਣੇ ਸੀ। ਸ਼੍ਰੀਮਤੀ ਓਜੋਗਿਨ, ਲੀਜ਼ਾ, ਮੈਂ, ਅਤੇ ਇਕ ਓ---ਸ਼ਹਿਰ ਦਾ ਚੌਥੇ ਜਾਂ ਪੰਜਵੇਂ ਦਰਜੇ ਦਾ ਅਫ਼ਸਰ ਜਿਸ ਦਾ ਚਿਹਰਾ ਸੋਹਣਾ, ਸੁਭਾਅ ਨਿੱਘਾ ਅਤੇ ਨਿੱਕੇ ਜਿਹੇ ਕੱਦ ਵਾਲਾ ਬਿਜ਼ਮਨਕੋਫ ਨਾਮ ਦਾ ਆਦਮੀ। ਮੈਨੂੰ ਉਸ ਦੀ ਗੱਲ ਆਪਣੀ ਕਹਾਣੀ ਤੋਂ ਬਾਅਦ ਕਰਨੀ ਪਵੇਗੀ। ਸ਼੍ਰੀ ਓਜੋਗਿਨ ਖ਼ੁਦ ਪਾਰਟੀ ਦਾ ਹਿੱਸਾ ਨਹੀਂ ਸੀ। ਉਹ ਦੁਪਹਿਰ ਨੂੰ ਦੇਰ ਤਕ ਡੂੰਘੀ ਨੀਂਦ ਸੌਂ ਗਿਆ ਸੀ। ਸਿਰ ਦਰਦ ਹੋਣ ਲੱਗ ਪਿਆ ਸੀ ਅਤੇ ਬਾਹਰ ਜਾ ਨਹੀਂ ਸਕਦਾ ਸੀ। ਸੁੰਦਰ ਦਿਨ ਸੀ, ਹਵਾ ਸ਼ਾਂਤ ਤੇ ਅਸਮਾਨ ਸਾਫ਼ ਸੀ।

ਮੈਨੂੰ ਇੱਥੇ ਇਹ ਟਿੱਪਣੀ ਕਰਨੀ ਚਾਹੀਦੀ ਹੈ ਕਿ ਜਨਤਕ ਬਾਗ਼-ਬਗੀਚਿਆਂ ਨਾਲ ਰੂਸੀ ਲੋਕਾਂ ਦੀ ਰੂਹ ਨੂੰ ਘੱਟ ਹੀ ਰਾਸ ਆਉਂਦੇ ਹਨ। ਵੱਡੇ ਸ਼ਹਿਰਾਂ ਦੇ ਅਖੌਤੀ ਜਨਤਕ ਬਾਗ਼ਾਂ ਵਿਚ ਤੁਹਾਨੂੰ ਕਦੇ ਵੀ ਇਕ ਜੀਵੰਤ ਰੂਹ ਨਹੀਂ ਮਿਲੇਗੀ, ਸਿਵਾਏ ਕਈ ਵਾਰ ਕਿਸੇ ਬਿਮਾਰ ਰੁੱਖ ਦੇ ਨੇੜੇ ਹਰੇ ਰੰਗ ਦੀ ਬੈਂਚ ਉੱਤੇ ਰਾਮ ਕਰਨ ਲਈ ਬੈਠੀ ਖੰਘ ਰਹੀ ਅਤੇ ਕਰਾਹ ਰਹੀ ਬੁੱਢੀ ਔਰਤ ਤੋਂ ਬਿਨਾਂ ਪਰ ਜੇ ਉਸ ਨੂੰ ਨੇੜੇ ਕਿਸੇ ਘਰ ਦੇ ਗੇਟ 'ਤੇ ਗੰਦਾ ਛੋਟਾ ਜਿਹਾ ਬੈਂਚ ਮਿਲ ਜਾਂਦਾ ਤਾਂ ਸ਼ਾਇਦ ਉਹ ਵੀ ਉੱਥੇ ਨਾ ਹੁੰਦੀ। ਅਗਰ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਵਿਚ ਬਰਚ ਦੇ ਦਰੱਖਤਾਂ ਦਾ ਇਕ ਛੋਟਾ ਜਿਹਾ ਜੰਗਲ ਹੋਵੇ। ਸਾਰੇ ਵਪਾਰੀ, ਕਈ ਵਾਰ ਇੱਥੋਂ ਦੇ ਸਰਕਾਰੀ ਅਧਿਕਾਰੀ ਵੀ ਐਤਵਾਰ ਅਤੇ ਛੁੱਟੀ ਵਾਲੇ ਦਿਨ ਉੱਥੇ ਜ਼ਰੂਰ ਜਾਂਦੇ ਹਨ। ਉਹ ਆਪਣੀਆਂ ਚਾਹ-ਕੇਤਲੀਆਂ, ਕੇਕ ਅਤੇ ਖਾਣ-ਪੀਣ ਦਾ ਹੋਰ ਸਾਮਾਨ ਨਾਲ ਲੈ ਕੇ ਜਾਂਦੇ ਹਨ। ਸੜਕ ਦੇ ਬਿਲਕੁਲ ਨਜ਼ਦੀਕ ਧੂੜ ਲੱਤੇ ਘਾਹ 'ਤੇ ਇਹ ਸਾਰੀਆਂ ਨੇਹਮਤਾਂ ਟਿਕਾ ਲੈਂਦੇ ਹਨ ਅਤੇ ਰਾਤ ਪੈਣ ਤਕ ਚਾਹ ਪੀਂਦੇ ਅਤੇ ਖਾਂਦੇ ਰਹਿੰਦੇ ਹਨ।

ਬਸ ਇਸ ਤਰ੍ਹਾਂ ਦਾ ਜੰਗਲ ਓ--- ਸ਼ਹਿਰ ਦੇ ਨੇੜੇ, ਸ਼ਹਿਰ ਤੋਂ ਲਗਭਗ ਦੋ ਵਰਸਟ ਦੂਰ ਮੌਜੂਦ ਸੀ। ਸਾਡੀ ਟੋਲੀ ਨੇ ਡਿਨਰ ਦੇ ਬਾਅਦ ਉੱਥੇ ਜਾ ਡੇਰੇ ਲਾਏ। ਅਸੀਂ ਚਾਹ ਪੀਤੀ ਅਤੇ ਬਾਅਦ ਵਿਚ - ਜਿਵੇਂ ਕਿ ਰਿਵਾਜ਼ ਹੈ - ਜੰਗਲ ਵਿਚ ਟਹਿਲਣ ਲਈ ਚਲੇ ਗਏ। ਬਿਜ਼ਮਨਕੋਫ ਨੇ ਆਪਣੀ ਬਾਂਹ ਮਿਸਜ਼ ਓਜੋਗਿਨ ਨੂੰ ਦੇ ਦਿੱਤੀ ਅਤੇ ਮੈਂ ਲੀਜ਼ਾ ਨੂੰ ਨਾਲ ਲੈ ਲਿਆ। ਦਿਨ ਛਿਪਣਾ ਸ਼ੁਰੂ ਹੋ ਗਿਆ ਸੀ। ਉਦੋਂ ਮੈਨੂੰ ਪਹਿਲੇ ਪਿਆਰ ਦੀ ਚੰਗੀ ਗਰਮੀ ਸੀ। (ਉਸ ਨਾਲ ਮੁਹੱਬਤ ਹੋ ਜਾਣ ਤੋਂ ਬਾਅਦ ਅਜੇ ਸਿਰਫ ਪੰਦਰਾਂ ਦਿਨ ਹੋਏ ਸੀ।) ਮੈਂ ਉਸ ਭਾਵਨਾਤਮਕ ਅਰਾਧਨਾ ਦੀ ਅਵਸਥਾ ਵਿਚ ਸੀ ਜਦੋਂ ਪ੍ਰੇਮੀ ਦੀ ਰੂਹ ਆਪ-ਮੁਹਾਰੇ ਅਤੇ ਅਨਭੋਲ ਹੀ