ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

86

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਏਨੀ ਹਾਵੀ ਸੀ ਮੇਰੀ ਭਾਵਨਾ। ਸਾਡੀ ਬੱਘੀ ਦਰੱਖ਼ਤਾਂ ਦੇ ਤਣਿਆਂ ਵਿਚਕਾਰ ਆ ਗਈ। ਡਰਾਈਵਰ ਹੌਲੀ-ਹੌਲੀ ਸਾਡੇ ਵੱਲ ਆਇਆ। ਅਸੀਂ ਰੇਤ ਵਿਚ ਪਹੀਆਂ ਦੀ ਕਿਰਚ-ਕਿਰਚ ਨੂੰ ਸੁਣ ਸਕਦੇ ਸਾਂ।

"ਅਲਿਜ਼ਾਬੈਥ ਕਿਰੀਲੋਵਨਾ," ਆਖ਼ਿਰਕਾਰ ਮੈਂ ਕਿਹਾ, "ਤੁਹਾਨੂੰ ਰੋਣ ਕਿਉਂ ਆ ਗਿਆ?"

"ਮੈਨੂੰ ਨਹੀਂ ਪਤਾ," ਇਕ ਪਲ ਦੀ ਚੁੱਪੀ ਦੇ ਬਾਅਦ ਉਹ ਬੋਲੀ ਅਤੇ ਉਸ ਨੇ ਮੈਨੂੰ ਅਜੇ ਵੀ ਅੱਥਰੂਆਂ ਨਾਲ ਭਿੱਜੀਆਂ ਕੋਮਲ, ਸਲੇਟੀ ਰੰਗੀਆਂ ਅੱਖਾਂ ਨਾਲ ਦੇਖਿਆ। ਮੈਨੂੰ ਜਾਪਿਆ ਕਿ ਉਸ ਦੀ ਤੱਕਣੀ ਪੂਰੀ ਤਰ੍ਹਾਂ ਬਦਲੀ-ਬਦਲੀ ਸੀ।

"ਮੈਂ ਵੇਖ ਰਿਹਾ ਹਾਂ ਕਿ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ," ਮੈਂ ਗੱਲ ਅੱਗੇ ਤੋਰੀ। ਮੇਰੀ ਭਾਵਨਾ ਏਨੀ ਪ੍ਰਬਲ ਸੀ ਕਿ ਮੈਂ ਇਹ ਕੁਝ ਸ਼ਬਦ ਮਸਾਂ ਉਚਾਰ ਸਕਿਆ ਪਰ ਇਹ ਨਹੀਂ ਸੀ ਜੋ ਮੈਂ ਕਹਿਣਾ ਚਾਹੁੰਦਾ ਸੀ। ਉਸ ਨੇ ਸਹਿਮਤੀ ਵਜੋਂ ਚੁੱਪ-ਚਾਪ ਆਪਣਾ ਸਿਰ ਹਿਲਾਇਆ। ਮੈਂ ਇਕ ਸ਼ਬਦ ਵੀ ਹੋਰ ਨਾ ਬੋਲ ਸਕਿਆ। ਮੈਂ ਧੁਰ ਅੰਦਰੋਂ ਕੁਝ ਉਮੀਦ ਕਰਦਾ ਸੀ। ਪਿਆਰ ਦੇ ਇਕਬਾਲ ਦੀ ਨਹੀਂ? ਮੈਂ ਇਕ ਪ੍ਰਸ਼ਨ ਕਰਨ ਲਈ ਭਰੋਸੇਯੋਗ ਤੱਕਣੀ ਦੀ ਉਡੀਕ ਕੀਤੀ ਪਰ ਲੀਜ਼ਾ ਨੇ ਜ਼ਮੀਨ ਵੱਲ ਦੇਖਣ ਲੱਗੀ ਅਤੇ ਚੁੱਪ ਹੋ ਗਈ। ਮੈਂ ਫੇਰ ਘੁਸਰ-ਮੁਸਰ ਜਿਹੀ ਵਿਚ ਪੁੱਛਿਆ, "ਕਿਉਂ?" ਪਰ ਕੋਈ ਜਵਾਬ ਨਾ ਮਿਲਿਆ। ਮੈਂ ਦੇਖਿਆ ਕਿ ਉਸ ਨੂੰ ਔਖ ਜਿਹੀ ਮਹਿਸੂਸ ਹੋ ਰਹੀ ਸੀ। ਉਹ ਸ਼ਰਮਾ ਹੀ ਗਈ। ਪੰਦਰਾਂ ਮਿੰਟ ਬਾਅਦ ਅਸੀਂ ਸਾਰੇ ਬੱਘੀ ਵਿਚ ਬੈਠੇ ਸੀ। ਸਾਡੇ ਘੋੜੇ ਸੜਕ ਉੱਤੇ ਦੁੜਕੀ ਚਾਲ ਪੈ ਗਏ ਸਨ ਅਤੇ ਅਸੀਂ ਘੁਸਮੁਸੇ ਤੇ ਸਿੱਲ੍ਹੀ ਹਵਾ ਨੂੰ ਚੀਰਦੇ ਸ਼ਹਿਰ ਵੱਲ ਮੁੜ ਪਏ। ਮੈਂ ਅਚਾਨਕ ਬਹੁਤ ਹੀ ਜ਼ਿਆਦਾ ਗੱਲਾਂ ਕਰਨ ਲੱਗ ਪਿਆ। ਬਿਜ਼ਮਨਕੋਫ ਨੂੰ ਅਤੇ ਸ਼੍ਰੀਮਤੀ ਓਜੋਗਿਨ ਨੂੰ ਬਹੁਤ ਗੱਲਾਂ ਸੁਣਾਈਆਂ। ਲੀਜ਼ਾ ਵੱਲ ਨਹੀਂ ਦੇਖਿਆ ਪਰ ਮੈਂ ਦੇਖਿਆ ਕਿ ਉਸ ਨੇ ਬੱਘੀ ਦੇ ਆਪਣੇ ਕੋਨੇ ਤੋਂ ਉਸ ਵੱਲ ਇਕ ਵਾਰ ਵੀ ਨਹੀਂ ਦੇਖਿਆ ਸੀ। ਘਰ ਜਾਕੇ ਲੀਜ਼ਾ ਨੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਕਾਇਮ ਕੀਤਾ ਪਰੰਤੂ ਮੇਰੇ ਨਾਲ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਅਤੇ ਛੇਤੀ ਸੌਣ ਲਈ ਚਲੀ ਗਈ। ਇਹ ਸੰਕਟ ਜਿਸ ਸੰਕਟ ਦੀ ਮੈਂ ਪਹਿਲਾਂ ਗੱਲ ਕੀਤੀ ਸੀ - ਉਸ 'ਤੇ ਬੀਤ ਗਿਆ ਸੀ। ਉਹ ਹੁਣ ਇਕ ਕੁੜੀ ਨਹੀਂ ਰਹੀ ਸੀ ਅਤੇ ਮੇਰੇ ਵਾਂਗ ਕੁਝ ਉਮੀਦ ਕਰਨ ਲੱਗ ਪਈ ਸੀ ਪਰ ਉਸ ਨੂੰ ਬਹੁਤਾ ਚਿਰ ਇੰਤਜ਼ਾਰ ਕਰਨਾ ਨਹੀਂ ਪਿਆ ਸੀ।

ਮੈਂ ਉਸ ਰਾਤ ਪੂਰਾ ਨਸ਼ਿਆਇਆ ਘਰ ਵਾਪਸ ਆ ਗਿਆ। ਪਹਿਲਾਂ ਮੇਰੇ ਦਿਲ ਵਿਚ ਇਕ ਮੱਧਮ ਜਿਹੀ ਭਾਵਨਾ ਸੀ ਜੋ ਕਿਸੇ ਬੁਰਾਈ ਦੀ ਪੂਰਵ-ਟੋਹ ਜਾਂ ਸ਼ੰਕੇ ਨਾਲ ਮਿਲਦੀ ਜੁਲਦੀ ਸੀ